ਜਲੰਧਰ,(ਸੁਧੀਰ)-ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਚੋਰ ਵਾਹਨ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਹੈ। ਬੀਤੀ ਰਾਤ ਕੰਪਨੀ ਬਾਗ ਤੋਂ ਕੁਝ ਦੂਰੀ 'ਤੇ ਸਥਿਤ ਹਿੰਦ ਸਮਾਚਾਰ ਗਰਾਊਂਡ ਵਿਚੋਂ ਚੋਰ ਸ਼ਰੇਆਮ ਇਕ ਮੋਟਰਸਾਈਕਲ ਚੋਰੀ ਕਰਦਿਆਂ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਘਟਨਾ ਸਬੰਧੀ ਥਾਣਾ ਨੰਬਰ 4 ਦੀ ਪੁਲਸ ਨੂੰ ਮੋਟਰਸਾਈਕਲ ਦੀ ਚੋਰੀ ਸਬੰਧੀ ਸ਼ਿਕਾਇਤ ਦਿੱਤੀ ਅਤੇ ਨਾਲ ਹੀ ਚੋਰੀ ਦੀ ਵੀਡੀਓ ਫੁਟੇਜ ਵੀ ਪੁਲਸ ਨੂੰ ਸੌਂਪੀ। ਹਾਲਾਂਕਿ ਘਟਨਾ ਦੇ 24 ਘੰਟਿਆਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ।
ਸੂਤਰਾਂ ਅਨੁਸਾਰ 2 ਹਫਤੇ ਅੰਦਰ ਚੋਰਾਂ ਨੇ ਹਿੰਦ ਸਮਾਚਾਰ ਗਰਾਊਂਡ ਵਿਚ ਦੂਜੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੀੜਤ ਵਿਸ਼ਾਲ ਖੰਨਾ ਨਿਵਾਸੀ ਬਲਦੇਵ ਨਗਰ ਕਿਸ਼ਨਪੁਰਾ ਨੇ ਦੱਸਿਆ ਕਿ ਉਹ ਦੇਰ ਸ਼ਾਮ ਮੋਟਰਸਾਈਕਲ 'ਤੇ ਆਪਣੀ ਡਿਊਟੀ 'ਤੇ ਆਇਆ ਸੀ। ਰਾਤੀਂ ਕਰੀਬ 10.30 ਵਜੇ ਜਦੋਂ ਉਹ ਜਾਣ ਲੱਗਾ ਤਾਂ ਉਕਤ ਮੋਟਰਸਾਈਕਲ ਗਾਇਬ ਸੀ, ਜਿਸ ਦੀ ਉਸਨੇ ਕਾਫੀ ਭਾਲ ਕੀਤੀ ਪਰ ਨਹੀਂ ਮਿਲਿਆ। ਇਸ ਤੋਂ ਕੁਝ ਦੇਰ ਬਾਅਦ ਉਸਨੇ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਵਾਈ ਤਾਂ ਉਸ ਵਿਚ ਚੋਰੀ ਦੀ ਵਾਰਦਾਤ ਕੈਦ ਸੀ, ਜਿਸ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ। ਪੀੜਤ ਨੇ ਥਾਣਾ ਨੰਬਰ 4 ਦੀ ਪੁਲਸ ਕੋਲੋਂ ਚੋਰ ਨੂੰ ਜਲਦ ਕਾਬੂ ਕਰਨ ਅਤੇ ਮੋਟਰਸਾਈਕਲ ਬਰਾਮਦ ਕਰਵਾਉਣ ਦੀ ਮੰਗ ਕੀਤੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਨੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਪਰ ਪੁਲਸ ਅਜੇ ਤੱਕ ਕਿਸੇ ਵੀ ਚੋਰੀ ਦਾ ਸੁਰਾਗ ਨਹੀਂ ਲਾ ਸਕੀ, ਜਿਸ ਨਾਲ ਸ਼ਹਿਰ ਵਾਸੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY