ਜਲੰਧਰ (ਪੁਨੀਤ)– ਕੋਰੋਨਾ ਦੇ ਕੇਸ ਰੋਜ਼ਾਨਾ 500 ਦਾ ਅੰਕੜਾ ਛੂਹਣ ਕੰਢੇ ਪੁੱਜ ਗਏ ਹਨ ਅਤੇ ਬੱਸ ਅੱਡੇ ਅੰਦਰ ਪੰਜਾਬ ਸਰਕਾਰ ਦੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਰੋਜ਼ਾਨਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਸਬੰਧੀ ਰੋਡਵੇਜ਼ ਦੇ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਸਰਕਾਰ ਦੇ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਵਾਉਣ ਵਿਚ ਅਧਿਕਾਰੀ ਫੇਲ ਸਾਬਤ ਹੋ ਰਹੇ ਹਨ। ਮੁੱਖ ਮੰਤਰੀ ਵੱਲੋਂ ਨਿਯਮਾਂ ਨੂੰ ਸਖ਼ਤ ਕਰਨ ਦੇ ਸੰਕੇਤ ਦਿੱਤੇ ਜਾ ਚੁੱਕੇ ਹਨ ਕਿਉਂਕਿ ਸਰਕਾਰ ਕੋਰੋਨਾ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਪਰ ਹਾਲਾਤ ਵਿਗੜਦੇ ਜਾ ਰਹੇ ਹਨ। ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਚੌਕਸੀ ਨਾ ਵਰਤਣ ਕਾਰਨ ਆਉਣ ਵਾਲੇ ਸਮੇਂ ਵਿਚ ਟਰਾਂਸਪੋਰਟ ਸੇਵਾਵਾਂ ਫਿਰ ਤੋਂ ਬੰਦ ਹੋ ਸਕਦੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬੱਸ ਅੱਡੇ ਵਿਚ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਨਹੀਂ ਬਣਾਇਆ ਜਾ ਰਿਹਾ। ਬੱਸਾਂ ਦੇ ਚਾਲਕ ਦਲਾਂ ਵੱਲੋਂ ਮਾਸਕ ਦੀ ਵਰਤੋਂ ਪ੍ਰਤੀ ਗੰਭੀਰਤਾ ਨਹੀਂ ਅਪਣਾਈ ਜਾ ਰਹੀ, ਜਿਸ ਕਾਰਣ ਬੱਸ ਅੱਡੇ ਵਿਚ ਆਉਣ ਵਾਲੇ ਮੁਸਾਫਿਰ ਵੀ ਮਾਸਕ ਪਹਿਨਣ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ।
ਇਹ ਵੀ ਪੜ੍ਹੋ : ਗੈਂਗਸਟਰ ਦਿਲਪ੍ਰੀਤ ਬਾਬਾ ਦੀ ਸੁਰੱਖਿਆ ਨੂੰ ਲੈ ਕੇ ਮਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਏ ਹੈਰਾਨ ਕਰਦੇ ਦੋਸ਼
ਟਿਕਟ ਕਾਊਂਟਰਾਂ ’ਤੇ ਬੈਠਾ ਸਟਾਫ ਬਿਨਾਂ ਮਾਸਕ ਦੇ ਟਿਕਟਾਂ ਕੱਟਦਾ ਦਿਖਾਈ ਦਿੰਦਾ ਹੈ ਅਤੇ ਡਰਾਈਵਰ ਵੀ ਬਿਨਾਂ ਮਾਸਕ ਬੱਸਾਂ ਚਲਾਉਂਦੇ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਪੰਜਾਬ ਰੋਡਵੇਜ਼ ਜਾਂ ਸਰਕਾਰੀ ਬੱਸਾਂ ਵਿਚ ਹੀ ਨਹੀਂ, ਸਗੋਂ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਦੇ ਚਾਲਕ ਦਲਾਂ ਨੂੰ ਵੀ ਮਾਸਕ ਪਹਿਨਣ ਪ੍ਰਤੀ ਜਾਗਰੂਕ ਨਹੀਂ ਕੀਤਾ ਜਾ ਰਿਹਾ।
ਸਿਹਤ ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਤੋਂ ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਸਕਦਾ ਹੈ ਕਿਉਂਕਿ ਇਥੇ ਰੋਜ਼ਾਨਾ ਕਈ ਸੂਬਿਆਂ ਦੇ ਲੋਕ ਆਉਂਦੇ ਹਨ। ਸਫਰ ਕਰਨ ਵਾਲਾ ਜੇਕਰ ਇਕ ਵੀ ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋਇਆ ਤਾਂ ਉਹ ਦਰਜਨਾਂ ਲੋਕਾਂ ਵਿਚ ਕੋਰੋਨਾ ਨੂੰ ਫੈਲਾਅ ਸਕਦਾ ਹੈ। ਇਸ ਨਾਲ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਦਾ ਹਮਲਾ ਹੋ ਸਕਦਾ ਹੈ। ਇਸ ਲਈ ਬੱਸ ਅੱਡੇ ਵਿਚ ਜ਼ਿਆਦਾ ਗੰਭੀਰਤਾ ਅਪਣਾਉਣ ਦੀ ਲੋੜ ਹੈ। ਕੋਰੋਨਾ ਤੋਂ ਬਚਣ ਲਈ ਸਭ ਤੋਂ ਸਸਤਾ ਅਤੇ ਅਸਰਦਾਰ ਢੰਗ ਮਾਸਕ ਪਹਿਨਣਾ ਹੈ। ਮਾਸਕ ਪਹਿਨਣ ਨਾਲ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਮਾਸਕ ਪਹਿਨਣ ’ਤੇ ਜ਼ਿਆਦਾ ਜ਼ੋਰ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼
ਪਿਛਲੀ ਵਾਰ ਜਦੋਂ ਹਾਲਾਤ ਬਹੁਤ ਖਰਾਬ ਹੋਏ ਤਾਂ ਸਰਕਾਰ ਵੱਲੋਂ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਣ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਨੂੰ ਆਉਣ-ਜਾਣ ਲਈ ਜ਼ਿਆਦਾ ਖਰਚ ਕਰਨਾ ਪਿਆ ਸੀ ਅਤੇ ਲੰਮੇ ਸਮੇਂ ਤੱਕ ਬੱਸਾਂ ਬੰਦ ਰਹੀਆਂ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਹਾਲਾਤ ਕਾਬੂ ਤੋਂ ਬਾਹਰ ਹੋਣ ਕਾਰਣ ਜੇਕਰ ਸਰਕਾਰ ਵੱਲੋਂ ਟਰਾਂਸਪੋਰਟ ਸੇਵਾਵਾਂ ਬੰਦ ਕੀਤੀਆਂ ਗਈਆਂ ਤਾਂ ਇਸ ਲਈ ਰੋਡਵੇਜ਼ ਦੇ ਅਧਿਕਾਰੀਆਂ ਦੀ ਅਣਦੇਖੀ ਜ਼ਿੰਮੇਵਾਰ ਹੋਵੇਗੀ। ਦੂਜੇ ਪਾਸੇ ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ, ਜਦੋਂ ਕਿ ਉਨ੍ਹਾਂ ਦੇ ਇਸ ਦਾਅਵੇ ਦੀ ਸੱਚਾਈ ਬੱਸ ਅੱਡੇ ਵਿਚ ਜਾ ਕੇ ਆਸਾਨੀ ਨਾਲ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਸਬੰਧੀ ਜਲੰਧਰ ਪ੍ਰਸ਼ਾਸਨ ਦਾ ਅਹਿਮ ਫੈਸਲਾ, ਆਸ਼ਾ ਵਰਕਰਾਂ ਨੂੰ ਮਿਲੇਗਾ ਇਨਾਮ
ਕੀ ਪੰਜਾਬ ਸਰਕਾਰ ਦੇ ਕੰਟਰੋਲ ’ਚ ਨਹੀਂ ਹੈ ਰੋਡਵੇਜ਼?
ਰੋਡਵੇਜ਼ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਸੀਨੀਅਰ ਅਧਿਕਾਰੀ ਮਾਸਕ ਦੇ ਨਿਯਮ ਦੀ ਪਾਲਣਾ ਕਰਵਾਉਣ ਪ੍ਰਤੀ ਗੰਭੀਰ ਨਹੀਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਲਾਪ੍ਰਵਾਹੀ ਵਰਤਣ ਵਾਲੇ ਉਕਤ ਅਧਿਕਾਰੀਆਂ ’ਤੇ ਅਨੁਸ਼ਾਸਨੀ ਕਾਰਵਾਈ ਕਿਉਂ ਨਹੀਂ ਹੋ ਰਹੀ। ਕੀ ਰੋਡਵੇਜ਼ ਪੰਜਾਬ ਸਰਕਾਰ ਦੇ ਕੰਟਰੋਲ ਵਿਚ ਨਹੀਂ ਹੈ? ਜਾਣਕਾਰ ਕਹਿੰਦੇ ਹਨ ਕਿ ਇਸ ਸਮੇਂ ਜਿਹੜੇ ਹਾਲਾਤ ਹਨ, ਉਨ੍ਹਾਂ ਨੂੰ ਦੇਖਦਿਆਂ ਸਰਕਾਰ ਨੂੰ ਕਿਸੇ ਜ਼ਿੰਮੇਵਾਰ ਅਧਿਕਾਰੀ ਨੂੰ ਬੱਸਾਂ ਅਤੇ ਬੱਸ ਅੱਡੇ ਵਿਚ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ। ਹਾਲਾਤ ਜੇਕਰ ਬੇਕਾਬੂ ਹੋ ਗਏ ਤਾਂ ਪੰਜਾਬ ਨੂੰ ਇਸ ਨਾਲ ਭਾਰੀ ਨੁਕਸਾਨ ਉਠਾਉਣਾ ਪਵੇਗਾ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ 7ਵੀਂ ’ਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਦੂਜੇ ਸੂਬਿਆਂ ’ਚ ਮਾਸਕ ਤੋਂ ਬਿਨਾਂ ਬੱਸ ਅੱਡੇ ਵਿਚ ਦਾਖਲਾ ਨਹੀਂ
ਦਿੱਲੀ ਸਮੇਤ ਗੁਆਂਢੀ ਸੂਬਿਆਂ ਵੱਲੋਂ ਮਾਸਕ ਪਹਿਨਣ ਪ੍ਰਤੀ ਬਹੁਤ ਗੰਭੀਰਤਾ ਅਪਣਾਈ ਜਾ ਰਹੀ ਹੈ। ਉਥੇ ਜਾਣ ਵਾਲੀਆਂ ਬੱਸਾਂ ਦੇ ਚਾਲਕ ਦਲਾਂ ਦੇ ਮੈਂਬਰਾਂ ਨੇ ਜੇਕਰ ਮਾਸਕ ਨਾ ਪਹਿਨਿਆ ਹੋਵੇ ਤਾਂ ਉਨ੍ਹਾਂ ਦਾ ਚਲਾਨ ਕੀਤਾ ਜਾਂਦਾ ਹੈ ਅਤੇ ਬਿਨਾਂ ਮਾਸਕ ਬੱਸ ਅੱਡੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਦੱਸਿਆ ਜਾਂਦਾ ਹੈ ਕਿ ਉਥੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸਖ਼ਤੀ ਕਾਰਣ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ਦੇ ਚਾਲਕ ਦਲ ਅਤੇ ਮੁਸਾਫਿਰ ਖੁਦ ਹੀ ਮਾਸਕ ਪਹਿਨ ਲੈਂਦੇ ਹਨ। ਦੂਜੇ ਪਾਸੇ ਜਲੰਧਰ ਦੇ ਬੱਸ ਅੱਡੇ ਵਿਚ ਅਧਿਕਾਰੀਆਂ ਵੱਲੋਂ ਕੋਈ ਸਖ਼ਤੀ ਨਹੀਂ ਵਰਤੀ ਜਾ ਰਹੀ, ਜਿਸ ਕਾਰਣ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਹੋ ਪਾ ਰਹੀ।
ਇਹ ਵੀ ਪੜ੍ਹੋ : 10 ਦਿਨ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੋਰੋਨਾ ਟੀਕਾਕਰਨ ਸਬੰਧੀ ਜਲੰਧਰ ਪ੍ਰਸ਼ਾਸਨ ਦਾ ਅਹਿਮ ਫੈਸਲਾ, ਆਸ਼ਾ ਵਰਕਰਾਂ ਨੂੰ ਮਿਲੇਗਾ ਇਨਾਮ
NEXT STORY