ਜਲੰਧਰ (ਪੁਨੀਤ)– ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਚੋਣਾਵੀ ਦਾਅ ਖੇਡਦਿਆਂ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਯੋਜਨਾ ਦੇ ਪਹਿਲੇ ਹੀ ਦਿਨ ਜ਼ਿਆਦਾਤਰ ਔਰਤਾਂ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਵਾਂਝੀਆਂ ਰਹੀਆਂ। ਸਰਕਾਰ ਵੱਲੋਂ ਪੂਰੀ ਤਿਆਰੀ ਨਾਲ ਇਸ ਸਕੀਮ ਨੂੰ ਲਾਂਚ ਨਾ ਕਰ ਪਾਉਣ ਕਾਰਨ ਔਰਤਾਂ ਨੂੰ ਟਿਕਟ ਖ਼ਰੀਦ ਕੇ ਸਫ਼ਰ ਕਰਨਾ ਪਿਆ।
ਇਹ ਵੀ ਪੜ੍ਹੋ : ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ
ਦਿੱਲੀ ਦੀ ਤਰਜ਼ ’ਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਯੋਜਨਾ ਦਾ ਸਹੀ ਢੰਗ ਨਾਲ ਪ੍ਰਚਾਰ ਨਾ ਹੋ ਸਕਣ ਕਾਰਨ ਔਰਤਾਂ ਨੂੰ ਸਰਕਾਰ ਦੇ ਨਿਯਮਾਂ ਬਾਰੇ ਪਤਾ ਹੀ ਨਹੀਂ ਲੱਗ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਨਹੀਂ ਮਿਲ ਸਕੀ। ਔਰਤਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲੇ ਦਿਨ ਮੁਫ਼ਤ ਸਫ਼ਰ ਕਰਨ ਸਬੰਧੀ ਕੋਈ ਨਿਯਮ ਅਤੇ ਸ਼ਰਤ ਨਾ ਰੱਖੀ ਜਾਂਦੀ। ਇਕ ਔਰਤ ਸੁਨੀਤਾ ਨੇ ਕਿਹਾ ਕਿ ਸਕੀਮ ਦੇ ਪਹਿਲੇ ਦਿਨ ਯਾਤਰੀਆਂ ਨੂੰ ਨਿਯਮਾਂ ਬਾਰੇ ਦੱਸਣਾ ਚਾਹੀਦਾ ਸੀ ਤਾਂ ਕਿ ਭਵਿੱਖ ਵਿਚ ਸਫ਼ਰ ਕਰਨ ਤੋਂ ਪਹਿਲਾਂ ਔਰਤਾਂ ਨੂੰ ਨਿਯਮਾਂ ਦਾ ਪਤਾ ਹੁੰਦਾ ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪੈਂਦੀ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ
ਪੰਜਾਬ ਵਿਚ ਸਰਕਾਰੀ ਬੱਸਾਂ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਹਕੀਕਤ ਇਹ ਹੈ ਕਿ ਪੰਜਾਬ ਵਿਚ ਸਰਕਾਰੀ ਬੱਸਾਂ ਦੀ ਕਮੀ ਹੈ, ਜਿਸ ਕਾਰਨ ਯੂਨੀਅਨਾਂ ਵੱਲੋਂ ਬੱਸਾਂ ਵਧਾਉਣ ਦੀ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਔਰਤਾਂ ਲਈ ਮੁਫਤ ਬੱਸ ਸਫਰ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਮੰਗ ਮੁਤਾਬਕ ਬੱਸਾਂ ਦੀ ਗਿਣਤੀ ਨਹੀਂ ਵਧਾਈ ਜਾ ਰਹੀ।
ਪੰਜਾਬ ਰੋਡਵੇਜ਼ ਵਿਚ ਕਿਸੇ ਸਮੇਂ ਬੱਸਾਂ ਦੀ ਗਿਣਤੀ 2407 ਹੁੰਦੀ ਸੀ, ਜਿਹੜੀ ਕਿ ਹੁਣ ਘੱਟ ਕੇ ਸਿਰਫ਼ 328 ਦੇ ਕਰੀਬ ਰਹਿ ਗਈ ਹੈ। ਰੋਡਵੇਜ਼ ਦੇ ਨਾਲ-ਨਾਲ ਪੰਜਾਬ ਵਿਚ ਪਨਬੱਸ ਅਤੇ ਪੀ. ਆਰ. ਟੀ. ਸੀ. ਦੀਆਂ ਸਰਕਾਰੀ ਬੱਸਾਂ ਚੱਲਦੀਆਂ ਹਨ। ਦੋਵਾਂ ਕੰਪਨੀਆਂ ਅਤੇ ਰੋਡਵੇਜ਼ ਦੀਆਂ ਬੱਸਾਂ ਨੂੰ ਮਿਲਾ ਕੇ ਵੀ ਸਰਕਾਰੀ ਬੱਸਾਂ ਦੀ ਗਿਣਤੀ 1700 ਤੋਂ ਘੱਟ ਹੈ। ਸਰਕਾਰ ਵੱਲੋਂ ਔਰਤਾਂ ਨੂੰ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂ ਕਿ ਹਾਲਾਤ ਇਹ ਹਨ ਕਿ ਸਰਕਾਰੀ ਬੱਸਾਂ ਲਗਾਤਾਰ ਕੰਡਮ ਹੁੰਦੀਆਂ ਜਾ ਰਹੀਆਂ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਠੇਕੇ ’ਤੇ ਰੱਖੇ ਗਏ ਬੱਸਾਂ ਦੇ ਚਾਲਕ ਦਲਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਨੇ 4 ਸਾਲਾਂ ਵਿਚ ਵੀ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ।
ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ
ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਲਈ ਉਨ੍ਹਾਂ ਕੋਲ ਪੰਜਾਬ ਦੀ ਰਿਹਾਇਸ਼ ਦਾ ਸਬੂਤ ਹੋਣਾ ਚਾਹੀਦਾ ਹੈ। ਅੱਜ ਬੱਸ ਅੱਡੇ ਵਿਚ ਦੇਖਣ ਵਿਚ ਆਇਆ ਕਿ ਇਕ ਔਰਤ ਯਾਤਰੀ ਵੱਲੋਂ ਕੰਡਕਟਰ ਨੂੰ ਆਪਣਾ ਆਈ. ਡੀ. ਪਰੂਫ ਦਿਖਾਇਆ ਜਾ ਰਿਹਾ ਸੀ ਪਰ ਸਟਾਫ ਵੱਲੋਂ ਕੋਈ ਦੂਜਾ ਆਈ. ਡੀ. ਪਰੂਫ ਦਿਖਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦਿਖਾਇਆ ਜਾ ਰਿਹਾ ਆਈ. ਡੀ. ਪਰੂਫ ਨਾ ਮੰਨਣ ’ਤੇ ਮਹਿਲਾ ਨੇ 200 ਰੁਪਏ ਦਾ ਨੋਟ ਕੱਢ ਕੇ ਕੰਡਕਟਰ ਨੂੰ ਦਿੱਤਾ। ਇਸ ਦੌਰਾਨ ਜਦੋਂ ਫੋਟੋ ਖਿੱਚੀ ਗਈ ਤਾਂ ਚਾਲਕ ਦਲ ਦੇ ਮੈਂਬਰਾਂ ਨੇ ਔਰਤ ਯਾਤਰੀ ਕੋਲੋਂ ਪੈਸੇ ਨਾ ਲੈਂਦਿਆਂ ਕਿਹਾ ਕਿ ਤੁਸੀਂ ਬੱਸ ਵਿਚ ਬੈਠ ਜਾਓ, ਬਾਅਦ ਵਿਚ ਦੇਖ ਲੈਂਦੇ ਹਾਂ। ਇਸ ਤੋਂ ਬਾਅਦ ਬੱਸ ਰਵਾਨਾ ਹੋ ਗਈ। ਇਸ ਸਬੰਧੀ ਸਰਕਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਦੁਬਈ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਸੁਣਾਇਆ ਗਿਆ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
ਦਿੱਲੀ ਦੀ ਤਰਜ਼ ’ਤੇ ਦਿੱਤੀ ਗਈ ਸਹੂਲਤ
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਿਆਂ 4 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਜਿਸ ਕਾਰਨ ਹੁਣ ਚੋਣਾਵੀ ਦਾਅ ਖੇਡਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਲੜੀ ਵਿਚ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਦਿੱਲੀ ਸਰਕਾਰ ਦੀ ਤਰਜ਼ ’ਤੇ ਚੁੱਕਿਆ ਕਦਮ ਦੱਸਿਆ ਜਾ ਰਿਹਾ ਹੈ। ਪੰਜਾਬ ਵਿਚ ਯੋਜਨਾ ਭਾਵੇਂ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਪਰ ਆਮ ਆਦਮੀ ਪਾਰਟੀ ਦੇ ਆਗੂ ਇਸ ਨਾਲ ਆਪਣੀ ਪਿੱਠ ਵੀ ਥਾਪੜਣਗੇ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ
NEXT STORY