ਮਾਹਿਲਪੁਰ (ਅਗਨੀਹੋਤਰੀ)-ਬੀਤੀ ਦੇਰ ਸ਼ਾਮ ਮਾਹਿਲਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਗੁਰਦੁਆਰਾ ਸ਼ਹੀਦਾਂ ਰੋਡ ’ਤੇ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਝਗੜਾ ਹੋ ਗਿਆ। ਇਸ ਕਾਰਨ ਆਹਮੋ-ਸਾਹਮਣੇ ਆਏ ਧੜਿਆਂ ਨੇ ਇਕ-ਦੂਜੇ ਨੂੰ ਡਰਾਉਣ ਲਈ ਹਵਾਈ ਫਾਇਰ ਕਰ ਦਿੱਤੇ, ਜਿਸ ਕਾਰਨ ਸ਼ਹਿਰ ’ਚ ਭਗਦੜ ਮਚ ਗਈ। ਲੋਕ ਇੱਧਰ-ਉੱਧਰ ਨੂੰ ਭੱਜ ਪਏ। ਮਾਹਿਲਪੁਰ ਪੁਲਸ ਨੇ ਨੌਜਵਾਨਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ’ਚ ਸਫ਼ਲ ਹੋ ਗਏ। ਇਕ ਧੜੇ ਵੱਲੋਂ ਕਾਰ ’ਚ ਭੱਜੇ ਜਾ ਰਹੇ ਨੌਜਵਾਨਾਂ ਨੇ ਇਕ ਸਕੂਟਰੀ ਸਵਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਔਰਤਾਂ ਮਾਮੂਲੀ ਜ਼ਖ਼ਮੀ ਹੋ ਗਈਆਂ ਅਤੇ ਔਰਤ ਦੇ ਦੰਦ ਟੁੱਟ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦਾਂ ਰੋਡ ’ਤੇ ਅੱਖੀਂ ਦੇਖਣ ਵਾਲੇ ਦੁਕਾਨਦਾਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਦੇਰ ਸ਼ਾਮ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ, ਜਿਨ੍ਹਾਂ ਦੀ ਆਪਸ ’ਚ ਪਹਿਲਾਂ ਹੀ ਰੰਜਿਸ਼ ਸੀ, ਸਾਹਮਣੇ ਆਉਣ ’ਤੇ ਤਕਰਾਰ ਹੋ ਗਈ। ਦੋਹਾਂ ਨੇ ਪਿਸਤੌਲਾਂ ਕੱਢ ਕੇ ਇਕ-ਦੂਜੇ ਨੂੰ ਡਰਾਉਣ ਲਈ ਤਿੰਨ ਵਾਰ ਹਵਾਈ ਫਾਇਰ ਕੀਤੇ। ਗੋਲ਼ੀਆਂ ਦੀ ਆਵਾਜ਼ ਸੁਣ ਕੇ ਦੁਕਾਨਦਾਰ ਬਾਹਰ ਆ ਗਏ। ਭੀੜ ਇਕੱਠੀ ਹੁੰਦੀ ਦੇਖ ਕੇ ਦੋਵੇਂ ਧੜੇ ਇਕ ਦੂਜੇ ਨੂੰ ਹੋਰ ਸਥਾਨ ’ਤੇ ਆਉਣ ਦਾ ਸਮਾਂ ਨਿਸ਼ਚਿਤ ਕਰਨ ਲੱਗ ਪਏ। ਇੰਨੀ ਦੇਰ ਨੂੰ ਕਿਸੇ ਨੇ ਮਾਹਿਲਪੁਰ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਮਾਹਿਲਪੁਰ ਪੁਲਸ ਨੂੰ ਦੇਖ ਕੇ ਦੋਵੇਂ ਧੜੇ ਫਰਾਰ ਹੋ ਗਏ।
ਇਕ ਧੜੇ ਦੇ ਸਮਰਥਕ, ਜੋ ਕਾਰ ’ਚ ਸਨ, ਨੇ ਆਪਣੀ ਕਾਰ ਗੁਰਦੁਆਰਾ ਸ਼ਹੀਦਾਂ ਤੋਂ ਮੱਥਾ ਟੇਕ ਕੇ ਆ ਰਹੀਆਂ ਸਕੂਟਰੀ ਸਵਾਰ ਔਰਤਾਂ ’ਚ ਮਾਰ ਦਿੱਤੀ, ਜਿਸ ਕਾਰਨ ਗੁਰਪਾਲ ਕੌਰ ਪਤਨੀ ਅਮਰਜੀਤ ਸਿੰਘ ਸਕੂਟਰੀ ਤੋਂ ਡਿੱਗ ਪਈ ਅਤੇ ਉਸ ਦੇ ਅਗਲੇ ਦੋ ਦੰਦ ਟੁੱਟ ਗਏ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਗੁਰਪਾਲ ਕੌਰ ਨਾਲ ਸਕੂਟਰੀ ਦੇ ਪਿੱਛੇ ਬੈਠੀਆਂ ਉਸ ਦੀਆਂ ਦੋ ਭਤੀਜੀਆਂ ਵੀ ਮਾਮੂਲੀ ਜ਼ਖ਼ਮੀ ਹੋ ਗਈਆਂ। ਦੋਵੇਂ ਧਿਰਾਂ ਦੇ ਲਡ਼ਕੇ ਵੱਖ-ਵੱਖ ਦਿਸ਼ਾਵਾਂ ਨੂੰ ਫਰਾਰ ਹੋ ਗਏ। ਪੁਲਸ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਲਿੰਕ ਸਡ਼ਕਾਂ ਰਾਹੀਂ ਰਫੂਚੱਕਰ ਹੋ ਗਏ।
ਕੀ ਕਹਿੰਦੇ ਹਨ ਥਾਣਾ ਮੁਖੀ ਹਰਪ੍ਰੇਮ ਸਿੰਘ : ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਰੋਡ ’ਤੇ ਇਸੇ ਤਰ੍ਹਾਂ ਦੀ ਸੂਚਨਾ ਮਿਲੀ ਸੀ। ਪੁਲਸ ਨੇ ਤੁਰੰਤ ਇਕੱਠੇ ਹੋਏ ਮੁੰਡਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ। ਮੁੱਢਲੀ ਪੜਤਾਲ ’ਚ ਤੇਜ਼ਧਾਰ ਹਥਿਆਰਾਂ ਸਬੰਧੀ ਪਤਾ ਲੱਗਾ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਲਡ਼ਕਿਆਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ’ਤੇ ਗੋਲੀ ਦਾ ਕੋਈ ਖੋਲ ਨਹੀਂ ਮਿਲਿਆ। ਪੜਤਾਲ ’ਚ ਘੁਮਿਆਲਾ ਅਤੇ ਜੱਸੋਵਾਲ ਦੇ ਮੁੰਡਿਆਂ ਦੇ ਨਾਂ ਸਾਹਮਣੇ ਆਏ ਹਨ, ਜਲਦ ਹੀ ਕਾਰਵਾਈ ਕਰ ਦਿੱਤੀ ਜਾਵੇਗੀ।
ਹੁਸ਼ਿਆਰਪੁਰ ਜ਼ਿਲ੍ਹੇ 'ਚ 32 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY