ਇਕ ਦਿਨ ਸੁਭਾਸ਼ ਚੰਦਰ ਬੋਸ ਨੂੰ ਆਪਣੇ ਦੋਸਤ ਦਾ ਟੈਲੀਗ੍ਰਾਮ ਮਿਲਿਆ, ਜਿਸ ਵਿਚ ਲਿਖਿਆ ਸੀ, ‘‘ਵਧਾਈ ਹੋਵੇ, ਅੱਜ ਦਾ ਮੌਰਨਿੰਗ ਪੋਸਟ ਦੇਖੋ।’’
ਸੁਭਾਸ਼ ਨੇ ਮੌਰਨਿੰਗ ਪੋਸਟ ਦੇਖਿਆ ਤਾਂ ਪਤਾ ਲੱਗਾ ਕਿ ਸਿਵਲ ਸੇਵਾ ਪ੍ਰੀਖਿਆ ਵਿਚ ਉਹ ਚੌਥੇ ਨੰਬਰ ’ਤੇ ਸਨ। ਦੇਖਦੇ ਹੀ ਦੇਖਦੇ ਉਨ੍ਹਾਂ ਕੋਲ ਵਧਾਈਆਂ ਵੀ ਪਹੁੰਚਣ ਲੱਗੀਆਂ। ਉਨ੍ਹਾਂ ਨੇ ਆਪਣੇ ਭਰਾ ਸ਼ਰਤ ਨੂੰ ਜਵਾਬੀ ਚਿੱਠੀ ਵਿਚ ਲਿਖਿਆ, ‘‘ਮੇਰੇ ਕੋਲ ਆਈ. ਸੀ. ਐੱਸ. ਦੀ ਪ੍ਰੀਖਿਆ ਵਿਚ ਸਫਲਤਾ ਨੂੰ ਲੈ ਕੇ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ ਪਰ ਮੇਰੇ ਮਨ ਵਿਚ ਸਰਕਾਰੀ ਨੌਕਰੀ ਨੂੰ ਲੈ ਕੇ ਕੋਈ ਖੁਸ਼ੀ ਨਹੀਂ। ਜੇ ਮੈਂ ਇਸ ਨੌਕਰੀ ਲਈ ਹਾਮੀ ਭਰੀ ਵੀ ਤਾਂ ਇਹ ਮਨ ਮਾਰ ਕੇ ਕੀਤਾ ਗਿਆ ਕੰਮ ਹੀ ਹੋਵੇਗਾ।’’
ਉਨ੍ਹਾਂ ਨੇ ਅੱਗੇ ਲਿਖਿਆ, ‘‘ਬੇਸ਼ੱਕ ਅਜਿਹਾ ਕਰਨ ’ਤੇ ਜ਼ਿੰਦਗੀ ਭਰ ਲਈ ਇਕ ਮੋਟੀ ਤਨਖਾਹ ਤੇ ਫਿਰ ਚੰਗੀ ਪੈਨਸ਼ਨ ਦਾ ਇੰਤਜ਼ਾਮ ਹੋ ਜਾਵੇਗਾ। ਜੇ ਕਿਤੇ ਮੈਂ ਖੁਦ ਨੂੰ ਹੱਦ ਦਰਜੇ ਦਾ ਵਫਾਦਾਰ ਸਾਬਿਤ ਕਰਨ ਵਿਚ ਕਾਮਯਾਬ ਰਿਹਾ ਤਾਂ ਮੇਰੇ ਕਮਿਸ਼ਨਰ ਬਣ ਜਾਣ ਦੀ ਵੀ ਪੂਰੀ ਸੰਭਾਵਨਾ ਹੋਵੇਗੀ ਪਰ ਕੀ ਇਹੋ ਸਭ ਕਰਦੇ-ਕਰਦੇ ਆਪਣੀ ਜ਼ਿੰਦਗੀ ਗੁਜ਼ਾਰ ਲੈਣੀ ਸਿਆਣਪ ਹੋਵੇਗੀ। ਇਸ ਸਰਵਿਸ ਨੂੰ ਅਪਣਾਉਣ ਤੋਂ ਬਾਅਦ ਇਨਸਾਨ ਨੂੰ ਜ਼ਿੰਦਗੀ ਵਿਚ ਕਿਸੇ ਵੀ ਕਿਸਮ ਦਾ ਜੋਖਮ ਨਹੀਂ ਲੈਣਾ ਪੈਂਦਾ ਪਰ ਮੈਂ ਕੀ ਕਰਾਂ? ਮੇਰੇ ਵਰਗੇ ਪੁੱਠੇ ਦਿਮਾਗ ਵਾਲੇ ਵਿਅਕਤੀ ਲਈ ‘ਘੱਟ ਤੋਂ ਘੱਟ ਜੋਖਮ’ ਵਾਲਾ ਰਸਤਾ ਸਭ ਤੋਂ ਜ਼ਿਆਦਾ ਦੁੱਖਦਾਇਕ ਲੱਗਦਾ ਹੈ।’’
ਸੁਭਾਸ਼ ਨੇ ਲਿਖਿਆ, ‘‘ਜੇ ਜੀਵਨ ਵਿਚ ਸੰਘਰਸ਼ ਨਾ ਹੋਵੇ ਤਾਂ ਜਿਊਣ ’ਚ ਸਵਾਹ ਮਜ਼ਾ ਆਏਗਾ? ਆਪਣੇ ਸੁਭਾਅ ਨੂੰ ਦੇਖਦਿਆਂ ਮੈਨੂੰ ਸ਼ੱਕ ਹੈ ਕਿ ਮੈਂ ਸਿਵਲ ਸਰਵਿਸ ਲਈ ਢੁੱਕਵਾਂ ਉਮੀਦਵਾਰ ਸਾਬਿਤ ਹੋ ਸਕਾਂਗਾ। ਮੈਨੂੰ ਲੱਗਦਾ ਹੈ ਕਿ ਜੋ ਥੋੜ੍ਹਾ-ਬਹੁਤ ਹੁਨਰ ਮੇਰੇ ਕੋਲ ਹੈ, ਉਨ੍ਹਾਂ ਨੂੰ ਕਿਸੇ ਹੋਰ ਕੰਮ ਵਿਚ ਲਾ ਕੇ ਮੈਂ ਜ਼ਿਆਦਾ ਭਲਾ ਕਰ ਸਕਦਾ ਹਾਂ।’’
ਸੁਭਾਸ਼ ਨੇ ਇਸ ਚਿੱਠੀ ਨਾਲ ਆਈ. ਸੀ. ਐੱਸ. ਸੇਵਾ ਜੁਆਇਨ ਨਾ ਕਰਨ ਦੀ ਇੱਛਾ ਭਰਾ ਨੂੰ ਦੱਸ ਦਿੱਤੀ ਸੀ। ਉਹ ਅੰਗਰੇਜ਼ੀ ਰਾਜ ਵਿਚ ਕੰਮ ਕਰਨ ਵਾਲਿਆਂ ਵਿਚੋਂ ਨਹੀਂ, ਸਗੋਂ ਇੱਛਾ ਨਾਲ ਮਾਤ-ਭੂਮੀ ਦੀ ਆਜ਼ਾਦੀ ਖਾਤਰ ਆਪਣਾ ਸਭ ਕੁਝ ਸਮਰਪਿਤ ਕਰਨ ਵਾਲਿਆਂ ਵਿਚੋਂ ਇਕ ਸਨ।
ਵਿਗੜੇ ਕੰਮਾਂ ਨੂੰ ਬਣਾਉਣ ਲਈ ਬੁੱਧਵਾਰ ਕਰੋ ਇਹ ਕੰਮ
NEXT STORY