ਜਲੰਧਰ, (ਧਵਨ)– ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਇਕ ਅਹਿਮ ਬੈਠਕ 28 ਮਾਰਚ ਦਿਨ ਵੀਰਵਾਰ ਨੂੰ ਦਿੱਲੀ ਵਿਖੇ ਹੋਵੇਗੀ। ਇਸ ਵਿਚ ਪਾਰਟੀ ਵਲੋਂ ਸੂਬੇ ਦੀਅਾਂ ਸਭ 13 ਲੋਕ ਸਭਾ ਸੀਟਾਂ ’ਤੇ ਕਾਂਗਰਸੀ ਉਮੀਦਵਾਰਾਂ ਦੇ ਪੈਨਲਾਂ ਨੂੰ ਅੰਤਿਮ ਰੂਪ ਦਿੱਤਾ ਜਾਏਗਾ। ਬੈਠਕ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾਈ ਕਾਂਗਰਸ ਕਮੇਟੀ ਦੀ ਇੰਚਾਰਜ ਅਾਸ਼ਾ ਕੁਮਾਰੀ ਅਤੇ ਸੂਬਾਈ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਣਗੇ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ ਵੀ ਬੈਠਕ ’ਚ ਹਿੱਸਾ ਲੈਣਗੇ।
ਪਾਰਟੀ ਸੂਤਰਾਂ ਨੇ ਬੁੱਧਵਾਰ ਦੱਸਿਅਾ ਕਿ ਇਸ ਬੈਠਕ ਪਿੱਛੋਂ 2 ਅਪ੍ਰੈਲ ਨੂੰ ਦਿੱਲੀ ’ਚ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਵੇਗੀ, ਜਿਸ ਵਿਚ ਪੰਜਾਬ ਤੋਂ ਕੁਝ ਨਾਵਾਂ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਇਹ ਨਾਂ ਉਹ ਹੋ ਸਕਦੇ ਹਨ, ਜਿਥੇ ਸਿਰਫ 1-1 ਉਮੀਦਵਾਰ ਦੇ ਨਾਂ ਦਾ ਪੈਨਲ ਤਿਅਾਰ ਹੋਵੇਗਾ। ਕੁਝ ਸੀਟਾਂ ’ਤੇ ਪਾਰਟੀ ਵਲੋਂ 2-2 ਨਾਵਾਂ ਦੇ ਪੈਨਲ ਭੇਜੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਸੀਟ ’ਤੇ ਮਜ਼ਬੂਤ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਦਾ ਸੰਕੇਤ ਦੇ ਚੁੱਕੇ ਹਨ। ਹੁਣ ਕਿਉਂਕਿ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਹਨ, ਨੂੰ ਧਿਅਾਨ ’ਚ ਰੱਖਦਿਅਾਂ ਦੋਹਾਂ ਨੂੰ ਘੇਰਨ ਲਈ ਕੈਪਟਨ ਵਲੋਂ ਚੋਟੀ ਦੇ ਉਮੀਦਵਾਰ ਮੈਦਾਨ ’ਚ ਉਤਾਰਨ ਬਾਰੇ ਸਾਥੀਅਾਂ ਨਾਲ ਸੋਚ-ਵਿਚਾਰ ਕੀਤੀ ਜਾਏਗੀ। ਉਸ ਪਿੱਛੋਂ ਪੈਨਲ ਬਣਾ ਕੇ ਕੇਂਦਰੀ ਚੋਣ ਕਮੇਟੀ ਨੂੰ ਭੇਜਿਅਾ ਜਾਏਗਾ। ਇੰਨਾ ਤੈਅ ਹੈ ਕਿ ਵੀਰਵਾਰ ਹੋਣ ਵਾਲੀ ਬੈਠਕ ’ਚ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਲਗਭਗ ਸਭ ਸੀਟਾਂ ’ਤੇ ਤਿਅਾਰ ਹੋ ਜਾਏਗਾ।
ਕਾਂਗਰਸੀ ਸੂਤਰਾਂ ਨੇ ਦੱਸਿਅਾ ਕਿ ਰਾਹੁਲ ਗਾਂਧੀ ਨੇ 2 ਅਪ੍ਰੈਲ ਨੂੰ ਦਿੱਲੀ ’ਚ ਕੇਂਦਰੀ ਚੋਣ ਕਮੇਟੀ ਦੀ ਇਕ ਬੈਠਕ ਸੱਦੀ ਹੈ। ਉਸ ਨੂੰ ਵੇਖਦਿਅਾਂ ਕਈ ਕਾਂਗਰਸੀ ਨੇਤਾ, ਜੋ ਟਿਕਟਾਂ ਦੇ ਦਾਅਵੇਦਾਰ ਹਨ, ਦਿੱਲੀ ’ਚ ਸੀਨੀਅਰ ਕਾਂਗਰਸੀ ਅਾਗੂਅਾਂ ਨਾਲ ਮੁਲਾਕਾਤ ਕਰ ਰਹੇ ਹਨ। ਪਾਰਟੀ ਅਾਪਣੇ ਮੌਜੂਦਾ ਸੰਸਦ ਮੈਂਬਰਾਂ ’ਚੋਂ ਵਧੇਰੇ ਨੂੰ ਮੁੜ ਤੋਂ ਚੋਣ ਮੈਦਾਨ ’ਚ ਉਤਾਰ ਰਹੀ ਹੈ। ਸੁਨੀਲ ਜਾਖੜ ਨੇ ਲੰਬੀ ਦੀ ਰੈਲੀ ’ਚ ਮਿਸ਼ਨ -13 ਦੀ ਸ਼ੁਰੂਅਾਤ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਰਵਾਈ ਸੀ। ਟਿਕਟਾਂ ਦੀ ਵੰਡ ’ਚ ਕੈਪਟਨ ਦੀ ਹੀ ਰਾਇ ਅਹਿਮ ਰਹੇਗੀ।
ਦਿਹਾਤੀ ਪੁਲਸ ਨੇ ਫੜੀ ਜ਼ਹਿਰੀਲੀ ਸ਼ਰਾਬ, ਪੁਲਸ ਨੂੰ ਦੇਖ ਕੇ ਸਾਰੇ ਮੁਲਜ਼ਮ ਫਰਾਰ
NEXT STORY