ਜਲੰਧਰ, (ਸ਼ੋਰੀ)- ਫੁੱਟਬਾਲ ਚੌਕ ਕੋਲ ਝੰਡੀਆਂ ਵਾਲੇ ਪੀਰ ਦੇ ਬਾਹਰ ਇਕ ਔਰਤ ਦੀ ਸੋਨੇ ਦੀ ਚੇਨ ਖੋਹਣ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਜੀਤੂ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਅਹਿਦਪੁਰ ਛੰਨਾ ਥਾਣਾ ਸੁਲਤਾਨਪੁਰ ਦਾ ਪੁਲਸ ਨੇ ਸਿਵਲ ਹਸਪਤਾਲ ਤੋਂ ਪੇਟ ਤੇ ਛਾਤੀ ਦਾ ਐਕਸਰੇ ਕਰਵਾ ਲਿਆ ਹੈ ਪਰ ਉਸਦੇ ਐਕਸਰੇ ਤੋਂ ਸਾਫ ਪਤਾ ਲੱਗਦਾ ਹੈ ਕਿ ਉਸਨੇ ਸੋਨੇ ਦਾ ਲਾਕੇਟ ਨਹੀਂ ਨਿਗਲਿਆ। ਥਾਣਾ 2 ਵਿਚ ਤਾਇਨਾਤ ਏ. ਐੈੱਸ. ਆਈ. ਬਲਵਿੰਦਰ ਸਿੰਘ ਨੇ ਮੁਲਜ਼ਮ ਦਾ ਹਸਪਤਾਲ ਤੋਂ ਐਕਸਰੇ ਕਰਵਾ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਮੁਲਜ਼ਮ ਹਰਜਿੰਦਰ ਸਿੰਘ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਸਤੀ ਨੌ ਵਾਸੀ ਨੀਤੂ ਪਤਨੀ ਦੀਪਕ ਜੌੜਾ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਲੁੱਟਣ ਲਈ ਚੇਨ ’ਤੇ ਹੱਥ ਪਾਇਆ ਸੀ।
ਚੇਨ ਦਾ ਕੁਝ ਹਿੱਸਾ ਉਸਦੇ ਹੱਥ ਆਇਆ ਤੇ ਬਾਅਦ ਵਿਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਔਰਤ ਮੁਤਾਬਕ ਉਸਦੀ ਚੇਨ ਵਿਚ ਸੋਨੇ ਦਾ ਲਾਕੇਟ ਵੀ ਸੀ। ਪੁਲਸ ਨੂੰ ਸ਼ੱਕ ਸੀ ਕਿ ਸ਼ਾਇਦ ਲੁਟੇਰੇ ਹਰਜਿੰਦਰ ਨੇ ਮੌਕੇ ’ਤੇ ਲਾਕੇਟ ਨਿਗਲ ਨਾ ਲਿਆ ਹੋਵੇ, ਇਸ ਲਈ ਉਸਦੇ ਐਕਸਰੇ ਕਰਵਾਏ ਗਏ।
ਨਕੋਦਰ ਵਿਚ ਹੋ ਗਿਆ ਸੀ ਬਦਨਾਮ ਇਸ ਲਈ ਜਲੰਧਰ ਨੂੰ ਚੁਣਿਆ
ਪਤਾ ਲੱਗਾ ਹੈ ਕਿ ਮੁਲਜ਼ਮ ਹਰਜਿੰਦਰ ਦੇ ਖਿਲਾਫ 5-6 ਕੇਸ ਦਰਜ ਹਨ ਤੇ ਉਹ ਲੁੱਟ-ਖੋਹ, ਨਸ਼ਾ ਸਮੱਗਲਿੰਗ ਕਰਨ ਦਾ ਆਦੀ ਹੈ। ਨਕੋਦਰ ਵਿਚ ਕੇਸ ਦਰਜ ਹੋਣ ਤੋਂ ਬਾਅਦ ਉਹ ਬਦਨਾਮ ਹੋ ਗਿਆ ਸੀ ਤੇ ਉਸਦੀ ਸੋਚ ਸੀ ਕਿ ਜਲੰਧਰ ਵੱਡਾ ਸ਼ਹਿਰ ਹੋਣ ਕਾਰਨ ਇਥੇ ਲੁੱਟ-ਖੋਹ ਕਰਨੀ ਆਸਾਨ ਹੋਵੇਗੀ ਤੇ ਜਲੰਧਰ ਵਿਚ ਉਸਨੂੰ ਕੋਈ ਜਾਣਦਾ ਵੀ ਨਹੀਂ। ਕਰੀਬ 10 ਦਿਨ ਪਹਿਲਾਂ ਉਸਨੇ ਬੱਸ ਸਟੈਂਡ ਕੋਲੋਂ ਇਕ ਮੋਟਰਸਾਈਕਲ ਚੋਰੀ ਕੀਤਾ ਸੀ ਤੇ ਉਸ ’ਤੇ ਸਵਾਰ ਹੋ ਕੇ ਉਸਨੇ ਨੀਤੂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਰਜਿੰਦਰ ਨਸ਼ੇ ਵਾਲੇ ਕੈਪਸੂਲ ਖਾਣ ਦਾ ਵੀ ਆਦੀ ਸੀ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਸਿਟੀ ਰੇਲਵੇ ਸਟੇਸ਼ਨ ’ਤੇ ਇਕ ਵਿਅਕਤੀ ਉਸ ਨੂੰ ਨਸ਼ੇ ਵਾਲੇ ਕੈਪਸੂਲ ਸਪਲਾਈ ਕਰਦਾ ਸੀ ਪਰ ਨਾ ਤਾਂ ਉਸ ਵਿਅਕਤੀ ਨੇ ਆਪਣਾ ਟੈਲੀਫੋਨ ਨੰਬਰ ਹੀ ਉਸਨੂੰ ਦੱਸਿਆ ਸੀ ਤੇ ਨਾ ਹੀ ਆਪਣਾ ਪਤਾ ਤਾਂ ਜੋ ਉਹ ਪੁਲਸ ਦੀ ਪਕੜ ਵਿਚ ਨਾ ਆ ਸਕੇ। ਏ. ਐੈੱਸ. ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਰਜਿੰਦਰ ਸਿੰਘ ਕੋਲੋਂ 88 ਨਸ਼ੇ ਵਾਲੇ ਕੈਪਸੂਲ ਵੀ ਬਰਾਮਦ ਕੀਤੇ ਅਤੇ ਸੋਨੇ ਦੀ ਚੇਨ ਦਾ ਟੁੱਟਿਆ ਹਿੱਸਾ ਵੀ।
ਮਾਂ-ਬਾਪ ਦਾ ਨਹੀਂ ਮਿਲਿਆ ਪਿਆਰ, ਇਸ ਲਈ ਹੋ ਗਿਆ ਨਸ਼ੇ ਦਾ ਆਦੀ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਹਰਜਿੰਦਰ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਭੂਆ ਦੇ ਘਰ ਇੰਦਰਾ ਕਾਲੋਨੀ ਨਕੋਦਰ ਵਿਚ ਰਹਿੰਦਾ ਸੀ। ਹੌਲੀ ਹੌਲੀ ਉਹ ਨਸ਼ੇ ਦਾ ਆਦੀ ਹੋ ਗਿਆ ਤੇ ਗਲਤ ਲੋਕਾਂ ਨਾਲ ਉਸਦੀ ਸੰਗਤ ਹੋ ਗਈ। ਹਰਜਿੰਦਰ ਦਾ ਵਿਆਹ 2003 ਵਿਚ ਹੋਇਆ ਸੀ ਤੇ ਉਸਦੇ ਤਿੰਨ ਬੱਚੇ ਵੀ ਹਨ। ਵਿਆਹ ਤੋਂ ਬਾਅਦ ਉਸ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਉਸਦੀ ਪਤਨੀ ਆਪਣੇ ਪੇਕੇ ਪਿੰਡ ਲੋਹੀਆਂ ਜਾ ਕੇ ਰਹਿਣ ਲੱਗੀ।
ਫਗਵਾਡ਼ਾ ਪੁਲਸ ਨੇ ਉੱਚੀ ਆਵਾਜ਼ ਦੇ ਹਾਰਨ ਵਾਹਨਾਂ ’ਤੇ ਕੱਸਿਆ ਸ਼ਿਕੰਜਾ
NEXT STORY