ਭੁਲੱਥ, (ਰਜਿੰਦਰ, ਭੁਪੇਸ਼)- 24 ਸਾਲਾ ਲੜਕੀ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦੇ ਦੋਸ਼ ਵਿਚ ਥਾਣਾ ਭੁਲੱਥ ਦੀ ਪੁਲਸ ਨੇ ਭੁਲੱਥ ਨਿਵਾਸੀ ਲੜਕੇ, ਉਸ ਦੇ ਭਰਾ ਤੇ ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ ਜਾਣਕਾਰੀ ਅਨੁਸਾਰ ਭੁਲੱਥ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਰਿਆਲੀ ਕਲਾਂ ਥਾਣਾ ਘਣੀਏ-ਕੇ-ਬਾਂਗਰ ਜ਼ਿਲਾ ਗੁਰਦਾਸਪੁਰ ਨੇ ਦੱਸਿਆ ਕਿ ਮੇਰੀ ਛੋਟੀ ਲੜਕੀ ਮਨਦੀਪ ਕੌਰ (24) ਕਸਬਾ ਧਾਰੀਵਾਲ ਵਿਖੇ ਸਕਿੱਲ ਸੈਂਟਰ ਵਿਚ ਸਿਲਾਈ-ਕਢਾਈ ਦਾ ਕੰਮ ਸਿਖਾਉਂਦੀ ਸੀ। ਬੀਤੇ ਕਲ ਉਹ ਸਵੇਰੇ ਘਰੋਂ ਆਪਣੀ ਡਿਊਟੀ ’ਤੇ ਗਈ ਪਰ ਸ਼ਾਮ ਨੂੰ ਘਰ ਨਹੀਂ ਪਰਤੀ। ਉਸ ਕੋਲ ਫੋਨ ਨਾ ਹੋਣ ਕਾਰਨ ਸਾਡਾ ਸੰਪਰਕ ਨਹੀਂ ਹੋ ਸਕਿਆ। ਇਸੇ ਦੌਰਾਨ ਮੇਰੇ ਗੁਆਢੀ ਲਖਵੀਰ ਸਿੰਘ ਨੇ ਮੇਰੇ ਘਰ ਆ ਕੇ ਦੱਸਿਆ ਕਿ ਦੀਪਕ ਕੁਮਾਰ ਪੁੱਤਰ ਲੇਟ ਨਰੇਸ਼ ਕੁਮਾਰ ਵਾਸੀ ਭੁਲੱਥ ਨੇ ਮੈਨੂੰ ਫੋਨ ’ਤੇ ਦੱਸਿਆ ਹੈ ਕਿ ਤੁਹਾਡੀ ਲੜਕੀ ਮਨਦੀਪ ਕੌਰ ਭੁਲੱਥ ਆਈ ਹੋਈ ਸੀ ਤੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਉਹ ਭੁਲੱਥ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹੈ। ਜਿਸ ’ਤੇ ਮੈਂ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਭੁਲੱਥ ਲਈ ਰਵਾਨਾ ਹੋਇਆ।
ਉਸ ਨੇ ਦੱਸਿਆ ਕਿ ਜਦੋਂ ਅਸੀਂ ਬਟਾਲਾ ਕਰਾਸ ਕਰ ਰਹੇ ਸੀ ਤਾਂ ਮੇਰੇ ਨਾਲ ਬੈਠੇ ਸਰਪੰਚ ਹਰਜੀਤ ਸਿੰਘ ਦੇ ਫੋਨ ’ਤੇ ਫੋਨ ਆਇਆ ਕਿ ਮਨਦੀਪ ਕੌਰ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਚੁੱਕੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਮਨਦੀਪ ਕੌਰ ਨੂੰ ਦੀਪਕ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਭੁਲੱਥ ਨੇ ਵਿਆਹ ਕਰਵਾਉਣ ਦਾ ਲਾਰਾ ਲਗਾਇਆ ਹੋਇਆ ਸੀ। ਉਹ ਮੇਰੀ ਲੜਕੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਜਿਸ ਕਰਕੇ ਉਸਨੇ ਕਿਸੇ ਹੋਰ ਨਾਲ ਮੰਗਣੀ ਕਰਵਾ ਲਈ, ਇਸ ਬਾਰੇ ਮੇਰੀ ਲੜਕੀ ਨੂੰ ਪਤਾ ਲੱਗ ਗਿਆ ਸੀ ਪਰ ਉਹ ਫਿਰ ਵੀ ਦੀਪਕ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ। ਇਸੇ ਦੌਰਾਨ ਦੀਪਕ ਕੁਮਾਰ ਨੇ ਮੇਰੀ ਲੜਕੀ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਲਈ ਪਿੰਡ ਧਾਰੀਵਾਲ ਤੋਂ ਕਲ ਉਸਨੂੰ ਆਪਣੇ ਘਰ ਭੁਲੱਥ ਲਿਆਂਦਾ। ਘਰ ਵਿਚ ਆਪਣੇ ਪਰਿਵਾਰ ਮਾਤਾ ਸੰਤੋਸ਼ ਰਾਣੀ ਤੇ ਭਰਾ ਕਰਨ ਨਾਲ ਮਿਲਾ ਕੇ ਮੇਰੀ ਬੇਟੀ ਮਨਦੀਪ ਕੌਰ ਨੂੰ ਕੋਈ ਜ਼ਹਿਰੀਲੀ ਦਵਾਈ ਦੇ ਕੇ ਮਾਰ ਦਿੱਤਾ। ਐੱਸ. ਐੱਚ. ਓ. ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਉਤੇ ਭੁਲੱਥ ਪੁਲਸ ਵਲੋਂ ਦੀਪਕ ਕੁਮਾਰ ਪੁੱਤਰ ਨਰੇਸ਼ ਕੁਮਾਰ, ਉਸਦੇ ਭਰਾ ਕਰਨ ਤੇ ਮਾਤਾ ਸੰਤੋਸ਼ ਰਾਣੀ ਖਿਲਾਫ ਥਾਣਾ ਭੁਲੱਥ ਵਿਖੇ ਕਤਲ ਦਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਫਰ ਦੌਰਾਨ ਨੌਜਵਾਨ ਦੀ ਮੌਤ, ਜਲੰਧਰ ਰੇਲਵੇ ਸਟੇਸ਼ਨ ‘ਤੇ ਪਿਆ ਚੀਕ-ਚਿਹਾੜਾ
NEXT STORY