ਕਰਤਾਰਪੁਰ (ਸਾਹਨੀ)— ਕਰਤਾਰਪੁਰ-ਕਪੂਰਥਲਾ ਰੋਡ 'ਤੇ ਸਥਿਤ ਰੇਲਵੇ ਫਾਟਕ ਨੇੜੇ ਲੱਗੇ ਬਿਜਲੀ ਦੇ ਖੰਭੇ 'ਤੇ ਬਿਜਲੀ ਸਪਲਾਈ ਦੀ ਮੁਰੰਮਤ ਕਰ ਰਹੇ ਇਕ ਸੀ. ਐੱਚ. ਪੀ. ਸੁਖਦੇਵ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਵਿਅਕਤੀ ਪਿਛਲੇ ਕਰੀਬ 8 ਮਹੀਨੇ ਤੋਂ ਪਾਵਰਕਾਮ ਦੇ ਠੇਕੇਦਾਰ ਜਸਪ੍ਰੀਤ ਸਿੰਘ ਕੋਲ ਸੀ. ਐੱਚ. ਪੀ. (ਕੰਪਲੇਂਟ ਹੈਂਡਲਿੰਗ ਪਰਸਨ) ਵਜੋਂ ਕੰਮ ਕਰ ਰਿਹਾ ਸੀ।
ਮ੍ਰਿਤਕ ਪਿਛਲੇ ਕਾਫੀ ਸਮੇਂ ਤੋਂ ਕਰਤਾਰਪੁਰ ਨੇੜੇ ਪਿੰਡ ਭਿਖਾ ਵਿਖੇ ਆਪਣੀ ਭੂਆ ਕੋਲ ਰਹਿੰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਪਿੱਛੇ ਬਿਜਲੀ ਬੋਰਡ ਦੇ ਸਥਾਈ ਲਾਈਨਮੈਨਾਂ ਨੂੰ ਦੋਸ਼ੀ ਦੱਸਿਆ ਕਿ ਉਨ੍ਹਾਂ ਦੀ ਕਥਿਤ ਅਣਗਹਿਲੀ ਕਾਰਨ ਹਾਦਸਾ ਵਾਪਰਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪਾੜਾ ਪਿੰਡ ਫੀਡਰ ਦੀ 4 ਘੰਟੇ ਵਾਲੀ ਮੋਟਰ ਨੂੰ ਬਿਜਲੀ ਸਪਲਾਈ ਨਹੀਂ ਚੱਲੀ, ਜਿਸ ਦੀ ਕੰਪਲੇਂਟ ਪਾਵਰਕਾਮ ਨੂੰ ਮਿਲੀ।
ਇਸ ਦੌਰਾਨ ਸਬੰਧਤ ਜੇ. ਈ. ਬਲਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਪਾਵਰਕਾਮ ਦੇ ਇਕ ਸਥਾਈ ਲਾਈਨਮੈਨ ਭੂਸ਼ਨ ਨੇ ਸਵੇਰੇ 11.45 ਵਜੇ ਉਕਤ ਫੀਡਰ ਦੀ ਬਿਜਲੀ ਬੰਦ ਕਰਨ ਦਾ ਪਰਮਿਟ ਕਟਵਾਇਆ ਅਤੇ ਮੌਕੇ 'ਤੇ ਇਕ ਲਾਈਨਮੈਨ ਹੁਸ਼ਿਆਰ ਸਿੰਘ, ਭੂਸ਼ਨ ਕੁਮਾਰ ਅਤੇ ਸੀ. ਐੱਚ. ਪੀ. ਸੁਖਦੇਵ ਸਿੰਘ ਪੁੱਤਰ ਸੁਖਵਿੰਦਰ ਸਿੰਘ ਪੁੱਜੇ। ਇਸ ਦੌਰਾਨ ਸੀ. ਐੱਚ. ਪੀ. ਸੁਖਦੇਵ ਸਿੰਘ ਬਿਜਲੀ ਦੇ ਪੋਲ 'ਤੇ ਲਾਈਨ ਦਾ ਸਵਿੱਚ ਬੰਦ ਕਰਨ ਲਈ ਚੜ੍ਹ ਗਿਆ ਅਤੇ ਇਸ ਦੌਰਾਨ ਬਿਜਲੀ ਦੇ ਸਵਿੱਚ ਦੀ ਮੁਰੰਮਤ ਕਰਦੇ ਸਮੇਂ 11 ਕੇ. ਵੀ. ਬਿਜਲੀ ਦੀ ਤਾਰ ਦੀ ਲਪੇਟ 'ਚ ਆ ਗਿਆ ਅਤੇ ਹੇਠਾਂ ਡਿੱਗ ਪਿਆ।
ਲਾਈਨਮੈਨ ਵੱਲੋਂ ਜੇ. ਈ. ਬਲਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਵੱਲੋਂ ਸੁਖਦੇਵ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਪੁੱਜੇ ਐੱਸ. ਡੀ. ਓ. ਮਦਨ ਲਾਲ ਅਤੇ ਰਾਮ ਲਾਲ ਨੇ ਦੱਸਿਆ ਕਿ ਪਾਵਰਕਾਮ ਵਿਚ ਕੰਪਲੇਂਟ ਠੀਕ ਕਰਨ ਲਈ ਠੇਕੇਦਾਰ ਕੋਲੋਂ ਲੇਬਰ ਲਈ ਜਾਂਦੀ ਹੈ, ਇਸ ਦੌਰਾਨ ਵਿਭਾਗ ਦਾ ਲਾਈਨਮੈਨ ਫਾਲਟ ਠੀਕ ਕਰਦਾ ਹੈ ਅਤੇ ਸੀ. ਐੱਚ. ਪੀ. ਉਸ ਦੀ ਸਹਾਇਤਾ ਕਰਦੇ ਹਨ। ਹਾਦਸੇ ਸਮੇਂ ਲਾਈਨਮੈਨ ਪੋਲ 'ਤੇ ਨਹੀ ਚੜ੍ਹਿਆ ਜਦਕਿ ਸੀ. ਐੱਚ. ਪੀ. ਸੁਖਦੇਵ ਸਿੰਘ ਸਵਿੱਚ ਬੰਦ ਕਰਨ ਲਈ ਚੜ੍ਹ ਗਿਆ।
ਇਸ ਦੌਰਾਨ ਬਿਜਲੀ ਦੀ ਸਪਲਾਈ ਤਾਂ ਬੰਦ ਸੀ ਪਰ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਿਸੇ ਨੇ ਜਨਰੇਟਰ ਆਦਿ ਚਲਾ ਦਿੱਤਾ ਹੋਵੇਗਾ, ਜਿਸ ਨਾਲ ਸਪਲਾਈ ਬੈਕ ਆ ਗਈ ਅਤੇ ਤਾਰ 'ਚ ਕਰੰਟ ਆਉਣ ਨਾਲ ਉਕਤ ਵਿਅਕਤੀ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਜੀ. ਆਰ. ਪੀ. ਪੁਲਸ ਦੇ ਇੰਸਪੈਕਟਰ ਸਤਪਾਲ ਸਿੰਘ ਅਤੇ ਹੈੱਡ ਕਾਸਟੇਂਬਲ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿਚ ਲੈ ਕੇ ਜਲੰਧਰ ਸਿਵਲ ਹਸਪਤਾਲ ਵਿਖੇ ਰੱਖ ਦਿੱਤੀ ਗਈ।
ਬੀ. ਐੱਮ. ਸੀ. ਚੌਕ ਨੇੜੇ ਲੁਟੇਰੇ ਬਜ਼ੁਰਗ ਔਰਤ ਦਾ ਪਰਸ ਖੋਹ ਕੇ ਹੋਏ ਫਰਾਰ
NEXT STORY