ਜਲੰਧਰ (ਜ. ਬ.)— ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਕਪਿਲ ਸ਼ਰਮਾ ਖਿਲਾਫ ਕੈਨੇਡਾ ਭੇਜਣ ਦੇ ਨਾਂ 'ਤੇ 6 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰਨ 'ਤੇ ਪੁਲਸ ਨੇ ਦੇਰ ਰਾਤ ਕੇਸ ਦਰਜ ਕਰ ਲਿਆ ਹੈ। ਇਸ ਕੇਸ ਨੂੰ ਮਿਲਾ ਕੇ ਮੁਲਜ਼ਮ ਦੇ ਖਿਲਾਫ ਕੁਲ 31 ਮਾਮਲੇ ਦਰਜ ਹੋ ਚੁੱਕੇ ਹਨ। ਹੁਸ਼ਿਆਰਪੁਰ ਨਿਵਾਸੀ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਪੁੱਤਰੀ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਣਾ ਚਾਹੁੰਦਾ ਸੀ, ਜਿਸ ਕਾਰਨ ਉਹ ਸਟੱਰੀ ਐਕਸਪ੍ਰੈਸ ਨਾਮਕ ਦਫਤਰ 'ਚ ਕਪਿਲ ਸ਼ਰਮਾ ਨੂੰ ਮਿਲਿਆ ਸੀ। ਮੁਲਜ਼ਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਧੀ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜ ਦੇਵੇਗਾ, ਜਿਸ ਦਾ ਕੁਲ ਖਰਚਾ 12 ਲੱਖ 65 ਹਜ਼ਾਰ ਰੁਪਏ ਰੁਪਏ ਆਵੇਗਾ। ਇਸ 'ਤੇ ਉਨ੍ਹਾਂ ਨੇ ਦੋ ਬੈਂਕ ਖਾਤਿਆਂ 'ਚੋਂ ਉਕਤ ਨਕਦੀ ਕਪਿਲ ਸ਼ਰਮਾ ਦੇ ਬੈਂਕ ਖਾਤੇ 'ਚ ਟਰਾਂਸਫਰ ਕਰਵਾ ਦਿੱਤੀ।
ਸੁਖਵਿੰਦਰ ਨੇ ਦੱਸਿਆ ਕਿ ਮੁਲਜ਼ਮ ਨੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵੀਜ਼ਾ ਰਿਫਿਊਜ਼ ਹੋ ਗਿਆ ਹੈ। ਇਸ 'ਤੇ ਉਨ੍ਹਾਂ ਨੇ ਆਪਣੇ ਪੱਧਰ 'ਤੇ ਇਸ ਸਬੰਧ 'ਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਫਾਈਲ ਕੈਨੇਡਾ ਅੰਬੈਸੀ 'ਚ ਲਾਈ ਹੀ ਨਹੀਂ ਸੀ। ਇਸ ਤੋਂ ਬਾਅਦ ਕਪਿਲ ਸ਼ਰਮਾ ਤੋਂ ਪੈਸੇ ਵਾਪਸ ਮੰਗੇ ਗਏ। ਉਸ ਨੇ ਪਹਿਲਾਂ ਤਾਂ ਟਾਲਮਟੋਲ ਕੀਤੀ ਅਤੇ ਬਾਅਦ 'ਚ ਫਿਰ ਬਾਅਦ 'ਚ 2 ਕਿਸ਼ਤਾਂ 'ਚ ਉਸ ਨੇ ਾਂ6 ਲੱਖ ਰੁਪਏ ਵਾਪਸ ਕਰ ਦਿੱਤੇ। ਬਾਕੀ ਰਹਿੰਦੇ 6.65 ਲੱਖ ਰੁਪਏ ਵਾਪਸ ਨਹੀਂ ਕੀਤੇ। ਥਾਣਾ ਨਵੀਂ ਬਾਰਾਂਦਰੀ ਦੇ ਐੱਸ. ਐੱਚ. ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਜਾਂਚ ਮਾਨਵ ਸਮੱਗਲਿੰਗ ਵਿਰੋਧੀ ਸ਼ਾਖਾ ਨੂੰ ਸੌਂਪੀ ਗਈ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਕਪਿਲ ਸ਼ਰਮਾ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 406, 420 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਰੇਲਵੇ ਸਟੇਸ਼ਨ 'ਤੇ ਸਵੱਛਤਾ ਸਰਵੇਖਣ ਸ਼ੁਰੂ, ਜਲਦੀ ਹੀ ਸਿਟੀ ਸਟੇਸ਼ਨ 'ਤੇ ਹੋਵੇਗਾ ਸਰਵੇ
NEXT STORY