ਜਲੰਧਰ, (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 1 ਏ ਕੋਲ ਇਕ ਵਿਅਕਤੀ ਨੇ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੇ ਕਰਮਚਾਰੀ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ (62) ਪੁੱਤਰ ਮੁਨਸ਼ੀ ਰਾਮ ਵਾਸੀ ਜੈਮਲ ਨਗਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸਿਟੀ ਸਟੇਸ਼ਨ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਕਾਨਪੁਰ ਸੈਂਟਰਲ ਟਰੇਨ ਦੇ ਹੇਠਾਂ ਆਉਣ ਨਾਲ ਰਿਟਾਇਰ ਬੈਂਕ ਕਰਮਚਾਰੀ ਬੁਰੀ ਤਰ੍ਹਾਂ ਵੱਢਿਆ ਗਿਆ। ਪਿੱਛਿਓਂ ਨੰਗਲ ਡੈਮ ਐਕਸਪ੍ਰੈੱਸ ਟਰੇਨ ਆ ਰਹੀ ਸੀ। ਪੁਲਸ ਨੇ ਰੇਲ ਲਾਈਨਾਂ ਤੋਂ ਲਾਸ਼ ਨੂੰ ਹਟਾ ਕੇ ਟਰੇਨ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ। ਜੀ. ਆਰ. ਪੀ. ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤੀ ਹੈ।
ਮ੍ਰਿਤਕ ਕੋਲੋਂ ਮਿਲੇ ਸੁਸਾਈਟ ਨੋਟ 'ਚ ਉਸ ਨੇ ਲਿਖਿਆ ਕਿ ਉਸ ਦੀ ਘਰ 'ਚ ਕੋਈ ਪੁੱਛਗਿੱਛ ਨਹੀਂ ਹੈ ਤੇ ਉਹ ਆਪਣੇ ਪੋਤੇ-ਪੋਤੀ ਨੂੰ ਬਹੁਤ ਪਿਆਰ ਕਰਦਾ ਹੈ। ਪ੍ਰੇਸ਼ਾਨੀ ਕਾਰਣ ਉਸ ਦਾ ਜਿਊਣ ਨੂੰ ਮਨ ਨਹੀਂ ਕਰਦਾ ਤੇ ਮਰਨ ਜਾ ਰਿਹਾ ਹੈ। ਜੀ. ਆਰ. ਪੀ. ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਜਾਵੇਗੀ।
ਮ੍ਰਿਤਕ ਕਰੀਬ ਇਕ ਸਾਲ ਪਹਿਲਾਂ ਬੈਂਕ 'ਚੋਂ ਹੋਇਆ ਸੀ ਰਿਟਾਇਰ
ਰਾਕੇਸ਼ ਕੁਮਾਰ ਯੂਨੀਅਨ ਬੈਂਕ ਤੋਂ ਇਕ ਸਾਲ ਪਹਿਲਾਂ ਹੀ ਰਿਟਾਇਰ ਹੋਇਆ ਸੀ। ਉਸ ਦਾ ਇਕ ਬੇਟਾ ਅਤੇ ਇਕ ਬੇਟੀ ਹੈ। ਦੋਵੇਂ ਹੀ ਵਿਆਹੇ ਹੋਏ ਹਨ। ਮ੍ਰਿਤਕ ਦਾ ਬੇਟਾ ਰਵੀ ਸੋਢਲ ਰੋਡ ਸਥਿਤ ਇਕ ਫੈਕਟਰੀ 'ਚ ਕੰਮ ਕਰਦਾ ਹੈ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਰੇਲਵੇ ਸਟੇਸ਼ਨ ਦੇ ਬਾਹਰ ਕਾਫੀ ਘਬਰਾਹਟ 'ਚ ਘੁੰਮਦੀ ਰਹੀ। ਦੁਕਾਨਦਾਰਾਂ ਨੇ ਉਸ ਨੂੰ ਬਿਠਾ ਕੇ ਪਾਣੀ ਪਿਆਇਆ।
ਮੁਹੱਲਾ ਵਾਸੀ ਜੀ. ਆਰ. ਪੀ. ਥਾਣੇ ਪਹੁੰਚੇ, ਪੁਲਸ ਨੂੰ ਦਿੱਤੇ ਬਿਆਨ
ਘਟਨਾ ਤੋਂ ਬਾਅਦ ਜੈਮਲ ਨਗਰ ਦੇ ਇਕ ਦਰਜਨ ਲੋਕ ਜੀ. ਆਰ. ਪੀ. ਥਾਣੇ ਪਹੁੰਚੇ ਅਤੇ ਪੁਲਸ ਨੂੰ ਦੱਸਿਆ ਕਿ ਰਿਟਾਇਰਡ ਬੈਂਕ ਕਰਮਚਾਰੀ ਰਾਕੇਸ਼ ਕੁਮਾਰ ਨੇਕ ਦਿਲ ਅਤੇ ਮਿਲਣਸਾਰ ਇਨਸਾਨ ਸਨ। ਪਰਿਵਾਰਕ ਕਲੇਸ਼ ਤੋਂ ਕਾਫੀ ਪ੍ਰੇਸ਼ਾਨ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਸੁਸਾਈਡ ਨੋਟ ਆਪਣੀ ਜੇਬ ਵਿਚ ਪਾ ਕੇ ਘੁੰਮ ਰਹੇ ਸਨ। ਕਈ ਵਾਰ ਘਰੋਂ ਕੱਢ ਦੇਣ 'ਤੇ ਉਹ ਆਪਣਾ ਬਿਸਤਰਾ ਲੈ ਕੇ ਗਲੀ 'ਚੋਂ ਲੰਘਦੇ ਦੇਖੇ ਗਏ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਸਬੰਧਤ ਪੁਲਸ ਨੇ ਉਨ੍ਹਾਂ ਦੇ ਘਰ ਆ ਕੇ ਮਾਮਲਾ ਸੁਲਝਾਇਆ ਸੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਖੁਦਕੁਸ਼ੀ ਜਿਹਾ ਕਦਮ ਚੁੱਕ ਲੈਣਗੇ।
ਦੂਜੇ ਪਾਸੇ ਸ਼ਾਮ ਨੂੰ ਮ੍ਰਿਤਕ ਦੇ ਬੇਟੇ ਰਵੀ ਦੇ ਨਾਲ ਵੀ 4-5 ਇਲਾਕਾ ਵਾਸੀ ਜੀ. ਆਰ. ਪੀ. ਥਾਣੇ ਪਹੁੰਚੇ ਅਤੇ ਪੁਲਸ ਨੂੰ ਦੱਸਿਆ ਕਿ ਰਾਕੇਸ਼ ਕੁਮਾਰ ਮਾਨਸਿਕ ਤੌਰ 'ਤੇ ਬੀਮਾਰ ਸਨ, ਜਿਸ ਕਾਰਣ ਉਨ੍ਹਾਂ ਨੇ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ, ਜਦੋਂਕਿ ਝਗੜੇ ਵਾਲੀ ਕੋਈ ਗੱਲ ਨਹੀਂ ਸੀ। ਸੁਸਾਈਡ ਨੋਟ ਮਿਲਣ ਬਾਰੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੇਂਦਰੀ ਜੇਲ 'ਚ ASI ਤੋਂ ਬਰਾਮਦ ਹੋਈ ਚਰਸ
NEXT STORY