ਜਲੰਧਰ (ਗੁਲਸ਼ਨ)— ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਰੇਲ ਟਰੈਕ ਜਾਮ ਕਰਨ ਦੇ ਕਾਰਨ ਮੇਲ ਐਕਸਪ੍ਰੈੱਸ ਅਤੇ ਪੈਸੰਜਰ 2 ਦਰਜਨ ਤੋਂ ਜ਼ਿਆਦਾ ਟਰੇਨਾਂ ਪ੍ਰਭਾਵਿਤ ਹੋਈਆਂ। ਟਰੇਨਾਂ ਪ੍ਰਭਾਵਿਤ ਹੋਣ ਕਰਕੇ ਹਜ਼ਾਰਾਂ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੰਗਲਵਾਰ ਦੁਪਹਿਰ ਅੰਮ੍ਰਿਤਸਰ ਰੂਟ 'ਤੇ ਰੇਲ ਟਰੈਕ ਜਾਮ ਕਰਨ ਦੀ ਸੂਚਨਾ ਮਿਲਦੇ ਹੀ ਸਾਵਧਾਨੀ ਵਜੋਂ ਟਰੇਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ। ਨਵੀਂ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾ ਰਹੀ ਸਵਰਣ ਸ਼ਤਾਬਦੀ ਐਕਸਪ੍ਰੈੱਸ ਨੂੰ ਬਿਆਸ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਇਸ ਨੂੰ ਸ਼ਾਮ ਨੂੰ ਉਥੋਂ ਹੀ ਵਾਪਸ ਨਵੀਂ ਦਿੱਲੀ ਲਈ ਚਲਾਇਆ ਗਿਆ। ਇਸੇ ਤਰ੍ਹਾਂ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨੂੰ ਜਲੰਧਰ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਸ਼ਾਮ 4 ਵਜੇ ਸਿਟੀ ਸਟੇਸ਼ਨ ਤੋਂ ਹੀ ਇਸ ਨੂੰ ਨਵੀਂ ਦਿੱਲੀ ਲਈ ਰਵਾਨਾ ਕੀਤਾ ਗਿਆ।
ਨੰਗਲ ਡੈਮ ਐਕਸਪ੍ਰੈੱਸ ਨੂੰ ਬੁਟਾਰੀ ਸਟੇਸ਼ਨ 'ਤੇ ਅਤੇ ਦਾਦਰ ਐਕਸਪ੍ਰੈੱਸ ਨੂੰ ਕੈਂਟ ਸਟੇਸ਼ਨ 'ਤੇ ਰੋਕਿਆ ਗਿਆ। ਇਸਦੇ ਇਲਾਵਾ ਦਿੱਲੀ-ਪਠਾਨਕੋਟ ਅਤੇ ਟਾਟਾ ਮੂਰੀ ਐਕਸਪ੍ਰੈੱਸ ਦਾ ਰੂਟ ਬਦਲ ਕੇ ਚਲਾਇਆ ਗਿਆ। ਟਰੇਨਾਂ ਦੇ ਬਹੁਤ ਜ਼ਿਆਦਾ ਲੇਟ ਹੋਣ ਕਾਰਨ ਕਈ ਮੁਸਾਫਰਾਂ ਨੇ ਆਪਣੀ ਟਿਕਟ ਰੱਦ ਕਰਵਾ ਕੇ ਰੀਫੰਡ ਵੀ ਲਿਆ। ਦੁਪਹਿਰ ਕਰੀਬ 12.30 ਵਜੇ ਜਾਮ ਹੋਇਆ ਰੇਲ ਟ੍ਰੈਕ ਸ਼ਾਮ ਕਰੀਬ 6.30 ਵਜੇ ਖੁੱਲ੍ਹਿਆ।
ਡੀ. ਆਰ. ਐੱਮ. ਨੇ ਮੁਸਾਫਿਰਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ
ਇਸ ਦਰਮਿਆਨ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅੱਗਰਵਾਲ ਨੇ ਟਵੀਟ ਕਰਕੇ ਮੁਸਾਫਿਰਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਸਾਵਧਾਨੀ ਵਜੋਂ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਮੁਸਾਫਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਉਨ੍ਹਾਂ ਨੂੰ ਦੁੱਖ ਹੈ ਪਰ ਰੇਲ ਟਰੈਕ ਕਲੀਅਰ ਹੁੰਦੇ ਹੀ ਟਰੇਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਲਈ ਯਾਤਰੀ ਸੰਜਮ ਵਰਤਣ।
ਪੁੱਛਗਿੱਛ ਕੇਂਦਰ 'ਤੇ ਲੱਗੀਆਂ ਰਹੀਆਂ ਲੰਮੀਆਂ ਲਾਈਨਾਂ
ਰੇਲ ਆਵਾਜਾਈ ਠੱਪ ਹੋਣ ਕਾਰਨ ਸਿਟੀ ਰੇਲਵੇ ਸਟੇਸ਼ਨ 'ਤੇ ਦਿਨ ਭਰ ਮੁਸਾਫਰਾਂ ਦੀ ਭੀੜ ਲੱਗੀ ਰਹੀ। ਸਰਦੀ ਦੇ ਮੌਸਮ ਵਿਚ ਯਾਤਰੀ ਲੰਬੇ ਸਮਾਂ ਤੱਕ ਪਲੇਟਫਾਰਮ 'ਤੇ ਬੈਠੇ ਟਰੇਨਾਂ ਦੇ ਚੱਲਣ ਦਾ ਇੰਤਜ਼ਾਰ ਕਰਦੇ ਰਹੇ। ਇਸ ਦੌਰਾਨ ਪੁੱਛਗਿਛ ਕੇਂਦਰ 'ਤੇ ਵੀ ਲੰਮੀਆਂ ਲਾਈਨਾਂ ਲੱਗੀਆ ਰਹੀਆਂ। ਹਰੇਕ ਯਾਤਰੀ ਟਰੇਨਾਂ ਦੀ ਜਾਣਕਾਰੀ ਲੈਣ ਲਈ ਬੇਚੈਨ ਸੀ। ਭੀੜ ਦੇ ਕਾਰਨ ਪੁੱਛਗਿਛ ਦੇ ਅੰਦਰ ਬੈਠਾ ਸਟਾਫ ਵੀ ਕਾਫੀ ਬੇਚੈਨ ਰਿਹਾ ਕਿਉਂਕਿ ਉਨ੍ਹਾਂ ਨੂੰ ਵੀ ਟਰੇਨਾਂ ਦੇ ਚੱਲਣ ਦੀ ਠੀਕ ਜਾਣਕਾਰੀ ਨਹੀਂ ਸੀ।
ਮੰਗਲਵਾਰ ਨੂੰ ਇਹ ਟਰੇਨਾਂ ਰਹੀਆਂ ਰੱਦ
ਮੰਗਲਵਾਰ ਨੂੰ ਸਿਟੀ ਸਟੇਸ਼ਨ ਤੋਂ ਗੁਜ਼ਰਨ ਵਾਲੀਆਂ ਕਰੀਬ ਇਕ ਦਰਜਨ ਟਰੇਨਾਂ ਰੱਦ ਰਹੀਆਂ। ਇਨ੍ਹਾਂ ਵਿਚ ਕੁਝ ਟਰੇਨਾਂ ਕਿਸਾਨ ਅੰਦੋਲਨ ਅਤੇ ਕੁਝ ਟਰੇਨਾਂ ਹੋਰ ਕਾਰਣਾਂ ਦੇ ਕਾਰਨ ਰੱਦ ਰਹੀਆਂ।
ਟਰੇਨ ਗਿਣਤੀ |
ਟਰੇਨ ਦਾ ਰੂਟ |
54643 |
ਫਿਰੋਜ਼ਪੁਰ ਪੈਸੰਜਰ
|
74937 |
ਫਿਰੋਜ਼ਪੁਰ ਪੈਸੰਜਰ |
54602 |
ਹਿਸਾਰ ਪੈਸੰਜਰ |
13006 |
ਹਾਵੜਾ ਮੇਲ |
14632 |
ਦੇਹਰਾਦੂਨ ਐਕਸਪ੍ਰੈੱਸ |
74642 |
ਅੰਮ੍ਰਿਤਸਰ-ਜਲੰਧਰ ਪੈਸੰਜਰ |
74643 |
ਅੰਮ੍ਰਿਤਸਰ-ਜਲੰਧਰ ਪੈਸੰਜਰ |
74938 |
ਜਲੰਧਰ-ਫਿਰੋਜ਼ਪੁਰ ਡੀ. ਐੱਮ. ਯੂ. |
74935 / 74936 |
ਜਲੰਧਰ-ਫਿਰੋਜ਼ਪੁਰ ਡੀ. ਐੱਮ. ਯੂ. |
74924 |
ਅੰਮ੍ਰਿਤਸਰ-ਹੁਸ਼ਿਆਰਪੁਰ ਡੀ. ਐੱਮ. ਯੂ. |
74916 / 74917 |
ਹੁਸ਼ਿਆਰਪੁਰ-ਜਲੰਧਰ-ਹੁਸ਼ਿਆਰਪੁਰ ਡੀ. ਐੱਮ. ਯੂ. |
64552 |
ਅੰਮ੍ਰਿਤਸਰ-ਲੁਧਿਆਣਾ ਡੀ. ਐੱਮ. ਯੂ. |
ਪੰਜਾਬ ਵਿਧਾਨ ਸਭਾ 'ਚ ਗੂੰਜੇਗਾ ਅਟਾਰੀ ਬਾਜ਼ਾਰ ਦੀਆਂ 36 ਨਾਜਾਇਜ਼ ਦੁਕਾਨਾਂ ਦਾ ਮਾਮਲਾ
NEXT STORY