ਜਲੰਧਰ (ਚੋਪੜਾ)— ਵਾਰਡ ਨੰਬਰ 67 ਦੀ ਕੌਂਸਲਰ ਕੰਵਲਜੀਤ ਕੌਰ ਗੁੱਲੂ ਦੇ ਪਤੀ ਕਾਂਗਰਸੀ ਆਗੂ ਮਹਿੰਦਰ ਸਿੰਘ ਗੁੱਲੂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਖਿਲਾਫ ਨਾਜਾਇਜ਼ ਉਸਾਰੀ ਕਰਵਾਉਣ ਨੂੰ ਲੈ ਕੇ ਕੂੜ ਪ੍ਰਚਾਰ ਕਰਨ ਵਾਲਿਆਂ ਖਿਲਾਫ ਉਹ ਮਾਣਹਾਨੀ ਦਾ ਦਾਅਵਾ ਠੋਕਣਗੇ।ਉਨ੍ਹਾਂ ਕਿਹਾ ਕਿ ਆਰ. ਟੀ. ਆਈ. ਐਕਟੀਵਿਸਟ ਰਵਿੰਦਰਪਾਲ ਚੱਢਾ ਅਤੇ ਹੋਰ ਉਨ੍ਹਾਂ ਖਿਲਾਫ ਨਾਜਾਇਜ਼ ਉਸਾਰੀ ਕਰਵਾਉਣ ਸਬੰਧੀ ਝੂਠੇ ਅਤੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੋਪਾਲ ਨਗਰ 'ਚ ਗਾਜ਼ੀਗੁੱਲਾ ਰੋਡ 'ਤੇ ਜੇ. ਆਈ. ਟੀ. ਦੀ 31.78 ਏਕੜ ਵਿਕਾਸ ਸਕੀਮ ਤਹਿਤ ਉਨ੍ਹਾਂ ਪਲਾਟ ਨੰ. 6 ਖਰੀਦਿਆ ਸੀ। ਇਸ ਸਬੰਧੀ ਨਗਰ ਨਿਗਮ ਨੇ ਇਸ ਸੜਕ ਨੂੰ ਕਮਰਸ਼ੀਅਲ ਕਰਵਾਉਣ ਨੂੰ ਲੈ ਕੇ ਇਕ ਪ੍ਰਸਤਾਵ 30 ਅਪ੍ਰੈਲ 2018 ਨੂੰ ਭੇਜਿਆ ਸੀ। ਪੰਜਾਬ ਸਰਕਾਰ ਨੇ ਇਸ ਪ੍ਰਸਤਾਵ ਨੂੰ 11 ਅਕਤੂਬਰ 2018 ਨੂੰ ਮਨਜ਼ੂਰੀ ਦਿੰਦਿਆਂ ਇਸ ਸੜਕ ਨੂੰ ਕਮਰਸ਼ੀਅਲ ਐਲਾਨ ਕਰ ਦਿੱਤਾ ਸੀ।
ਮਹਿੰਦਰ ਗੁੱਲੂ ਨੇ ਦੱਸਿਆ ਕਿ ਕਮਰਸ਼ੀਅਲ ਐਲਾਨ ਹੋਣ 'ਤੇ ਇਸ ਸਕੀਮ ਨਾਲ ਸਬੰਧਤ ਪਲਾਟ ਨੰਬਰ 1 ਤੋਂ ਲੈ ਕੇ 14 ਅਤੇ 18 ਅਤੇ 19 ਨੂੰ ਸਿੱਧਾ ਲਾਭ ਮਿਲਿਆ। ਨਿਗਮ ਨੇ ਉਕਤ ਪਲਾਟ ਦੇ ਅਲਾਟੀਆਂ ਨੂੰ ਚੇਂਜ ਆਫ ਲੈਂਡ ਯੂਜ਼ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤੇ। ਉਨ੍ਹਾਂ ਨੇ ਵੀ ਆਪਣੇ ਪਲਾਟ ਦਾ ਚੇਂਜ ਆਫ ਲੈਂਡ ਯੂਜ਼ ਕਰਵਾਉਣ ਨੂੰ ਲੈ ਕੇ 23,21,568 ਰੁਪਏ ਜਮ੍ਹਾ ਕਰਵਾ ਦਿੱਤੇ ਸਨ।
ਮਹਿੰਦਰੂ ਗੁੱਲੂ ਨੇ ਕਿਹਾ ਕਿ ਸੀ. ਐੱਲ. ਯੂ. ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਉਕਤ ਪਲਾਟ 'ਤੇ ਕਮਰਸ਼ੀਅਲ ਨਿਰਮਾਣ ਕਰਵਾਇਆ ਪਰ ਰਵਿੰਦਰਪਾਲ ਉਨ੍ਹਾਂ ਖਿਲਾਫ ਫਿਰ ਤੋਂ ਨਾਜਾਇਜ਼ ਨਿਰਮਾਣ ਦੀਆਂ ਸ਼ਿਕਾਇਤਾਂ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਬਿਲਡਿੰਗ ਨਾਲ ਸਬੰਧਤ ਸਾਰੇ ਦਸਤਾਵੇਜ਼ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਸਾਹਮਣੇ ਰੱਖ ਚੁੱਕੇ ਹਨ ਅਤੇ ਜਲਦੀ ਹੀ ਝੂਠਾ ਪ੍ਰਚਾਰ ਕਰਨ ਵਾਲਿਆਂ ਖਿਲਾਫ ਅਦਾਲਤ 'ਚ ਮਾਣਹਾਨੀ ਦਾ ਦਾਅਵਾ ਕਰਨਗੇ।
ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਫੜਿਆ
NEXT STORY