ਕਾਠਗੜ੍ਹ, (ਰਾਜੇਸ਼/ਭਾਟੀਆ)- ਬਲਾਚੌਰ-ਰੋਪੜ ਰਾਜ ਮਾਰਗ ’ਤੇ ਸਥਿਤ ਕਾਠਗੜ੍ਹ ਮੋੜ ’ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪ੍ਰਾਈਵੇਟ ਬੱਸ ਦੀਆਂ ਸਵਾਰੀਆਂ ਨੇ ਦੂਜੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਘੇਰ ਲਿਆ।
ਜਾਣਕਾਰੀ ਮੁਤਾਬਿਕ 2 ਵੱਖ-ਵੱਖ ਪ੍ਰਾਈਵੇਟ ਬੱਸਾਂ ਬਲਾਚੌਰ ਤੋਂ ਰੋਪੜ ਵੱਲ ਜਾ ਰਹੀਆਂ ਸਨ ਪਰ ਇਕ ਜਲੰਧਰ ਤੋਂ ਮੋਹਾਲੀ ਵੱਲ ਨੂੰ ਜਾ ਰਹੀ ਪ੍ਰਾਈਵੇਟ ਬੱਸ ਨੇ ਕਾਠਗੜ੍ਹ ਬੱਸ ਸਟਾਪ ਤੋਂ ਸਵਾਰੀਆਂ ਚੁਕਣ ਦੇ ਲਾਲਚ ਵਿਚ ਆਪਣੇ ਤੋਂ ਅੱਗੇ ਜਾ ਰਹੀ ਦੂਜੀ ਪ੍ਰਾਈਵੇਟ ਬੱਸ ਨੂੰ ਓਵਰਟੇਕ ਕਰਦੇ ਹੋਏ ਅਜਿਹਾ ਕੱਟ ਮਾਰਿਆ ਕਿ ਉਸ ਦੀ ਸਾਈਡ ਲੱਗਣ ਕਾਰਨ ਬਹੁਤ ਹੀ ਮੁਸ਼ਕਲ ਨਾਲ ਬੱਸ ਚਾਲਕ ਨੇ ਬੱਸ ਨੂੰ ਕੰਟਰੋਲ ਕੀਤਾ ਤੇ ਬੱਸ ’ਚ ਬੈਠੀਆਂ ਸਵਾਰੀਆਂ ਨੂੰ ਇਕ ਵੱਡੇ ਹਾਦਸੇ ਤੋਂ ਬਚਾਅ ਲਿਆ ਜਦਕਿ ਬੱਸ ਵਿਚ ਬੈਠੀਆਂ ਸਵਾਰੀਆਂ ਇਕਦਮ ਸਹਿਮ ਗਈਆਂ। ਜਿਉਂ ਹੀ ਸਾਈਡ ਮਾਰਨ ਵਾਲੀ ਬੱਸ ਕਾਠਗੜ੍ਹ ਬੱਸ ਸਟਾਪ ’ਤੇ ਰੁਕੀ ਤਾਂ ਪਿੱਛੋਂ ਆ ਰਹੀ ਦੂਜੀ ਬੱਸ ਦੀਆਂ ਸਵਾਰੀਆਂ, ਕੰਡਕਟਰ ਤੇ ਡਰਾਈਵਰ ਨੇ ਸਾਈਡ ਮਾਰਨ ਵਾਲੀ ਬੱਸ ਨੂੰ ਘੇਰ ਲਿਆ ਅਤੇ ਗੱਲ ਲੜਾਈ-ਝਗੜੇ ਤੱਕ ਜਾ ਪਹੁੰਚੀ। ਕਾਠਗੜ੍ਹ ਮੋੜ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਦੋਵੇਂ ਬੱਸਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਲਈ ਕਿਹਾ।
ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਹਨ ਧੱਜੀਆਂ : ਜ਼ਿਕਰਯੋਗ ਹੈ ਕਿ ਰੋਜ਼ਾਨਾ ਹੀ ਸਵਾਰੀਆਂ ਨਾਲ ਭਰੀਆਂ ਕੁਝ ਨਿੱਜੀ ਬੱਸਾਂ ਚਾਲਕ ਇੰਨੀ ਤੇਜ਼ ਰਫਤਾਰ ਨਾਲ ਭਜਾਉਂਦੇ ਹਨ ਕਿ ਜੇਕਰ ਕਿਧਰੇ ਕੋਈ ਹਾਦਸਾ ਵਾਪਰ ਗਿਆ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਇਨ੍ਹਾਂ ਬੱਸਾਂ ਦੇ ਚਾਲਕਾਂ ਵੱਲ ਜ਼ਿਆਦਾਤਰ ਟ੍ਰੈਫਿਕ ਪੁਲਸ ਬੇਧਿਆਨ ਹੀ ਰਹਿੰਦੀ ਹੈ ਜਿਸ ਕਾਰਨ ਬੱਸਾਂ ਦੇ ਡਰਾਈਵਰ ਬੇਖੌਫ ਤੇਜ਼ ਰਫਤਾਰ ਨਾਲ ਚੱਲਦੇ ਹਨ। ਟ੍ਰੈਫਿਕ ਪੁਲਸ ਨੂੰ ਚਾਹੀਦਾ ਹੈ ਕਿ ਅਜਿਹੇ ਬੱਸ ਚਾਲਕਾਂ ਖਿਲਾਫ ਸਖਤੀ ਵਰਤੀ ਜਾਵੇ ਤਾਂ ਕਿ ਕੋਈ ਵੀ ਅਣਚਾਹਿਆ ਹਾਦਸਾ ਨਾ ਵਾਪਰ ਸਕੇ।
ਫਰਟੀਲਾਈਜ਼ਰ ਕਰਮਚਾਰੀ ਸੰਘ ਦੇ ਮੈਂਬਰਾਂ ਨੇ ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY