ਲੋਹੀਆਂ ਖਾਸ,(ਮਨਜੀਤ) : ਉੱਤਰ ਭਾਰਤ ਖਾਸ ਕਰਕੇ ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀ ਪੀਠ ਬਾਬਾ ਬਾਲਕ ਨਾਥ ਜੀ ਦਿਓਟ ਸਿੱਧ ਜੀ ਦਾ ਸਾਲਾਨਾ ਚੇਤ ਮਹੀਨੇ ਦਾ ਮੇਲਾ ਗੁਫਾ ਦਿਓਟ ਸਿੱਧ ਅਤੇ ਸ਼ਾਹਤਲਾਈ ਵਿਖੇ ਮਹੰਤ ਰਾਜਿੰਦਰ ਗਿਰੀ ਜੀ, ਮੰਦਿਰ ਦੇ ਪੁਜਾਰੀਆਂ, ਸਿਵਲ ਪ੍ਰਸ਼ਾਸ਼ਨ, ਪੁਲਸ ਪ੍ਰਸ਼ਾਸ਼ਨ ਅਤੇ ਬਾਬਾ ਜੀ ਦੇ ਭਗਤਾਂ ਵੱਲੋਂ ਹਵਨ ਯੱਗ ਕਰਨ ਉਪਰੰਤ ਝੰਡੇ ਝੜਾਉਣ ਨਾਲ ਆਰੰਭ ਹੋ ਗਿਆ ਹੈ। ਇਸ ਤਰ੍ਹਾਂ ਜੋ ਕਿ 13 ਅਪ੍ਰੈਲ ਤੱਕ ਪੂਰਾ ਇਕ ਮਹੀਨਾ ਚੱਲੇਗਾ। ਇਸ ਦੌਰਾਨ ਪੂਰਾ ਮਹੀਨਾ ਦਿਓਟ ਸਿੱਧ ਮੰਦਿਰ ਅਤੇ ਲੰਗਰ 24 ਘੰਟੇ ਖੁੱਲਾ ਰਹੇਗਾ। ਇਸ ਸ਼ੁੱਭ ਮੌਕੇ 'ਤੇ ਰਤਨ ਗੌਤਮ ਏ. ਡੀ. ਸੀ., ਵਿਸ਼ਾਲ ਸ਼ਰਮਾ ਉਪ ਮੰਡਲ ਅਧਿਕਾਰੀ, ਓ. ਪੀ. ਲਖਨਪਾਲ ਮੰਦਿਰ ਅਧਿਕਾਰੀ, ਰਮੇਸ਼ ਸ਼ਰਮਾ ਡੀ. ਪੀ. ਓ., ਵਿਨੋਦ ਕੁਮਾਰ, ਰਮੇਸ਼ ਸ਼ਰਮਾ, ਲੋਕ ਸਪੰਰਕ ਮੁਲਾਜ਼ਮ, ਪੰਡਿਤ ਰਕੇਸ਼ ਰਤਨ, ਮਦਨ ਲਾਲ, ਪ੍ਰਦੀਪ ਕੁਮਾਰ, ਸੁਨੀਲ ਕੁਮਾਰ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਚੰਦਰ ਪ੍ਰਕਾਸ਼, ਰਕੇਸ਼ ਰਤਨ, ਚਰਨਜੀਤ ਲੋਹੀਆਂ, ਲੱਕੀ ਢੰਡ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਭਗਤਜਨ ਮੌਜੂਦ ਸਨ।
ਬਾਬਾ ਜੀ ਦੀ ਅਮਰ ਕਹਾਣੀ
ਬਾਬਾ ਬਾਲਕ ਨਾਥ ਜੀ ਨੂੰ ਪੌਣਾਹਾਰੀ, ਝੋਲੀਆਂ ਵਾਲਾ, ਧੂਣੇ ਵਾਲਾ, ਦੁੱਧਾਧਾਰੀ, ਰਤਨੋਂ ਦਾ ਪਾਲੀ, ਗੁਫਾ ਦਾ ਵਾਸੀ, ਕਲਾਧਾਰੀ, ਸਿੱਧ ਨਾਥ ਸਮੇਤ ਅਨੇਕ ਨਾਵਾਂ ਨਾਲ ਬਾਬਾ ਜੀ ਦਾ ਧਿਆਨ ਕੀਤਾ ਜਾਂਦਾ ਹੈ। ਪੁਰਾਤਨ ਕਥਾਵਾਂ ਅਨੁਸਾਰ ਬਾਬਾ ਬਲਾਕ ਨਾਥ ਜੀ ਨੇ ਚਾਰੇ ਯੁੱਗਾਂ 'ਚ ਸ਼ਿਵ ਭੋਲੇ ਨਾਥ ਦੀ ਪੂਜਾ ਕੀਤੀ ਅਤੇ ਮਾਤਾ ਧਰਮੋਂ ਦੇ ਦੱਸੇ ਰਸਤੇ ਅਨੁਸਾਰ ਮਾਤਾ ਪਾਰਵਤੀ ਜੀ ਦੇ ਆਸ਼ੀਰਵਾਦ ਨਾਲ ਬਾਬਾ ਜੀ ਨੇ ਸ਼ਿਵ ਭੋਲੇ ਨਾਥ ਦੇ ਸ਼ਾਖਸ਼ਾਤ ਦਰਸ਼ਨ ਕੀਤੇ। ਜਿਸ 'ਤੇ ਸ਼ਿਵ ਭੋਲੇ ਨਾਥ ਜੀ ਨੇ ਬਾਬਾ ਜੀ ਨੂੰ ਅਮਰ ਹੋਣ ਦਾ ਵਰ ਦਿੱਤਾ ਅਤੇ ਕਲਯੁੱਗ 'ਚ ਰਸਤਾ ਦੱਸਣ ਵਾਲੀ ਮਾਤਾ ਧਰਮੋਂ ਦੀ ਬਾਰਾਂ ਸਾਲ ਸੇਵਾ ਕਰਨ ਲਈ ਕਿਹਾ। ਜਿਸ ਉਪਰੰਤ ਕਲਯੁੱਗ 'ਚ ਬਾਬਾ ਬਲਾਕ ਨਾਥ ਜੀ ਦਾ ਜਨਮ ਗੁਜਰਾਤ ਦੀ ਧਰਤੀ ਜੂਨਾਗੜ ਵਿਖੇ ਮਾਤਾ ਲਕਸ਼ਮੀ ਅਤੇ ਪਿਤਾ ਵਿਸ਼ਨੂੰ ਦੇ ਘਰ ਜਨਮ ਹੋਇਆ। ਬਚਪਨ ਵਿੱਚ ਹੀ ਬਾਬਾ ਜੀ ਨੇ ਗੁਰੂ ਦਤਾਤ੍ਰੇ ਜੀ ਨੂੰ ਆਪਣਾ ਗੁਰੂ ਧਾਰਨ ਕਰ ਪਿੱਛਲੇ ਜਨਮ ਦਾ ਕਰਜ਼ਾ ਚੁਕਾਉਣ ਲਈ ਮਾਤਾ ਰਤਨੋ ਦੇ ਘਰ ਹਿਮਾਚਲ ਪ੍ਰਦੇਸ਼ ਜਿਲਾ ਹਮੀਰਪੁਰ ਦੇ ਨਗਰ ਸ਼ਾਹਤਲਾਈ ਆ ਗਏ, ਜਿੱਥੇ ਬਾਬਾ ਜੀ ਨੇ ਮਾਤਾ ਰਤਨੋ ਦੀ ਸੇਵਾ ਕਰਦੇ ਹੋਏ ਬਾਰਾਂ ਸਾਲ ਤੱਕ ਗਾਂਵਾਂ ਚਰਾਈਆਂ। ਬਾਰਾਂ ਸਾਲ ਪੂਰੇ ਹੋਣ 'ਤੇ ਮਾਤਾ ਰਤਨੋ ਅਤੇ ਗੁਰੂ ਗੋਰਖ ਨਾਥ ਜੀ ਨੂੰ ਕੌਤਕ ਦਿਖਾਉਂਦੇ ਹੋਏ ਮੋਰ ਦੀ ਸਵਾਰੀ ਕਰਦੇ ਹੋਏ ਬਾਬਾ ਬਾਲਕ ਨਾਥ ਜੀ ਧੌਲ ਗਿਰੀ ਪਰਬਤ 'ਤੇ ਇੱਕ ਗੁਫਾ ਵਿੱਚ ਆ ਬਿਰਾਜੇ। ਜਿਸ ਨੂੰ ਅੱਜ ਦਿਓਟ ਸਿੱਧ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਬਾਬਾ ਜੀ ਰਾਜਾ ਭਰਥਰੀ ਨਾਲ ਸ਼ਿਵ ਭਗਤੀ 'ਚ ਲੀਨ ਹੋ ਗਏ। ਇਸੇ ਤੱਪ ਸਥਾਨ 'ਤੇ ਕਰੋੜਾਂ ਦੀ ਗਿਣਤੀ 'ਚ ਭਗਤ ਝੋਲੀਆਂ ਭਰਦੇ ਹਨ।
ਦਰਸ਼ਨ ਪ੍ਰਕਿਰਿਆ
ਸਾਲ ਭਰ ਅਤੇ ਖਾਸ ਕਰਕੇ ਚੇਤ ਮਹੀਨੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਭਗਤਜਨ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਪ੍ਰਮਪਰਾ ਅਨੁਸਾਰ ਸਭ ਤੋਂ ਪਹਿਲਾ ਸ਼ਾਹਤਾਲਈ ਵਿਖੇ ਮਾਤਾ ਰਤਨੋ ਦੇ ਮੰਦਿਰ (ਜਿੱਥੇ ਬਾਬਾ ਜੀ ਨੇ ਚਿਮਟਾ ਮਾਰ ਬਾਰਾਂ ਸਾਲ ਦੀਆਂ ਰੋਟੀਆਂ ਤੇ ਲੱਸੀ ਕੱਢੀ ਸੀ) ਮੱਥਾ ਟੇਕ ਕੇ ਫਿਰ ਇਸੇ ਨਗਰ ਵਿਖੇ ਗਰੂਨਾ ਝਾੜੀ ਮੰਦਿਰ (ਜਿੱਥੋਂ ਬਾਬਾ ਜੀ ਗੁਰੂ ਗੋਰਖ ਨਾਥ ਨੂੰ ਕੌਤਕ ਦਿਖਾਉਂਦੇ ਹੋਏ ਮੋਰ 'ਤੇ ਸਵਾਰ ਹੋ ਉਡਾਰੀ ਲਾਈ ਸੀ।) ਨਤਮੱਸਤਕ ਹੋ ਕੇ ਫਿਰ ਗੁਫਾ ਦਰਸ਼ਨ ਲਈ ਦਿਓਟ ਸਿੱਧ ਮੰਦਿਰ ਵੱਲ ਚੱਲਦੇ ਹੋਏ ਰਸਤੇ 'ਚ ਚਰਨ ਗੰਗਾ 'ਤੇ ਧੂੰਣਾ ਲਾ ਕੇ ਬਾਬਾ ਜੀ ਦੀ ਚੌਂਕੀ ਲਾਉਂਦੇ ਹਨ। ਗੁਫਾ ਦਰਸ਼ਨਾਂ ਤੋਂ ਬਾਅਦ ਭਗਤਜਨ ਰਾਜਾ ਭਰਥਰੀ ਦੇ ਮੰਦਿਰ, ਚਰਨ ਪਾਦੁਕਾ ਅਤੇ ਮਹੰਤ ਨਿਵਾਸ 'ਤੇ ਮੱਥਾ ਟੇਕ ਕੇ ਯਾਤਰਾ ਸੰਪੂਰਨ ਕਰਦੇ ਹਨ। ਕਿਉਂਕਿ ਰਾਜਾ ਭਰਥਰੀ ਦੇ ਮੰਦਿਰ 'ਤੇ ਮੱਥਾ ਟੇਕਨ ਤੋਂ ਬਗੈਰ ਯਾਤਰਾ ਸੰਪੂਰਨ ਨਹੀਂ ਮੰਨੀ ਜਾਂਦੀ। ਚੇਤ ਮਹੀਨੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਦੇਸ਼ ਵਿਦੇਸ਼ ਖਾਸ ਕਰਕੇ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਰਾਜਸਥਾਨ, ਯੂ. ਪੀ. ਆਦਿ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਭਗਤਜਨ ਚਾਲੇ ਦੇ (ਸਮੂਹਿਕ) ਰੂਪ 'ਚ ਚਿਮਟੇ ਛੈਣਿਆਂ ਨਾਲ ਭਜਨ ਗਾਉਂਦੇ ਹੋਏ ਕਰੋੜਾਂ ਭਗਤ ਝੋਲੀਆਂ ਭਰਦੇ ਹਨ।
ਦਸੂਹਾ ਤੇ ਨੇੜਲੇ ਇਲਾਕਿਆਂ 'ਚ ਜ਼ਬਰਦਸਤ ਧਮਾਕੇ ਦੌਰਾਨ ਲੋਕਾਂ 'ਚ ਦਹਿਸ਼ਤ
NEXT STORY