ਰੂਪਨਗਰ, (ਕੈਲਾਸ਼)- ਜ਼ਿਲਾ ਹੈੱਡਕੁਅਾਰਟਰ ’ਤੇ ਸਥਿਤ ਸਿਵਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਬੀਤੀ ਰਾਤ ਤਕਰੀਬਨ 1 ਘੰਟਾ 15 ਮਿੰਟ ਬਿਨਾਂ ਡਾਕਟਰ ਦੇ ਗੰਭੀਰ ਅਵਸਥਾ ਵਿਚ ਪਹੁੰਚੇ ਰੋਗੀਆਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਕਾਰਨ ਬਣਿਆ ਰਿਹਾ, ਜਿਸ ਸਬੰਧੀ ਮੌਕੇ ’ਤੇ ਪਹੁੰਚੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਰੋਸ ਪ੍ਰਗਟ ਕੀਤਾ ਤੇ ਇਸਦੀ ਸੂਚਨਾ ਐੱਸ. ਐੱਮ. ਓ. ਨੂੰ ਵੀ ਦਿੱਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਇਕ ਵਰਕਰ ਦੇ ਪਿਤਾ ਜਿਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ, ਨੂੰ ਲੈ ਕੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਪਹੁੰਚੇ ਸਨ ਪਰ ਮੌਕੇ ’ਤੇ ਮੌਜੂਦ ਲੇਡੀ ਡਾਕਟਰ ਨੇ ਉਨ੍ਹਾਂ ਨੂੰ ਚੈੱਕ ਕੀਤਾ ਪਰੰਤੂ ਰੋਗੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਦੋਂ ਚੰਡੀਗਡ਼੍ਹ ਪੀ. ਜੀ. ਆਈ. ਭੇਜਣ ਲਈ ਐਂਬੂਲੈਂਸ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਸੀ ਤਾਂ ਉਸਦੀ ਮੌਤ ਹੋ ਗਈ, ਜਿਸ ਕਾਰਨ ਉਹ ਉਥੇ ਰੁਕੇ ਹੋਏ ਸਨ। ਠੀਕ 8 ਵਜੇ ਜਦੋਂ ਲੇਡੀ ਡਾਕਟਰ ਦੀ ਡਿਊਟੀ ਸਮਾਪਤ ਹੋਈ ਤਾਂ ਉਹ ਰਾਤ ਨੂੰ ਆਉਣ ਵਾਲੇ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਡਿਊਟੀ ਛੱਡ ਕੇ ਕਰੀਬ 20 ਮਿੰਟ ਐਮਰਜੈਂਸੀ ਵਿਭਾਗ ਤੋਂ ਕੁਝ ਦੂਰੀ ’ਤੇ ਖਡ਼੍ਹੀ ਰਹੀ ਅਤੇ ਫੋਨ ’ਤੇ ਬਿਜ਼ੀ ਰਹੀ। ਅਸ਼ਵਨੀ ਨੇ ਦੱਸਿਆ ਕਿ ਉਸ ਸਮੇਂ ਐਮਰਜੈਂਸੀ ਵਿਚ ਕਈ ਰੋਗੀ ਜ਼ਿੰਦਗੀ ਤੇ ਮੌਤ ਵਿਚ ਸੰਘਰਸ਼ ਕਰ ਰਹੇ ਸਨ। ਇਕ 18 ਸਾਲਾ ਲਡ਼ਕਾ ਗੋਲੂ ਜਿਸ ਨੂੰ ਜ਼ਹਿਰ ਦੀਆਂ ਗੋਲੀਆਂ ਖਾਣ ਕਾਰਨ ਗੰਭੀਰ ਅਵਸਥਾ ਵਿਚ ਭਰਤੀ ਕੀਤਾ ਗਿਆ ਸੀ, ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਸੀ। ਇਸੇ ਤਰ੍ਹਾਂ ਇਕ 5 ਸਾਲਾ ਬੱਚੇ ਪਿਊਸ਼ ਨੂੰ ਵੀ ਆਕਸੀਜਨ ਲੱਗੀ ਹੋਈ ਸੀ ਅਤੇ ਹੋਰ ਰੋਗੀ ਵੀ ਜੋ ਗੰਭੀਰ ਅਵਸਥਾ ਵਿਚ ਸਨ, ਡਿਊਟੀ ’ਤੇ ਮੌਜੂਦ ਸਟਾਫ ਨਰਸ ਤੇ ਪੈਰਾ ਮੈਡੀਕਲ ਦੇ ਸਹਾਰੇ ਚੱਲ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਡਾਕਟਰ ਨੇ ਰਾਤ ਦੀ ਡਿਊਟੀ ’ਤੇ ਆਉਣਾ ਸੀ, ਉਹ ਡਿਊਟੀ ’ਤੇ ਨਹੀਂ ਪਹੁੰਚਿਆ, ਜਿਸ ਕਾਰਨ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਸੇਮ ਸਿੰਘ ਨੇ ਤੁਰੰਤ ਹਸਪਤਾਲ ਦੇ ਹੱਡੀ ਰੋਗ ਮਾਹਿਰ ਡਾ. ਬਜਿੰਦਰਾ ਸਿੰਘ ਨੂੰ ਐਮਰਜੈਂਸੀ ਦਾ ਚਾਰਜ ਸੰਭਾਲਣ ਦੇ ਆਦੇਸ਼ ਦਿੱਤੇ, ਤਾਂ ਕਿ ਭਰਤੀ ਰੋਗੀਆਂ ਨੂੰ ਕੋਈ ਨੁਕਸਾਨ ਨਾ ਹੋਵੇ, ਜਿਸਦੇ ਬਾਅਦ ਡਾ. ਬਜਿੰਦਰਾ ਸਿੰਘ 9:15 ਵਜੇ ਰਾਤ ਨੂੰ ਪਹੁੰਚੇ ਅਤੇ ਉਨ੍ਹਾਂ ਨੇ ਭਰਤੀ ਮਰੀਜ਼ਾਂ ਦੀ ਦੇਖਭਾਲ ਕੀਤੀ।
ਸਿਲੰਡਰ ਫਟਣ ਨਾਲ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY