ਜਲੰਧਰ, (ਸ਼ੋਰੀ)– ਦੇਰ ਸ਼ਾਮ ਨਕੋਦਰ ਚੌਕ ਸਥਿਤ ਯਾਦਵ ਬਿਲਡਿੰਗ ਮਟੀਰੀਅਲ ਦੁਕਾਨ ਵਿਚ ਟਾਈਲਾਂ ਨਾ ਵਾਪਸ ਕਰਨ ਨੂੰ ਲੈ ਕੇ ਪੰਗਾ ਪੈ ਗਿਆ। ਦੁਕਾਨਦਾਰ ਅਤੇ ਗਾਹਕ ਵਿਚ ਗਾਲੀ-ਗਲੋਚ ਹੋਣ ਤੋਂ ਬਾਅਦ ਕੁੱਟ-ਮਾਰ ਤੱਕ ਹੋਈ। ਦੋਸ਼ ਹੈ ਕਿ ਇਸ ਦੌਰਾਨ ਗਾਹਕ ਨੇ ਫੋਨ ਕਰ ਕੇ ਆਪਣੇ ਸਾਥੀ ਨੂੰ ਬੁਲਾਇਆ, ਜਿਸ ਨੇ ਆਉਂਦਿਆਂ ਹੀ ਦੁਕਾਨ ਵਿਚ ਹਵਾਈ ਫਾਇਰ ਕੀਤੇ। ਇਸ ਦੌਰਾਨ ਲੋਹੇ ਦੀਆਂ ਰਾਡਾਂ, ਇੱਟਾਂ ਵੀ ਚੱਲੀਆਂ। ਵਿਵਾਦ ਵਿਚ ਇਕ ਨੌਜਵਾਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਹਵਾਈ ਫਾਇਰ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕਾਂ ਦੀ ਜਮ੍ਹਾ ਹੋਈ ਭੀੜ ਤੋਂ ਬਾਅਦ ਇਕ ਪੱਖ ਦੇ ਲੋਕ ਕਾਰ ਵਿਚ ਸਵਾਰ ਹੋ ਕੇ ਉਥੋਂ ਜਾਣ ਲੱਗੇ ਤਾਂ ਕਾਰ ਸਵਾਰ ਇਕ ਨੌਜਵਾਨ ਆਪਣੀ ਰਿਵਾਲਵਰ ਵਿਚ ਦੁਬਾਰਾ ਗੋਲੀਆਂ ਭਰਨ ਲੱਗਾ। ਦੁਕਾਨਦਾਰ ਪੱਖ ਦੇ ਲੋਕਾਂ ਨੇ ਇਸ ਦੀ ਵੀਡੀਓ ਵੀ ਆਪਣੇ ਮੋਬਾਇਲ ਵਿਚ ਬਣਾਈ ਹੈ। ਉਥੇ ਹੀ ਸਿਵਲ ਹਸਪਤਾਲ ਵਿਚ ਦੋਵਾਂ ਪੱਖਾਂ ਦੇ ਲੋਕਾਂ ਦੇ ਸਮਰਥਕਾਂ ਦਾ ਤਾਂਤਾ ਲੱਗ ਗਿਆ। ਕੋਈ ਘਟਨਾ ਨਾ ਹੋ ਸਕੇ, ਇਸ ਲਈ ਪੁਲਸ ਫੋਰਸ ਤਾਇਨਾਤ ਹੋ ਗਈ। ਏ. ਡੀ. ਸੀ. ਪੀ. ਸਿਟੀ-2 ਸੂਡਰਵਿਜੀ, ਸੀ. ਆਈ. ਏ. ਸਟਾਫ ਦੇ ਇੰਚਾਰਜ ਅਜੇ ਸਿੰਘ, ਥਾਣਾ 4, ਥਾਣਾ 2, ਪੁਲਸ ਲਾਈਨ ਇੰਚਾਰਜ ਸ਼ਸ਼ੀ ਪਾਲ ਸ਼ਰਮਾ ਪੁਲਸ ਫੋਰਸ ਸਮੇਤ ਖੜ੍ਹੇ ਰਹੇ। ਹਾਲਾਂਕਿ ਡਾਕਟਰ ਨੇ ਭੀੜ ਨੂੰ ਦੇਖ ਕੇ ਹੂਟਰ ਵੀ ਮਾਰੇ ਅਤੇ ਪੁਲਸ ਨੇ ਦਰਵਾਜ਼ੇ ਬੰਦ ਕਰ ਕੇ ਸਮਰਥਕਾਂ ਨੂੰ ਅੰਦਰ ਆਉਣ ਤੋਂ ਰੋਕਿਆ। ਪਹਿਲੀ ਧਿਰ ਦੇ ਹਰਿਦੁਆਰੀ ਲਾਲ ਯਾਦਵ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਤੋਂ ਸਹਾਇਕ ਕਮਾਂਡੈਂਟ ਰਿਟਾਇਰ ਹੋਏ ਹਨ ਅਤੇ ਲੜਕੇ ਦੇ ਨਾਲ ਨਕੋਦਰ ਚੌਕ ’ਚ ਯਾਦਵ ਬਿਲਡਿੰਗ ਮਟੀਰੀਅਲ ਨਾਂ ਦੀ ਦੁਕਾਨ ਚਲਾਉਂਦੇ ਹਨ। ਕੁਝ ਦਿਨ ਪਹਿਲਾਂ ਮਿੱਠੂ ਬਸਤੀ ਨਿਵਾਸੀ ਵਿਅਕਤੀ ਦਿਲਜਾਨ ਸਿੰਘ ਆਪਣੇ ਦੋ ਸਾਥੀਆਂ ਸਮੇਤ ਉਨ੍ਹਾਂ ਕੋਲੋਂ ਸਸਤੇ ਰੇਟ ’ਤੇ ਕਰੀਬ 140 ਟਾਈਲਾਂ ਦੇ ਡੱਬੇ ਲੈ ਗਿਆ। ਅੱਜ ਉਹ ਉਨ੍ਹਾਂ ਦੀ ਦੁਕਾਨ ’ਤੇ ਆ ਕੇ ਕੁਝ ਡੱਬੇ ਵਾਪਸ ਕਰਨ ਆ ਗਿਆ। ਜਿਵੇਂ ਹੀ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਇੰਨੇ ਦਿਨਾਂ ਤੋਂ ਬਾਅਦ ਡੱਬੇ ਵਾਪਸ ਨਹੀਂ ਹੁੰਦੇ ਤਾਂ ਉਹ ਵਿਵਾਦ ਅਤੇ ਗਾਲੀ-ਗਲੋਚ ਕਰਨ ਲੱਗਾ। ਇੰਨਾ ਹੀ ਨਹੀਂ, ਦਿਲਜਾਨ ਸਿੰਘ ਨੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਦੁਕਾਨ ਵਿਚ ਤੁਰੰਤ ਆਉਣ ਨੂੰ ਕਿਹਾ।
ਹਰਿਦੁਆਰੀ ਲਾਲ ਮੁਤਾਬਕ ਮਾਮਲਾ ਵਧ ਨਾ ਜਾਵੇ, ਇਸ ਲਈ ਉਨ੍ਹਾਂ ਦੀ ਪਤਨੀ ਅਲਕਾ ਨੇ ਦੁਕਾਨ ਬੰਦ ਕਰਨੀ ਸ਼ੁਰੂ ਕੀਤੀ। ਇਸੇ ਦੌਰਾਨ ਦਿਲਜਾਨ ਸਿੰਘ ਦੇ ਸਾਥੀ ਆਏ ਅਤੇ ਪਤਨੀ ਨੂੰ ਧੱਕਾ ਦੇ ਕੇ ਜ਼ਬਰਦਸਤੀ ਦੁਕਾਨ ਵਿਚ ਦਾਖਲ ਹੋ ਕੇ ਭੰਨ-ਤੋੜ ਕਰਨ ਲੱਗੇ। ਹਮਲਾਵਰਾਂ ਵਿਚੋਂ ਇਕ ਨੌਜਵਾਨ ਨੇ ਆਪਣੀ ਰਿਵਾਲਵਰ ਤੋਂ ਕਰੀਬ 3 ਹਵਾਈ ਫਾਇਰ ਕੀਤੇ ਅਤੇ ਲੜਕੇ ਸ਼ਿਵਮ ਯਾਦਵ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।
ਓਧਰ ਦੂਜੀ ਧਿਰ ਦੇ ਜ਼ਖ਼ਮੀ ਦਿਲਜਾਨ ਸਿੰਘ ਪੁੱਤਰ ਕੇਸਰ ਸਿੰਘ ਨਿਵਾਸੀ ਗੁਰੂ ਅਰਜਨ ਨਗਰ ਬਸਤੀ ਮਿੱਠੂ ਨੇ ਕਿਹਾ ਕਿ ਉਹ ਆਪਣੇ ਭਰਾ ਦੇ ਨਾਲ ਟਾਈਲਾਂ ਵਾਪਸ ਕਰਨ ਗਏ ਤਾਂ ਦੁਕਾਨਦਾਰ ਸ਼ਿਵਮ ਨੇ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ। ਇਸੇ ਵਿਚਕਾਰ ਉਨ੍ਹਾਂ ਦੇ ਭਤੀਜੇ ਗੁਰਪਿਆਰ ਸਿੰਘ ਦਾ ਉਨ੍ਹਾਂ ਨੂੰ ਫੋਨ ਆਇਆ ਅਤੇ ਭਤੀਜੇ ਨੂੰ ਸਾਰੀ ਗੱਲ ਦੱਸੀ। ਦੁਕਾਨਦਾਰ ਨੇ ਆਪਣੇ ਪਿਤਾ ਅਤੇ ਸਾਥੀਆਂ ਸਮੇਤ ਉਸ ਨੂੰ ਕੁੱਟਿਆ ਅਤੇ ਭਰਾ ’ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਭਤੀਜਾ ਗੁਰਪਿਆਰ ਸਿੰਘ ਯਾਦਵ ਬਿਲਡਿੰਗ ਮਟੀਰੀਅਲ ਦੁਕਾਨ ’ਤੇ ਉਨ੍ਹਾਂ ਨੂੰ ਬਚਾਉਣ ਆਇਆ ਤਾਂ ਹਮਲਾਵਰ ਨੇ ਭਤੀਜੇ ਨਾਲ ਵੀ ਕੁੱਟ-ਮਾਰ ਕੀਤੀ ਅਤੇ ਲੜਕੇ ਲਵਲੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਭਤੀਜੇ ਨੇ ਆਪਣੀ ਸੁਰੱਖਿਆ ਲਈ 1 ਹਵਾਈ ਫਾਇਰ ਕੀਤਾ, ਜਿਸ ਤੋਂ ਬਾਅਦ ਹਮਲਾਵਰ ਪਿੱਛੇ ਹਟੇ ਅਤੇ ਉਹ ਉਥੋਂ ਜਾਨ ਬਚਾ ਕੇ ਸਿਵਲ ਹਸਪਤਾਲ ਪਹੁੰਚੇ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਗੁਰਪਿਆਰ ਸਿੰਘ ਕਾਂਗਰਸੀ ਨੇਤਾ ਹੈ ਅਤੇ ਨਗਰ ਨਿਗਮ ਦਾ ਠੇਕੇਦਾਰ ਹੈ।
ਲੋਹਡ਼ੀ ਵਾਲੇ ਦਿਨ ਨੌਜਵਾਨ ਤੇ ਬੱਚਿਆਂ ਵਲੋਂ ਜੰਮ ਕੇ ਕੀਤੀ ਜਾਂਦੀ ਹੈ ਪਤੰਗਬਾਜ਼ੀ
NEXT STORY