ਜਲੰਧਰ (ਮਹੇਸ਼)— ਦਿਹਾਤੀ ਪੁਲਸ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਢੰਡੋਰ ਵਾਸੀ ਇਕ ਕਿਸਾਨ ਨੇ ਆਪਣੇ ਪਿੰਡ ਦੀ ਸ਼ਮਸ਼ਾਨਘਾਟ 'ਤੇ ਜਾ ਕੇ ਦਰੱਖਤ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਕ ਨਵਜੰਮੇ ਬੱਚੇ ਦੀ ਮੌਤ ਹੋ ਜਾਣ ਕਾਰਣ ਉਸ ਨੂੰ ਸ਼ਮਸ਼ਾਨਘਾਟ ਵਿਚ ਦਫਨਾਉਣ ਆਏ ਪਿੰਡ ਦੇ ਹੀ ਕੁੱਝ ਲੋਕਾਂ ਨੇ ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਵੇਖੀ। ਉਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ, ਜਿਸ ਤੋਂ ਬਾਅਦ ਮ੍ਰਿਤਕ ਦੀ ਪਤਨੀ, ਨੂੰਹ ਅਤੇ ਪੋਤਰੇ ਸ਼ਮਸ਼ਾਨਘਾਟ ਵਿਖੇ ਪਹੁੰਚੇ। ਪੁਲਸ ਨੂੰ ਸੂਚਨਾ ਮਿਲਣ 'ਤੇ ਐੱਸ. ਐੱਚ. ਓ. ਪਤਾਰਾ ਰਣਬੀਰ ਸਿੰਘ, ਏ. ਐੱਸ. ਆਈ. ਡੇਵਿਡ ਅਤੇ ਏ. ਐੱਸ. ਆਈ. ਸੁਖਦੇਵ ਰਾਜ ਮੌਕੇ 'ਤੇ ਪਹੁੰਚੇ ਅਤੇ ਕਸ਼ਮੀਰ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 20 ਜੁਲਾਈ ਨੂੰ ਉਹ ਅਚਾਨਕ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਲੜਕੇ ਪਰਗਟ ਸਿੰਘ ਦੀ ਐਕਸੀਡੈਂਟ ਵਿਚ ਮੌਤ ਹੋ ਗਈ, ਜਿਸ ਕਾਰਣ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਐੱਸ. ਐੱਚ. ਓ. ਪਤਾਰਾ ਨੇ ਦੱਸਿਆ ਕਿ ਪੁਲਸ ਨੇ ਕਸ਼ਮੀਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਗਲਵਾਰ ਨੂੰ ਸਵੇਰੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਕੈਪਟਨ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ (ਦੇਖੋ 23 ਜੁਲਾਈ ਦੀਆਂ ਖਾਸ ਖਬਰਾਂ)
NEXT STORY