ਭੋਗਪੁਰ, 20 ਫਰਵਰੀ (ਸੂਰੀ)-ਥਾਣਾ ਭੋਗਪੁਰ ਦੀ ਪੁਲਸ ਚੌਕੀ ਪਚਰੰਗਾ ਹੇਠ ਪੈਂਦੇ ਪਿੰਡ ਗੜ੍ਹੀ ਬਖਸ਼ਾ ਵਿਚ ਇਕ ਅਣਜਾਣ ਵਾਹਨ ਦੀ ਲਪੇਟ 'ਚ ਆਉਣ ਕਾਰਨ ਇਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪ੍ਰਤੀਕ ਬੱਧਣ (5) ਪੁੱਤਰ ਜਸਵਿੰਦਰ ਸਿੰਘ ਵਾਸੀ ਸੰਤੋਖਪੁਰਾ ਮੁਹੱਲਾ, ਪੁਲਸ ਡਵੀਜ਼ਨ ਨੰਬਰ 3 ਜਲੰਧਰ ਆਪਣੇ ਨਾਨੇ ਬਲਵਿੰਦਰ ਸਿੰਘ ਪੁੱਤਰ ਸਵਰਨਾ ਰਾਮ ਦੇ ਘਰ ਪਿੰਡ ਗੜ੍ਹੀ ਬਖਸ਼ਾ ਕੁਝ ਦਿਨ ਪਹਿਲਾਂ ਰਹਿਣ ਲਈ ਆਇਆ ਹੋਇਆ ਸੀ। ਬੁੱਧਵਾਰ ਸਵੇਰੇ ਪ੍ਰਤੀਕ ਆਪਣੇ ਘਰ ਖੇਡ ਰਿਹਾ ਸੀ। ਘਰ ਅੱਗੋਂ ਇਕ ਲਿੰਕ ਸੜਕ ਲੰਘਦੀ ਹੈ। ਇਸੇ ਦੌਰਾਨ ਪ੍ਰਤੀਕ ਦੌੜ ਕੇ ਘਰੋਂ ਬਾਹਰ ਆਇਆ ਤਾਂ ਕੌਮੀ ਸ਼ਾਹ ਮਾਰਗ ਤੋਂ ਪਿੰਡ ਕੰਧਾਲਾ ਗੁਰੂ ਵੱਲ ਜਾਂਦੀ ਸੜਕ 'ਤੇ ਘਰ ਅੱਗੋਂ ਲੰਘ ਰਹੇ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਿਆ। ਜ਼ਖਮੀ ਹਾਲਤ ਵਿਚ ਪ੍ਰਤੀਕ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਪਰਮਜੀਤ ਸਿੰਘ ਘੁੰਮਣ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਪ੍ਰਤੀਕ ਦੀ ਮਾਤਾ ਰਮਨਪ੍ਰੀਤ ਕੌਰ ਨੇ ਆਪਣੇ ਬਿਆਨਾਂ ਵਿਚ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਨਾ ਹੋਣ ਬਾਰੇ ਦੱਸਦਿਆਂ ਕਿਸੇ ਤਰ੍ਹਾਂ ਦੀ ਪੁਲਸ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਨਾ ਕੀਤੇ ਜਾਣ ਸਬੰਧੀ ਐੱਸ. ਡੀ. ਐੱਮ. ਨੂੰ ਗੁਹਾਰ ਲਾਈ, ਜਿਸ ਤੋਂ ਬਾਅਦ ਐੱਸ. ਡੀ. ਐੱਮ. ਵਲੋਂ ਲਾਸ਼ ਦਾ ਪੋਸਟਮਾਰਟਮ ਨਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਪ੍ਰਤੀਕ ਦਾ ਪਿਤਾ ਜਸਵਿੰਦਰ ਸਿੰਘ ਵਿਦੇਸ਼ ਵਿਚ ਹੈ। ਜਾਣਕਾਰੀ ਅਨੁਸਾਰ ਪ੍ਰਤੀਕ ਦਾ ਅੰਤਿਮ ਸੰਸਕਾਰ ਜਸਵਿੰਦਰ ਸਿੰਘ ਦੇ ਵਿਦੇਸ਼ ਤੋਂ ਪਰਤਣ ਬਾਅਦ ਕੀਤਾ ਜਾਵੇਗਾ।
ਵਰਨਾ ਤੇ ਅੱਸੀ ਦੋਵੇਂ ਨਦੀਆਂ ਦਾ ਦੂਸ਼ਿਤ ਪਾਣੀ ਕਰ ਰਿਹੈ ਗੰਗਾਂ ਨੂੰ ਮੈਲੀ
NEXT STORY