ਇਕ ਵਾਰ ਕਿਸੇ ਰਾਜੇ ਦੇ ਬੇਟੇ ਨੂੰ ਸੱਪ ਨੇ ਡੰਗ ਮਾਰ ਦਿੱਤਾ। ਰਾਜੇ ਨੇ ਢਿੰਡੋਰਾ ਪਿਟਵਾਇਆ ਕਿ ਜਿਹੜਾ ਉਸ ਦੇ ਬੇਟੇ ਨੂੰ ਠੀਕ ਕਰ ਦੇਵੇਗਾ, ਉਸ ਨੂੰ ਉਹ ਵੱਡਾ ਇਨਾਮ ਦੇਵੇਗਾ। ਇਸ ਨਗਰ ਦੇ ਇਕ ਬਾਣੀਏ ਨੇ ਉਸ ਦੇ ਬੇਟੇ ਨੂੰ ਦਵਾਈ ਦਿੱਤੀ ਤਾਂ ਉਹ ਠੀਕ ਹੋ ਗਿਆ। ਹੁਣ ਇਨਾਮ ਦੇਣ ਦੀ ਵਾਰੀ ਆਈ ਤਾਂ ਰਾਜੇ ਨੇ ਬਾਣੀਏ ਨੂੰ ਕਿਹਾ, ‘‘ਤੂੰ ਇਕ ਦਿਨ ਵਿਚ ਪੈਦਲ ਜਾਂ ਘੋੜੇ ਰਾਹੀਂ ਚੱਲ ਕੇ ਜਿੰਨੀ ਜ਼ਮੀਨ ਮਾਪ ਲਵੇਂਗਾ, ਉਹ ਤੇਰੀ ਹੋ ਜਾਵੇਗੀ।’’
ਰਾਜੇ ਵਲੋਂ ਅਜਿਹਾ ਕਹਿਣ ’ਤੇ ਲਾਲਚੀ ਬਾਣੀਆ ਖੁਸ਼ ਹੋ ਗਿਆ। ਉਸ ਨੇ ਸੋਚਿਆ ਕਿ ਜਿੰਨੀ ਵੀ ਰਾਜ ਦੀ ਉਪਜਾਊ ਜ਼ਮੀਨ ਤੇ ਬਗੀਚੇ ਹਨ, ਉਹ ਉਨ੍ਹਾਂ ਨੂੰ ਮਾਪ ਲਵੇਗਾ ਅਤੇ ਫਿਰ ਹਮੇਸ਼ਾ ਠਾਠ ਨਾਲ ਰਹੇਗਾ। ਉਸ ਨੇ ਪੈਦਲ ਚੱਲਣ ਦੀ ਬਜਾਏ ਘੋੜੇ ’ਤੇ ਬੈਠ ਕੇ ਰਾਜ ਦੀ ਜ਼ਮੀਨ ਮਾਪਣ ਦੀ ਮੰਗ ਰੱਖੀ।
ਇਸ ’ਤੇ ਰਾਜੇ ਨੇ ਵੀ ਹਾਂ ਕਰ ਦਿੱਤੀ ਪਰ ਇਕ ਸ਼ਰਤ ਰੱਖੀ ਕਿ ਉਸ ਨੂੰ ਇਹ ਜ਼ਮੀਨ ਤਾਂ ਹੀ ਮਿਲੇਗੀ, ਜਦੋਂ ਉਹ ਦਿਨ ਛਿਪਣ ਤੋਂ ਪਹਿਲਾਂ ਆਪਣਾ ਇਨਾਮ ਲੈਣ ਲਈ ਦਰਬਾਰ ਵਿਚ ਹਾਜ਼ਰ ਹੋ ਜਾਵੇ। ਚਲਾਕ ਬਾਣੀਏ ਨੇ ਤੁਰੰਤ ਹਾਂ ਕਰ ਦਿੱਤੀ।
ਹੁਣ ਬਾਣੀਆ ਅਗਲੇ ਦਿਨ ਸਵੇਰੇ 6 ਵਜੇ ਤੋਂ ਘੋੜੇ ’ਤੇ ਸਵਾਰ ਹੋ ਕੇ ਰਾਜੇ ਦਾ ਅੱਧਿਓਂ ਵੱਧ ਰਾਜ ਮਾਪਣ ਲਈ ਨਿਕਲ ਪਿਆ। ਦੁਪਹਿਰ ਹੋਣ ਤਕ ਉਸ ਨੇ ਰਾਜ ਦਾ ਇਕ ਵੱਡਾ ਹਿੱਸਾ ਮਾਪ ਲਿਆ ਪਰ ਦੇਖਿਆ ਕਿ ਅਜੇ ਤਾਂ ਅੱਗੇ ਬਹੁਤ ਵਧੀਆ ਬਗੀਚੇ ਹਨ, ਉਹ ਉਨ੍ਹਾਂ ਨੂੰ ਵੀ ਮਾਪ ਲਵੇ ਤਾਂ ਹੋਰ ਚੰਗਾ ਰਹੇਗਾ। ਇਸੇ ਤਰ੍ਹਾਂ ਇਕ ਹੋਰ ਬਗੀਚਾ, ਇਕ ਹੋਰ ਤਲਾਬ ਮਾਪਦੇ-ਮਾਪਦੇ ਉਸ ਨੂੰ ਸ਼ਾਮ ਦੇ 4 ਵੱਜ ਗਏ ਪਰ ਉਸ ਨੇ ਦੇਖਿਆ ਕਿ ਅੱਗੇ ਤਾਂ ਸੋਨੇ-ਚਾਂਦੀ ਤੇ ਹੀਰੇ-ਮੋਤੀਆਂ ਦੀ ਖਦਾਨ ਹੈ, ਉਹ ਇਨ੍ਹਾਂ ਨੂੰ ਵੀ ਮਾਪ ਲਵੇ ਤਾਂ ਅੱਧਿਓਂ ਵੱਧ ਰਾਜ ਉਸ ਦਾ ਹੋ ਜਾਵੇਗਾ। ਇੰਝ ਕਰਦੇ-ਕਰਦੇ ਉਸ ਨੂੰ ਸ਼ਾਮ ਹੋ ਗਈ। ਉਸੇ ਵੇਲੇ ਉਸ ਦੇ ਪਿੱਛੇ ਚੱਲ ਰਹੇ ਰਾਜੇ ਦੇ ਸੈਨਿਕਾਂ ਨੇ ਕਿਹਾ, ‘‘ਹੁਣ ਤੁਹਾਡਾ ਸਮਾਂ ਖਤਮ ਹੋ ਗਿਆ ਹੈ। ਇਸ ਲਈ ਅਸੀਂ ਘੋੜਾ ਲੈ ਕੇ ਰਾਜੇ ਕੋਲ ਜਾ ਰਹੇ ਹਾਂ।’’
ਹੁਣ ਬਾਣੀਆ ਰਾਜ ਦਰਬਾਰ ਵਿਚ ਦੇਰ ਰਾਤ ਤਕ ਵੀ ਵਾਪਸ ਨਹੀਂ ਆ ਸਕਿਆ ਅਤੇ ਲਾਲਚ ਦੇ ਚੱਕਰ ਵਿਚ ਕੁਝ ਵੀ ਨਾ ਮਿਲਣ ’ਤੇ ਬਹੁਤ ਪਛਤਾਇਆ। ਇਸ ਲਈ ਕਈ ਵਾਰ ਜ਼ਿਆਦਾ ਹਾਸਲ ਕਰਨ ਦੇ ਚੱਕਰ ਵਿਚ ਕੁਝ ਵੀ ਹੱਥ ਨਹੀਂ ਲੱਗਦਾ। ਇਸ ਲਈ ਜ਼ਿਆਦਾ ਲਾਲਚ ਨਾਲੋਂ ਚੰਗਾ ਹੈ ਕਿ ਘੱਟ ਵਿਚ ਹੀ ਸੰਤੁਸ਼ਟ ਰਿਹਾ ਜਾਵੇ।
ਭਵਿੱਖਫਲ: ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ
NEXT STORY