ਸੂਰੀਆ ਨਗਰ ’ਚ ਧਨੰਜੈ ਨਾਂ ਦਾ ਬਹੁਰੂਪੀਆ ਰਹਿੰਦਾ ਸੀ। ਆਪਣੀ ਭੇਸ ਬਦਲਣ ਦੀ ਕਲਾ ਦਿਖਾ ਕੇ ਉਹ ਲੋਕਾਂ ਨੂੰ ਹੈਰਾਨ ਕਰਦਾ ਸੀ ਅਤੇ ਆਪਣੀ ਰੋਜ਼ੀ-ਰੋਟੀ ਚਲਾਉਂਦਾ ਸੀ। ਇਸ ਕਲਾ ਵਿਚ ਉਹ ਇੰਨਾ ਮਾਹਿਰ ਸੀ ਕਿ ਕਈ ਲੋਕ ਉਸ ਨੂੰ ਪਛਾਣ ਵੀ ਨਹੀਂ ਸਕਦੇ ਸਨ।
ਇਕ ਵਾਰ ਸੂਰੀਆ ਨਗਰ 'ਚ ਵਿਸ਼ਾਲ ਮੇਲੇ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਕਲਾਕਾਰਾਂ ਨੇ ਹੁਨਰ ਦਿਖਾਇਆ। ਉਸੇ ਵੇਲੇ ਜਨਤਾ ਨੇ ਦੇਖਿਆ ਕਿ ਖੁਦ ਮਹਾਮੰਤਰੀ ਮੰਚ ’ਤੇ ਖੜ੍ਹੇ ਹਨ ਅਤੇ ਕੁਝ ਕਹਿਣਾ ਚਾਹੁੰਦੇ ਹਨ। ਮਹਾਮੰਤਰੀ ਨੇੜ ਜਲਦੀ ਹੀ ਭੀੜ ਇਕੱਠੀ ਹੋ ਗਈ।
ਫਿਰ ਮਹਾਮੰਤਰੀ ਬੋਲੇ,‘‘ਮੈਂ ਸਾਰੇ ਕਲਾਕਾਰਾਂ ਦੀ ਪੇਸ਼ਕਸ਼ ਦੇਖੀ ਅਤੇ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਰਾਜ ਵਿਚ ਇੰਨੇ ਹੁਨਰਮੰਦ ਲੋਕ ਮੌਜੂਦ ਹਨ। ਮੈਂ ਮਹਾਰਾਜ ਨੂੰ ਕਹਾਂਗਾ ਕਿ ਉਹ ਵੀ ਇੱਥੇ ਆਉਣ ਅਤੇ ਕਲਾਕਾਰਾਂ ਨੂੰ ਖੁਦ ਪੁਰਸਕਾਰ ਪ੍ਰਦਾਨ ਕਰਨ।’’
ਅਚਾਨਕ ਮਹਾਮੰਤਰੀ ਨੇ ਆਪਣੇ ਉੱਪਰਲੇ ਕੱਪੜੇ ਲਾਹ ਦਿੱਤੇ। ਹੁਣ ਜਨਤਾ ਸਾਹਮਣੇ ਆਮ ਕੱਪੜਿਆਂ ਵਿਚ ਧਨੰਜੈ ਖੜ੍ਹਾ ਸੀ। ਸਾਰੇ ਹੈਰਾਨ ਰਹਿ ਗਏ। ਇਸ ਪ੍ਰੋਗਰਾਮ ਤੋਂ ਬਾਅਦ ਇਕ ਵਿਦਵਾਨ ਵਿਅਕਤੀ ਧਨੰਜੈ ਨੂੰ ਮਿਲਿਆ ਅਤੇ ਉਸ ਨੇ ਰਾਜੇ ਸਾਹਮਣੇ ਆਪਣੀ ਕਲਾ ਦਿਖਾਉਣ ਲਈ ਕਿਹਾ। ਧਨੰਜੈ ਨੂੰ ਇਹ ਸੁਝਾਅ ਪਸੰਦ ਆਇਆ। ਅਗਲੇ ਦਿਨ ਧਨੰਜੈ ਸੰਨਿਆਸੀ ਦਾ ਭੇਸ ਬਣਾ ਕੇ ਦਰਬਾਰ ਵਿਚ ਪਹੁੰਚਿਆ। ਰਾਜਾ ਉਸ ਦੇ ਅਸਲ ਵਰਗੇ ਲੱਗਣ ਵਾਲੇ ਭੇਸ ਤੋਂ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਸੋਨੇ ਦੀਆਂ 100 ਮੁਦਰਾਵਾਂ ਪੁਰਸਕਾਰ ਵਜੋਂ ਦੇਣੀਆਂ ਚਾਹੀਆਂ ਪਰ ਧਨੰਜੈ ਨੇ ਮਨ੍ਹਾ ਕਰ ਦਿੱਤਾ।
ਸੰਨਿਆਸੀ ਤੋਂ ਬਾਅਦ ਧਨੰਜੈ ਨੇ ਨ੍ਰਤਕੀ ਦਾ ਭੇਸ ਬਣਾ ਕੇ ਲੈਅ ਤੇ ਤਾਲ 'ਤੇ ਅਜਿਹਾ ਮਧੁਰ ਨਾਚ ਪੇਸ਼ ਕੀਤਾ ਕਿ ਸਾਰੇ ਹੈਰਾਨ ਰਹਿ ਗਏ। ਰਾਜੇ ਨੇ ਉਸ ਨੂੰ ਮੁੜ 100 ਮੁਦਰਾਵਾਂ ਪੁਰਸਕਾਰ ਵਜੋਂ ਦੇਣੀਆਂ ਚਾਹੀਆਂ ਪਰ ਧਨੰਜੈ ਨੇ ਕਿਹਾ,‘‘ਮਹਾਰਾਜ, ਤੁਹਾਡੀ ਪ੍ਰਸਿੱਧੀ ਸੁਣ ਕੇ ਮੈਂ ਬਹੁਤ ਦੂਰੋਂ ਆਈ ਹਾਂ। ਆਸ ਹੈ ਕਿ ਤੁਸੀਂ ਮੇਰੀ ਕਲਾ ਦਾ ਸਨਮਾਨ ਕਰੋਗੇ।’’
ਰਾਜਾ ਗੁੱਸੇ ਵਿਚ ਆ ਗਿਆ ਅਤੇ ਬੋਲਿਆ,‘‘ਇਹ ਕੀ ਮਜ਼ਾਕ ਹੈ? ਕੱਲ ਤਕ ਤਾਂ ਤੂੰ ਇਕ ਵੀ ਮੁਦਰਾ ਨਹੀਂ ਲਈ ਅਤੇ ਅੱਜ 100 ਵੀ ਘੱਟ ਪੈ ਰਹੀਆਂ ਹਨ।’’
ਧਨੰਜੈ ਨੇ ਜਵਾਬ ਦਿੱਤਾ,‘‘ਮਹਾਰਾਜ, ਕੱਲ ਮੈਂ ਸੰਨਿਆਸੀ ਦਾ ਭੇਸ ਬਣਾਇਆ ਸੀ। ਇਸ ਲਈ ਸੰਨਿਆਸੀ ਸੁਭਾਅ ਦੇ ਅਨੁਸਾਰ ਹੀ ਵਤੀਰਾ ਕੀਤਾ। ਸੰਨਿਆਸੀ ਨੂੰ ਮਾਇਆ ਨਾਲ ਕੋਈ ਮੋਹ ਨਹੀਂ ਹੁੰਦਾ ਪਰ ਇਕ ਨ੍ਰਤਕੀ ਤਾਂ ਵਿਸ਼ਿਆਂ ਦੀ ਦਾਸੀ ਹੈ। ਨ੍ਰਤਕੀ ਆਪਣੀ ਕਲਾ ਦਿਖਾ ਕੇ ਇਹੋ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਧਨ ਹਾਸਲ ਹੋਵੇ।’’ ਧਨੰਜੈ ਦੇ ਜਵਾਬ ਤੋਂ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੂੰ 500 ਮੁਦਰਾਵਾਂ ਦਿੱਤੀਆਂ।
ਜੇਕਰ ਘਰ ਦਾ ਦਰਵਾਜ਼ਾ ਕਰਦਾ ਹੈ ਆਵਾਜ਼ ਤਾਂ ਹੋ ਜਾਓ ਸਾਵਧਾਨ
NEXT STORY