ਦਸੂਹਾ, (ਸੰਜੇ ਰੰਜਨ)- ਸ਼ਹਿਰ ’ਚ ਚਾਰੇ ਪਾਸੇ ਗੰਦਗੀ ਦੇ ਲੱਗੇ ਢੇਰਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ’ਚ ਦਾਖਲ ਹੋਣ ਲਈ ਚਾਰ ਸੜਕਾਂ ਹਨ, ਜਿੱਥੇ ਗੰਦਗੀ ਦੇ ਹਮੇਸ਼ਾ ਅੰਬਾਰ ਲੱਗੇ ਰਹਿੰਦੇ ਹਨ। ਸ਼ਹਿਰ ’ਚੋਂ ਤੁਸੀਂ ਮਿਸ਼ਨ ਰੋਡ ਜਾਂ ਭਗਵਾਨ ਵਾਲਮੀਕਿ ਪਾਰਕ ਕੋਲੋਂ ਲੰਘੋ ਜਾਂ ਫਿਰ ਵਾਰਡ ਨੰ. 1 ਦੇ ਛਾਂਗਲਾ ਰੋਡ ਤੋਂ ਲੰਘੋ ਜਾਂ ਫਿਰ ਲੰਗਰਪੁਰ ਰੋਡ ਤੋਂ, ਹਰ ਪਾਸੇ ਤੁਹਾਨੂੰ ਗੰਦਗੀ ਦੇ ਢੇਰਾਂ ਦੇ ਦਰਸ਼ਨ ਜ਼ਰੂਰ ਹੋੋਣਗੇ। ਉਕਤ ਢੇਰ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹਨ। ਸ਼ਹਿਰ ਦੀ ਗੰਦਗੀ ਨੂੰ ਪਹਿਲਾਂ ਇਨ੍ਹਾਂ ਢੇਰਾਂ ਦੇ ਰੂਪ ’ਚ ਇਕੱਠਾ ਕੀਤਾ ਜਾਂਦਾ ਹੈ। ਸਫ਼ਾਈ ਕਰਮਚਾਰੀ ਗੰਦਗੀ ਗਲੀ-ਮੁਹੱਲਿਆਂ ਵਿਚੋਂ ਚੁੱਕ ਕੇ ਪਹਿਲਾਂ ਇਥੇ ਸੁੱਟਦੇ ਹਨ ਅਤੇ ਫਿਰ ਇਨ੍ਹਾਂ ਨੂੰ ਟਰਾਲੀਆਂ ਰਾਹੀਂ ਚੁੱਕ ਕੇ ਸ਼ਹਿਰ ਦੇ ਬਾਹਰ ਸੁੱਟਿਆ ਜਾਂਦਾ ਹੈ। ੳੁਕਤ ਗੰਦਗੀ ਦੇ ਢੇਰਾਂ ’ਤੇ ਆਵਾਰਾ ਪਸ਼ੂ, ਜਾਨਵਰ ਆਦਿ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਗੰਦਗੀ ਵਿਚੋਂ ਉੱਠਦੀ ਬਦਬੂ ਇਥੋਂ ਲੰਘਣ ਵਾਲਿਆਂ ਦੇ ਨੱਕ ’ਚ ਦਮ ਤਾਂ ਕਰਦੀ ਹੀ ਹੈ, ਦੂਜੇ ਪਾਸੇ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਜਿਊਣਾ ਵੀ ਇਸ ਨੇ ਮੁਸ਼ਕਿਲ ਕੀਤਾ ਹੋਇਆ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਕਈ-ਕਈ ਦਿਨ ਇਥੋਂ ਚੁੱਕਿਆ ਹੀ ਨਹੀਂ ਜਾਂਦਾ। ਸਮੱਸਿਆ ਦੀ ਗੰਭੀਰਤਾ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਕੁਝ ਸਮਾਂ ਪਹਿਲਾਂ ਨਗਰ ਕੌਂਸਲ ਵੱਲੋਂ ਕੁਝ ਥਾਵਾਂ ’ਤੇ ਗੰਦਗੀ ਸੁੱਟਣ ਲਈ ਲੋਹੇ ਦੇ ਕੰਟੇਨਰ ਲਾਏ ਗਏ ਸਨ, ਜਿਹੜੇ ਹੁਣ ਦਿਖਾਈ ਨਹੀਂ ਦਿੰਦੇ। ਲੋਕਾਂ ਨੂੰ ਕੂਡ਼ਾ ਸੁੱਟਣ ਲਈ ਕੰਟੇਨਰ ਆਦਿ ਦਿਖਾਈ ਨਾ ਦੇਣ ਕਾਰਨ ਉਹ ਕੂਡ਼ਾ ਇੱਧਰ-ਉੱਧਰ ਹੀ ਸੁੱਟ ਦਿੰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਫੌਰਨ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਇਸ ਸਮੱਸਿਆ ਵੱਲ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਗੰਦਗੀ ਦੇ ਢੇਰਾਂ ਤੋਂ ਰਾਹਤ ਮਿਲ ਸਕੇ। ਕਈ ਵਾਰ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਵਿਚੋਂ ਨਿਕਲਣ ਵਾਲਾ ਧੂੰਆਂ ਹੋਰ ਵੀ ਗੰਭੀਰ ਸਮੱਸਿਆ ਪੈਦਾ ਕਰ ਦਿੰਦਾ ਹੈ।
3 ਕਾਰਾਂ ਤੇ ਐਕਟਿਵਾ ’ਚੋਂ 55 ਪੇਟੀਆਂ ਸ਼ਰਾਬ ਬਰਾਮਦ, 4 ਗ੍ਰਿਫ਼ਤਾਰ
NEXT STORY