ਜਲੰਧਰ (ਖੁਰਾਣਾ)– ਪੂਰੇ ਪੰਜਾਬ ਦੇ ਨਾਲ-ਨਾਲ ਜਲੰਧਰ ਵਿਚ ਵੀ ਡੇਂਗੂ ਨੇ ਪੈਰ ਪਸਾਰ ਲਏ ਹਨ ਅਤੇ ਮਰੀਜ਼ਾਂ ਦੀ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ। ਜਲੰਧਰ ਤੋਂ ਜ਼ਿਆਦਾਤਰ ਡੇਂਗੂ ਪੀੜਤ ਮਰੀਜ਼ ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿਚ ਵੀ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਪਲੇਟਲੈੱਟਸ ਘੱਟ ਹੋਣ ਕਾਰਨ ਵਧੇਰੇ ਮਰੀਜ਼ ਘਰਾਂ ਵਿਚ ਹੀ ਇਲਾਜ ਅਧੀਨ ਹਨ। ਅਜਿਹੀ ਗੰਭੀਰ ਸਥਿਤੀ ਹੋਣ ਕਾਰਨ ਜਿਸ ਸ਼ਹਿਰ ਵਿਚ ਲੋਕ ਡੇਂਗੂ ਨਾਲ ਮਰ ਰਹੇ ਹੋਣ, ਉਥੇ ਫੌਗਿੰਗ ਦੇ ਨਾਂ ’ਤੇ ਜੇਕਰ ਸਰਕਾਰੀ ਅਧਿਕਾਰੀ ਖ਼ਾਨਾਪੂਰਤੀ ਕਰਨ ਲੱਗਣ ਤਾਂ ਲੋਕਾਂ ਦਾ ਗੁੱਸਾ ਵਧਣਾ ਸੁਭਾਵਿਕ ਹੀ ਹੈ। ਅਜਿਹਾ ਕਾਰਨਾਮਾ ਜਲੰਧਰ ਨਗਰ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ, ਜਿਥੇ ਫੌਗਿੰਗ ਦੇ ਨਾਂ ’ਤੇ ਲੋਕਾਂ ਨੂੰ ਸਰਾਸਰ ਬੇਵਕੂਫ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਟਰਾਂਸਪੋਰਟ ਮਹਿਕਮੇ 'ਚ ਹੋਵੇਗਾ ਵੱਡਾ ਫੇਰਬਦਲ: ਅਧਿਕਾਰੀਆਂ ਦੀ ਤਿਆਰ ਹੋਈ ਸੂਚੀ ’ਤੇ ਮੋਹਰ ਲੱਗਣੀ ਬਾਕੀ
ਨਗਰ ਨਿਗਮ ਨੇ ਪਹਿਲਾਂ ਤਾਂ ਸ਼ਹਿਰ ਵਿਚ ਫੌਗਿੰਗ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਜਦੋਂ ਡੇਂਗੂ ਦੇ ਮਾਮਲੇ ਵਧਣ ਲੱਗੇ ਅਤੇ ਅਖ਼ਬਾਰਾਂ ਵਿਚ ਮਾਮਲਾ ਉਛਲਣ ਲੱਗਾ ਤਾਂ ਨਿਗਮ ਅਧਿਕਾਰੀਆਂ ਦੀ ਨੀਂਦ ਟੁੱਟੀ। ਕਾਹਲੀ-ਕਾਹਲੀ ਵਿਚ ਫੌਗਿੰਗ ਕਰਨ ਵਾਲੀਆਂ ਟੀਮਾਂ ਤਾਂ ਬਣਾ ਦਿੱਤੀਆਂ ਗਈਆਂ ਪਰ ਅਸਲ ਸਮੱਸਿਆ ਮਸ਼ੀਨਾਂ ਦੀ ਆਈ, ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਹਨ। ਹੁਣ ਨਗਰ ਨਿਗਮ ਦੇ ਕਾਬਿਲ ਅਧਿਕਾਰੀਆਂ ਨੇ ਜੁਗਾੜ ਲਾ ਕੇ ਕੂੜਾ ਢੋਣ ਵਾਲੀਆਂ ਗੱਡੀਆਂ ਨੂੰ ਫੌਗਿੰਗ ਦੀ ਪ੍ਰਕਿਰਿਆ ਵਿਚ ਵਰਤਣਾ ਸ਼ੁਰੂ ਕੀਤਾ ਹੈ। ਇਸ ਕੰਮ ਲਈ ਨਿਗਮ ਨੇ ਕੂੜਾ ਚੁੱਕਣ ਵਾਲੀਆਂ 8 ਟਾਟਾ ਏਸ ਗੱਡੀਆਂ ਫੌਗਿੰਗ ਸਕੁਐਡ ਵਿਚ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਦੇ ਪਿੱਛੇ ਹੱਥ ਨਾਲ ਚੱਲਣ ਵਾਲੀਆਂ ਫੌਗਿੰਗ ਮਸ਼ੀਨਾਂ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਹਰ ਵਾਰਡ ਵਿਚ ਅਜਿਹੀਆਂ 2-4 ਟਾਟਾ ਏਸ ਗੱਡੀਆਂ ਭੇਜ ਦਿੱਤੀਆਂ ਜਾਂਦੀਆਂ ਹਨ, ਜਿਹੜੀਆਂ 1-2 ਮੁੱਖ ਸੜਕਾਂ ’ਤੇ ਫੌਗਿੰਗ ਦੀ ਖਾਨਾਪੂਰਤੀ ਕਰ ਕੇ ਵਾਪਸ ਮੁੜ ਆਉਂਦੀਆਂ ਹਨ। ਨਿਗਮ ਵੱਲੋਂ ਫੌਗਿੰਗ ਦੇ ਮਾਮਲੇ ਵਿਚ ਕੀਤੀ ਜਾ ਰਹੀ ਖ਼ਾਨਾਪੂਰਤੀ ਨਾਲ ਜਿਥੇ ਲੋਕਾਂ ਵਿਚ ਰੋਸ ਪੈਦਾ ਹੋਣ ਲੱਗਾ ਹੈ, ਉਥੇ ਹੀ ਕੌਂਸਲਰ ਵੀ ਨਿਗਮ ਦੇ ਇਸ ਰਵੱਈਏ ਤੋਂ ਖੁਸ਼ ਨਹੀਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਗਰਮਾ ਵੀ ਸਕਦਾ ਹੈ।
ਸਵੱਛ ਭਾਰਤ ਮਿਸ਼ਨ ਦੇ ਫੰਡ ’ਚੋਂ ਆਇਆ ਕਰੋੜਾਂ ਰੁਪਿਆ, ਫਿਰ ਵੀ ਰਿਪੇਅਰ ਨਹੀਂ ਹੋਈਆਂ ਗੱਡੀਆਂ
ਨਗਰ ਨਿਗਮ ਜਲੰਧਰ ਕੋਲ ਸਵੱਛ ਭਾਰਤ ਮਿਸ਼ਨ ਫੰਡ ਵਿਚੋਂ ਆਇਆ ਕਰੋੜਾਂ ਰੁਪਿਆ ਪਿਆ ਹੈ ਅਤੇ ਨਿਗਮ ਕੋਲ ਅਧਿਕਾਰੀਆਂ ਦੀ ਲੰਮੀ-ਚੌੜੀ ਫੌਜ ਵੀ ਹੈ, ਜਿਹੜੀ ਹਰ ਮਹੀਨੇ ਲੱਖਾਂ ਰੁਪਏ ਤਨਖਾਹ ਵੀ ਲੈਂਦੀ ਹੈ। ਇਸ ਦੇ ਬਾਵਜੂਦ ਜਲੰਧਰ ਨਿਗਮ ਦੀ ਵਰਕਸ਼ਾਪ ਵਿਚ ਫੌਗਿੰਗ ਕਰਵਾਉਣ ਵਾਲੀਆਂ ਗੱਡੀਆਂ ਪਿਛਲੇ ਲੰਮੇ ਸਮੇਂ ਤੋਂ ਖ਼ਰਾਬ ਖੜ੍ਹੀਆਂ ਹਨ। ਨਿਗਮ ਕੋਲ 60 ਲੀਟਰ ਸਮਰੱਥਾ ਵਾਲੀਆਂ 5 ਗੱਡੀਆਂ ਹਨ, ਜਿਨ੍ਹਾਂ ਵਿਚੋਂ 2 ਤਾਂ ਚੱਲ ਰਹੀਆਂ ਹਨ ਅਤੇ 3 ਖਰਾਬ ਖੜ੍ਹੀਆਂ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਕੋਰੋਨਾ ਵਾਇਰਸ ਕਾਲ ਵਿਚ ਵੀ ਨਿਗਮ ਅਧਿਕਾਰੀ ਸੁੱਤੇ ਰਹੇ ਅਤੇ ਗੱਡੀਆਂ ਦੀ ਰਿਪੇਅਰ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ: ਚੱਬੇਵਾਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨਣਾਨ-ਭਰਜਾਈ ਦੀ ਦਰਦਨਾਕ ਮੌਤ
ਛੋਟੀਆਂ ਗਲੀਆਂ ’ਚ ਹਨ ਡੇਂਗੂ ਦੇ ਮਰੀਜ਼ ਪਰ ਨਹੀਂ ਹੋਵੇਗੀ ਫੌਗਿੰਗ
ਨਿਗਮ ਨੇ ਇਸ ਵਾਰ ਹੱਥ ਨਾਲ ਚੱਲਣ ਵਾਲੀਆਂ ਫੌਗਿੰਗ ਮਸ਼ੀਨਾਂ ਨੂੰ ਵੱਡੀਆਂ ਗੱਡੀਆਂ ਦੇ ਪਿੱਛੇ ਬੰਨ੍ਹ ਕੇ ਸਿਰਫ ਮੇਨ ਸੜਕਾਂ ’ਤੇ ਫੌਗਿੰਗ ਦਾ ਸ਼ਡਿਊਲ ਬਣਾਇਆ ਹੈ, ਜਿਸ ਨੂੰ ਅੱਜ ਜਾਰੀ ਕੀਤਾ ਗਿਆ ਪਰ ਸ਼ੋਭਾ ਯਾਤਰਾ ਅਤੇ ਪ੍ਰਕਾਸ਼ ਦਿਹਾੜੇ ਕਾਰਨ ਇਹ ਸ਼ਡਿਊਲ ਪ੍ਰਭਾਵਿਤ ਹੋਇਆ। ਸਪੱਸ਼ਟ ਹੈ ਕਿ ਛੋਟੀਆਂ ਗਲੀਆਂ ਵਿਚ ਇਹ ਵੱਡੀਆਂ ਗੱਡੀਆਂ ਨਹੀਂ ਜਾਣਗੀਆਂ ਅਤੇ ਉਥੇ ਫੌਗਿੰਗ ਨਹੀਂ ਹੋਵੇਗੀ। ਕੌਂਸਲਰਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਵਧੇਰੇ ਮਰੀਜ਼ ਸਲੱਮ ਆਬਾਦੀਆਂ, ਜਿੱਥੇ ਛੋਟੀਆਂ ਗਲੀਆਂ ਹਨ, ਉਥੇ ਰਹਿੰਦੇ ਪਾਏ ਗਏ ਹਨ। ਇਸ ਲਈ ਫੌਗਿੰਗ ਦੀ ਲੋੜ ਉਥੇ ਜ਼ਿਆਦਾ ਹੈ। ਉਥੇ ਨਿਗਮ ਫੌਗਿੰਗ ਹੀ ਨਹੀਂ ਕਰਵਾ ਰਿਹਾ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।
ਜਿੱਥੋਂ ਸ਼ਿਕਾਇਤ ਆਵੇਗੀ, ਉਥੇ ਦੋਬਾਰਾ ਭੇਜ ਦਿਆਂਗੇ ਗੱਡੀਆਂ : ਡਾ. ਰਾਜਕਮਲ
ਨਿਗਮ ਦੀ ਫੌਗਿੰਗ ਟੀਮ ਦੇ ਇੰਚਾਰਜ ਅਤੇ ਹੈਲਥ ਆਫਿਸਰ ਡਾ. ਰਾਜਕਮਲ ਕੋਲੋਂ ਜਦੋਂ ਪੁੱਛਿਆ ਗਿਆ ਕਿ ਹੱਥ ਨਾਲ ਚੱਲਣ ਵਾਲੀਆਂ ਮਸ਼ਨਾਂ ਤਾਂ ਸਿਰਫ 20-22 ਮਿੰਟ ਹੀ ਚੱਲ ਪਾਉਂਦੀਆਂ ਹਨ, ਅਜਿਹੇ ਵਿਚ ਪੂਰਾ ਵਾਰਡ ਕਿਵੇਂ ਕਵਰ ਹੋਵੇਗਾ ਤਾਂ ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਘਰ-ਘਰ ਫੌਗਿੰਗ ਕਰਵਾਉਣਾ ਤਾਂ ਸੰਭਵ ਨਹੀਂ ਹੈ ਪਰ ਜਿਥੋਂ ਕੋਈ ਸ਼ਿਕਾਇਤ ਆਵੇਗੀ, ਉਥੇ ਦੁਬਾਰਾ ਗੱਡੀਆਂ ਭੇਜ ਦਿੱਤੀਆਂ ਜਾਣਗੀਆਂ। ਉਨ੍ਹਾਂ ਮੰਨਿਆ ਕਿ ਨਿਗਮ ਦੇ ਵਾਰਡ ਬਹੁਤ ਵੱਡੇ ਹਨ। ਅਜਿਹੇ ਵਿਚ ਪੂਰੇ ਵਾਰਡ ਵਿਚ ਇਕੱਠੀ ਫੌਗਿੰਗ ਕਰਵਾਉਣਾ ਸੰਭਵ ਹੀ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਜ਼ਿਲ੍ਹੇ ਵਿਚ ਮੁੜ ਵੱਧਣ ਲੱਗੇ ਕੋਰੋਨਾ ਦੇ ਕੇਸ, ਜਾਣੋ ਤਾਜ਼ਾ ਹਾਲਾਤ
NEXT STORY