ਇਕ ਵਾਰ ਇਕ ਸੰਤ ਆਪਣੇ ਪਿਆਰੇ ਚੇਲੇ ਨਾਲ ਆਪਣੇ ਆਸ਼ਰਮ ਨੜੇ ਜੰਗਲੀ ਖੇਤਰ ਵਿਚ ਸੈਰ ਕਰ ਰਹੇ ਸਨ। ਅਚਾਨਕ ਉਨ੍ਹਾਂ ਆਪਣੇ ਅੱਗੇ ਇਕ ਵੱਡਾ ਤੇ ਜ਼ਹਿਰੀਲਾ ਸੱਪ ਜਾਂਦਾ ਦੇਖਿਆ। ਉਸ ਨੂੰ ਦੇਖ ਕੇ ਉਹ ਚੇਲੇ ਨੂੰ ਬੋਲੇ, ‘‘ਦੇਖ, ਕਿੰਨਾ ਸੁੰਦਰ ਪ੍ਰਾਣੀ ਹੈ। ਜਾ ਕੇ ਫੜ ਲਿਆ। ਇਸ ਨੂੰ ਜ਼ਰਾ ਨੇੜਿਓਂ ਦੇਖੀਏ।’’
ਗੁਰੂ ਦਾ ਹੁਕਮ ਸੁਣਦਿਆਂ ਹੀ ਚੇਲੇ ਨੇ ਬਿਨਾਂ ਜ਼ਰਾ ਵੀ ਡਰੇ ਉਸ ਸੱਪ ’ਤੇ ਛਾਲ ਮਾਰ ਦਿੱਤੀ ਅਤੇ ਉਸ ਨੂੰ ਫੜ ਕੇ ਗੁਰੂ ਕੋਲ ਲੈ ਆਇਆ। ਸੱਪ ਇਸ ਸਭ ਕਾਰਨ ਬਹੁਤ ਗੁੱਸੇ ਵਿਚ ਤਾਂ ਸੀ ਪਰ ਆਪਣੇ ਸਾਹਮਣੇ ਸੰਤ ਨੂੰ ਦੇਖ ਕੇ ਸ਼ਾਂਤ ਹੀ ਰਿਹਾ।
ਸੰਤ ਬੋਲੇ, ‘‘ਠੀਕ ਹੈ, ਹੁਣ ਜਾਣ ਦੇ ਇਸ ਨੂੰ।’’
ਚੇਲੇ ਨੇ ਸੱਪ ਨੂੰ ਜਾਣ ਦਿੱਤਾ। ਹੁਣ ਸੰਤ ਬੋਲੇ, ‘‘ਪੁੱਤਰ, ਤੈਨੂੰ ਉਸ ਸੱਪ ਤੋਂ ਡਰ ਨਹੀਂ ਲੱਗਿਆ?’’
ਉਹ ਬੋਲਿਆ, ‘‘ਤੁਹਾਡੇ ਹੁੰਦੇ ਮੈਨੂੰ ਡਰ ਕਿਉਂ ਲੱਗੇਗਾ? ਹੁਕਮ ਤੁਹਾਡਾ ਸੀ ਤਾਂ ਡਰ ਵੀ ਤੁਹਾਨੂੰ ਹੀ ਲੱਗਣਾ ਚਾਹੀਦਾ ਹੈ।’’ ਇਹ ਸੁਣ ਕੇ ਸੰਤ ਮੁਸਕਰਾ ਪਏ।
ਉਸੇ ਰਾਤ ਜਦੋਂ ਸਾਰੇ ਆਸ਼ਰਮ ਵਿਚ ਸੁੱਤੇ ਪਏ ਸਨ ਤਾਂ ਉਹੋ ਸੱਪ ਉੱਥੇ ਆ ਗਿਆ ਅਤੇ ਚੇਲੇ ਕੋਲ ਆ ਕੇ ਫੁੰਕਾਰੇ ਮਾਰਨ ਲੱਗਾ, ਜਿਵੇਂ ਬਦਲਾ ਲੈਣ ਆਇਆ ਹੋਵੇ। ਚੇਲੇ ਦੀ ਨੀਂਦ ਖੁੱਲ੍ਹ ਗਈ। ਉਹ ਆਪਣੇ ਸਾਹਮਣੇ ਉਸੇ ਸੱਪ ਨੂੰ ਦੇਖ ਕੇ ਕੁਝ ਹੈਰਾਨ ਹੋਇਆ ਪਰ ਬਿਨਾਂ ਉਸ ਤੋਂ ਡਰੇ ਉਸ ਨੇ ਮੁੜ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਸੱਪ ਨੇ ਉਸ ਦੇ ਹੱਥ ’ਤੇ ਡੰਗ ਮਾਰ ਦਿੱਤਾ। ਹੁਣ ਪੀੜ ਵਿਚ ਉਸ ਨੇ ਆਪਣੇ ਗੁਰੂ ਨੂੰ ਯਾਦ ਕੀਤਾ ਅਤੇ ਕੁਝ ਹੀ ਸਮੇਂ ’ਚ ਸਭ ਆਮ ਹੋ ਗਿਆ।
ਅਗਲੀ ਸਵੇਰ ਉਹ ਆਪਣੇ ਗੁਰੂ ਕੋਲ ਆਇਆ ਅਤੇ ਰਾਤ ਦੀ ਗੱਲ ਸੁਣਾਈ। ਉਹ ਬੋਲਿਆ, ‘‘ਦੇਖ ਲਓ ਮੈਨੂੰ ਉਸ ਜ਼ਹਿਰੀਲੇ ਸੱਪ ਵਲੋਂ ਡੰਗ ਮਾਰਨ ’ਤੇ ਵੀ ਕੁਝ ਨਹੀਂ ਹੋਇਆ।’’
ਇਸ ’ਤੇ ਸੰਤ ਨੇ ਆਪਣਾ ਹੱਥ ਅੱਗੇ ਕਰ ਕੇ ਦਿਖਾਇਆ ਅਤੇ ਬੋਲੇ, ‘‘ਦੇਖ ਲੈ ਬਈ ਤੇਰੀ ਜ਼ਿੰਮੇਵਾਰੀ ਲਈ ਹੈ ਤਾਂ ਜੋ ਹੋਇਆ ਹੈ, ਇਥੇ ਹੋਇਆ ਹੈ।’’
ਉਨ੍ਹਾਂ ਦਾ ਹੱਥ ਜ਼ਹਿਰ ਨਾਲ ਨੀਲਾ ਹੋ ਗਿਆ ਸੀ। ਹੁਣ ਚੇਲਾ ਆਪਣੇ ਗੁਰੂ ਅੱਗੇ ਨਤਮਸਤਕ ਹੋ ਗਿਆ। ਚੇਲਿਆਂ ਨੂੰ ਹੋਵੇ, ਨਾ ਹੋਵੇ ਪਰ ਗੁਰੂ ਨੂੰ ਹਮੇਸ਼ਾ ਆਪਣੇ ਚੇਲਿਆਂ ਦਾ ਧਿਆਨ ਰਹਿੰਦਾ ਹੈ।
ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ
NEXT STORY