ਨਵਾਂਸ਼ਹਿਰ (ਤ੍ਰਿਪਾਠੀ)— ਧਾਰਮਿਕ ਡੇਰੇ 'ਤੇ ਪ੍ਰੋਗਰਾਮ ਲਈ ਆਈ ਗਾਇਕਾ ਵੱਲੋਂ ਇਟਲੀ ਵਿਖੇ ਫਿਲਮ ਬਣਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਤੋਂ 12.80 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਾਮਪਾਲ ਪੁੱਤਰ ਸਵਰਨਾ ਰਾਮ ਵਾਸੀ ਪਿੰਡ ਚਣਕੋਈ ਅਤੇ ਹੋਰ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਧਾਰਮਿਕ ਸਥਾਨ ਨਾਲ ਆਸਥਾ ਹੈ ਅਤੇ ਉਹ ਉਸ ਡੇਰੇ 'ਤੇ ਜਾਂਦੇ ਹਨ। ਉਪਰੋਕਤ ਸਥਾਨ 'ਤੇ ਇਕ ਮਹਿਲਾ ਗਾਇਕਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨ ਆਈ ਸੀ। ਪ੍ਰੋਗਰਾਮ ਉਪਰੰਤ ਉਸ ਨੇ ਆਫਰ ਦਿੱਤਾ ਕਿ ਉਹ ਇਟਲੀ 'ਚ ਇਕ ਫਿਲਮ ਬਣਾਉਣ ਲਈ ਜਾ ਰਹੀ ਹੈ, ਜਿੱਥੇ ਉਹ ਉਨ੍ਹਾਂ ਨੂੰ ਨਾਲ ਲੈ ਕੇ ਜਾ ਸਕਦੀ ਹੈ। ਜਿਸ ਲਈ ਉਸ ਨੇ ਪ੍ਰਤੀ ਵਿਅਕਤੀ 3 ਲੱਖ ਰੁਪਏ ਦਾ ਖਰਚਾ ਦੱਸਦੇ ਹੋਏ ਕਿਹਾ ਕਿ ਪਹਿਲਾਂ ਮੈਡੀਕਲ ਅਤੇ ਟਿਕਟ ਲਈ 75 ਹਜ਼ਾਰ ਰੁਪਏ ਦੇਣੇ ਪੈਣਗੇ, ਜਦੋਂਕਿ ਬਾਕੀ ਰਕਮ ਬਾਅਦ 'ਚ ਦੇਣੀ ਹੋਵੇਗੀ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਪਰੋਕਤ ਗਾਇਕਾ ਦੇ ਝਾਂਸੇ 'ਚ ਆ ਕੇ ਉਨ੍ਹਾਂ ਉਸ ਨੂੰ 75-75 ਹਜ਼ਾਰ ਰੁਪਏ ਸਣੇ ਕੁੱਲ 12.80 ਲੱਖ ਰੁਪਏ ਦੇ ਦਿੱਤੇ, ਪਰ 7 ਮਹੀਨੇ ਦਾ ਸਮਾਂ ਬੀਤ ਜਾਣ 'ਤੇ ਵੀ ਉਪਰੋਕਤ ਗਾਇਕਾ ਨੇ ਉਨ੍ਹਾਂ ਨੂੰ ਇਟਲੀ ਨਹੀਂ ਭੇਜਿਆ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਨ੍ਹਾਂ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੀ ਗਾਇਕਾ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਬਲਾਚੌਰ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਪੋਜੇਵਾਲ ਦੀ ਪੁਲਸ ਨੇ ਉਕਤ ਗਾਇਕਾ ਖਿਲਾਫ ਧੋਖਾਦੇਹੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਕੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਸ਼ਿਆਰਪੁਰ ਦੀ ਧੀ ਨੇ ਚਮਕਾਇਆ ਨਾਂ, ਬਣੀ 'ਦੇਲੀਵੁਡ ਮਿਸ ਇੰਡੀਆ ਪੰਜਾਬ'
NEXT STORY