ਹੁਸ਼ਿਆਰਪੁਰ, (ਘੁੰਮਣ)- ਸਿਵਲ ਹਸਪਤਾਲ ਟਾਂਡਾ ’ਚ ਤਾਇਨਾਤ ਇਕ ਮਹਿਲਾ ਡਾਕਟਰ ਖਿਲਾਫ਼ ਇਲਾਕਾ ਵਾਸੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਅੱਜ ਇਥੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨਾਲ ਮੁਲਾਕਾਤ ਕਰ ਕੇ ਇਕ ਮੰਗ-ਪੱਤਰ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਟਾਂਡਾ ਹਸਪਤਾਲ ’ਚ ਇਲਾਜ ਲਈ ਆਉਣ ਵਾਲੀਆਂ ਗਰਭਵਤੀ ਅੌਰਤਾਂ ਨੂੰ ਜਾਣ-ਬੁੱਝ ਕੇ ਪ੍ਰਾਈਵੇਟ ਹਸਪਤਾਲਾਂ ’ਚ ਰੈਫਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮਰੀਜ਼ਾਂ ਨੂੰ ਭਾਰੀ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਗਰਭਵਤੀ ਅੌਰਤਾਂ ਨੂੰ ਸੀਰੀਅਸ ਕਰਾਰ ਦੇ ਕੇ ਰੈਫਰ ਕੀਤਾ ਗਿਆ, ਉਨ੍ਹਾਂ ਦੀਆਂ ਸ਼ਹਿਰ ਦੇ ਹੀ ਚੈਰੀਟੇਬਲ ਹਸਪਤਾਲਾਂ ’ਚ ਨਾਰਮਲ ਡਲਿਵਰੀਆਂ ਹੋਈਆਂ। ਲੋਕਾਂ ਦੇ ਵਫ਼ਦ ਨੇ ਇਹ ਵੀ ਦੋਸ਼ ਲਾਇਆ ਕਿ ਮਰੀਜ਼ਾਂ ਦੀ ਸਕੈਨਿੰਗ ਚੈਰੀਟੇਬਲ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਸਕੈਨ ਸੈਂਟਰਾਂ ਤੋਂ ਵਾਰ-ਵਾਰ ਕਰਵਾਈ ਜਾਂਦੀ ਹੈ, ਜੋ ਕਿ ਜੱਚਾ-ਬੱਚਾ ਦੋਵਾਂ ਲਈ ਖਤਰਨਾਕ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐੱਸ. ਐੱਮ. ਓ. ਟਾਂਡਾ ਨੂੰ ਵੀ ਲਿਖਤੀ ਤੌਰ ’ਤੇ ਫਰਿਆਦ ਕੀਤੀ ਪਰ ਬਡ਼ੇ ਦੁੱਖ ਦੀ ਗੱਲ ਹੈ ਕਿ ਕੋਈ ਕਾਰਵਾਈ ਨਹੀਂ ਹੋਈ।
ਵਫ਼ਦ ਵਿਚ ਸ਼ਾਮਲ ਪਰਮਜੀਤ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਜਸਵੀਰ ਸਿੰਘ, ਪਰਮਾਨੰਦ ਦਿਵੇਦੀ, ਦਲਵਿੰਦਰ ਸਿੰਘ, ਮਨਜੋਤ ਸਿੰਘ, ਜਥੇ. ਦਵਿੰਦਰ ਸਿੰਘ, ਗੁਰਮਿੰਦਰ ਸਿੰਘ, ਚਰਨਜੀਤ ਕੌਰ, ਰਣਵੀਰ ਸ਼ਰਮਾ, ਪ੍ਰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਨੇ ਡੀ. ਸੀ. ਕੋਲੋਂ ਮੰਗ ਕੀਤੀ ਕਿ ਉਕਤ ਡਾਕਟਰ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਸਿਵਲ ਸਰਜਨ
ਸੰਪਰਕ ਕਰਨ ’ਤੇ ਸਿਵਲ ਸਰਜਨ ਡਾ. ਰੇਣੂ ਸੂਦ ਨੇ ਕਿਹਾ ਕਿ ਉਕਤ ਮਹਿਲਾ ਡਾਕਟਰ ਖਿਲਾਫ਼ ਕੁਝ ਸਮਾਜਕ ਸੰਗਠਨਾਂ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਸਕੇਗੀ।
ਨਵਾਂ ਸ਼ਹਿਰ : ਦੁਸਹਿਰਾ ਉਤਸਵ ਦੌਰਾਨ ਝੂਲੇ ਦੀ ਤਾਰ ਟੁੱਟੀ, ਕਈ ਜ਼ਖਮੀ
NEXT STORY