ਜਲੰਧਰ (ਖੁਰਾਣਾ)— ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਨੈਸ਼ਨਲ ਟ੍ਰਿਬਿਊਨਲ ਦੇ ਨਿਰਦੇਸ਼ਾਂ 'ਤੇ ਕੋਸ਼ਿਸ਼ਾਂ ਤਹਿਤ ਪਿਛਲੇ ਕਾਫੀ ਸਮੇਂ ਤੋਂ ਜਲੰਧਰ 'ਚੋਂ ਲੰਘਦੀ ਕਾਲਾ ਸੰਘਿਆਂ ਡਰੇਨ ਨੂੰ ਸਾਫ ਕਰਨ ਦਾ ਪ੍ਰਾਜੈਕਟ ਚੱਲ ਰਿਹਾ ਹੈ। ਇਸ 'ਚ ਨਗਰ ਨਿਗਮ ਨੇ ਵੀ ਕਾਫ਼ੀ ਸਹਿਯੋਗ ਦਿੱਤਾ ਹੈ ਪਰ ਹੁਣ ਨਗਰ ਨਿਗਮ ਇਸ ਡਰੇਨ 'ਚ ਸ਼ਹਿਰ ਦੀਆਂ ਕਈ ਕਾਲੋਨੀਆਂ ਦੇ ਸੀਵਰ ਦਾ ਗੰਦਾ ਪਾਣੀ ਸਿੱਧਾ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਦੇ ਲਈ ਨਿਗਮ ਪ੍ਰਸ਼ਾਸਨ ਵੱਲੋਂ ਐੱਨ. ਜੀ. ਟੀ. ਨੂੰ ਪੱਤਰ ਲਿਖ ਕੇ ਇਕ ਸਾਲ ਦੀ ਮੋਹਲਤ ਮੰਗੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਸਤੀ ਪੀਰਦਾਦ ਦੇ ਡਿਸਪੋਜ਼ਲ 'ਤੇ ਗੰਦੇ ਪਾਣੀ ਦੇ ਓਵਰਫਲੋਅ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਣ ਪੱਛਮੀ ਵਿਧਾਨ ਸਭਾ ਖੇਤਰ ਦਾ ਇਕ ਵੱਡਾ ਹਿੱਸਾ ਡੁੱਬ ਰਿਹਾ ਹੈ ਅਤੇ ਐੱਮ. ਐੱਸ. ਫਾਰਮ ਵਾਲੀ ਰੋਡ 'ਤੇ ਬਿਨਾਂ ਬਰਸਾਤ ਦੇ ਹੀ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਨੇੜੇ-ਤੇੜੇ ਦੀਆਂ ਕਈ ਕਾਲੋਨੀਆਂ 'ਚ ਨਰਕ ਵਰਗੇ ਹਾਲਾਤ ਹੋਣ ਕਾਰਣ ਸ਼ਹਿਰ ਦੀ ਕਾਂਗਰਸੀ ਸਿਆਸਤ ਵੀ ਗਰਮਾਈ ਹੋਈ ਹੈ।
ਵੈਸਟ 'ਚ ਕਹਿਰ ਢਾਹ ਰਿਹਾ ਨਾਰਥ ਦਾ ਪਾਣੀ
ਇਹ ਸਮੱਸਿਆ ਇਸ ਲਈ ਪੈਦਾ ਹੋਈ ਹੈ ਕਿਉਂਕਿ ਨਗਰ ਨਿਗਮ ਨੇ ਨਾਰਥ ਵਿਧਾਨ ਸਭਾ ਖੇਤਰ ਦੀਆਂ ਕਈ ਕਾਲੋਨੀਆਂ ਦਾ ਪਾਣੀ ਨਾਲੇ ਦੇ ਨਾਲ-ਨਾਲ ਲੰਘਦੀ ਵੱਡੀ ਸੀਵਰ ਲਾਈਨ 'ਚ ਪਾ ਦਿੱਤਾ ਹੈ, ਜੋ ਪਹਿਲਾਂ ਕਾਲਾ ਸੰਘਿਆਂ ਡਰੇਨ 'ਚ ਜਾਇਆ ਕਰਦਾ ਸੀ। ਸੀਵਰੇਜ ਲਾਈਨ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਸਤੀ ਪੀਰਦਾਦ ਡਿਸਪੋਜ਼ਲ 'ਤੇ ਸਮੱਸਿਆ ਆ ਰਹੀ ਸੀ, ਜਿਸ ਦਾ ਕੋਈ ਹੱਲ ਨਿਗਮ ਕੋਲ ਨਹੀਂ ਹੈ, ਇਸ ਲਈ ਹੁਣ ਨਿਗਮ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨਾਲ ਟਾਈਅਪ ਕਰ ਰਿਹਾ ਹੈ ਕਿ ਐੱਨ. ਜੀ. ਟੀ. ਤੋਂ ਉਸ ਨੂੰ ਇਕ ਸਾਲ ਦੀ ਮੋਹਲਤ ਮਿਲ ਜਾਵੇ ਤਾਂ ਕਿ ਡਰੇਨ 'ਚ ਸਿੱਧਾ ਕਾਲੋਨੀਆਂ ਦਾ ਗੰਦਾ ਪਾਣੀ ਸੁੱਟਿਆ ਜਾ ਸਕੇ। ਹੁਣ ਵੇਖਣਾ ਹੈ ਕਿ ਇਸ ਮਾਮਲੇ 'ਚ ਨਿਗਮ ਦੀ ਕੋਸ਼ਿਸ਼ ਸਫਲ ਹੁੰਦੀ ਹੈ ਜਾਂ ਨਹੀਂ।
ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਇਸ ਕੋਸ਼ਿਸ਼ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ 'ਚ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ 'ਤੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਨੇ ਵਰਿਆਣਾ ਡੰਪ 'ਚ ਬਾਇਓਮਾਈਨਿੰਗ ਪਲਾਂਟ ਦੀ ਦੇਰੀ ਸਬੰਧੀ ਜੋ 25 ਲੱਖ ਦਾ ਜੁਰਮਾਨਾ ਵਸੂਲ ਲਿਆ ਹੈ, ਉਸ 'ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ ਤੇ ਉੱਚ ਅਧਿਕਾਰੀਆਂ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਵੱਲੋਂ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
160 ਕਰਮਚਾਰੀਆਂ ਦੀ ਫਿਰ ਭਰਤੀ ਕਰੇਗਾ ਨਿਗਮ
ਕੁਝ ਮਹੀਨੇ ਪਹਿਲਾਂ ਨਿਗਮ ਨੇ ਠੇਕੇਦਾਰੀ ਪ੍ਰਥਾ ਦੇ ਆਧਾਰ 'ਤੇ 160 ਸੀਵਰਮੈਨ ਭਰਤੀ ਕੀਤੇ ਸਨ ਪਰ ਯੂਨੀਅਨਾਂ ਦੀ ਆਪਸੀ ਲੜਾਈ ਕਾਰਨ ਇਹ ਮਾਮਲਾ ਅਦਾਲਤ 'ਚ ਚਲਾ ਗਿਆ ਜਿੱਥੋਂ ਨਿਰਦੇਸ਼ ਆਉਣ ਤੋਂ ਬਾਅਦ ਨਿਗਮ ਨੂੰ 160 ਸੀਵਰਮੈਨ ਕੱਢਣੇ ਪਏ। ਹੁਣ ਕਿਉਂਕਿ ਮਾਨਸੂਨ ਸੀਜ਼ਨ ਸਿਰ 'ਤੇ ਹੈ ਅਤੇ ਹੋਰ ਸ਼ਹਿਰ ਦੀਆਂ ਰੋਡ ਗਲੀਆਂ ਦੀ ਸਫਾਈ ਨਹੀਂ ਹੋ ਪਾ ਰਹੀ, ਇਸ ਲਈ ਨਗਰ ਨਿਗਮ ਪ੍ਰਸ਼ਾਸਨ ਨੇ ਹੁਣ 160 ਕਰਮਚਾਰੀ ਆਊਟਸੋਰਸ ਆਧਾਰ 'ਤੇ ਭਰਤੀ ਕਰਨ ਦਾ ਫਿਰ ਫੈਸਲਾ ਲਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸੀਵਰਮੈਨਾਂ ਦੀ ਬਜਾਏ ਦੂਜੀ ਸ਼੍ਰੇਣੀ ਦੇ ਕਰਮਚਾਰੀ ਰੱਖੇ ਜਾਣਗੇ ਜਿਨ੍ਹਾਂ ਤੋਂ ਸਿਰਫ ਰੋਡ ਗਲੀਆਂ ਆਦਿ ਦੀ ਸਫਾਈ ਕਰਵਾਈ ਜਾਵੇਗੀ, ਤਾਂ ਕਿ ਬਰਸਾਤੀ ਪਾਣੀ ਦੇ ਜਮ੍ਹਾ ਹੋਣ ਦੀਆਂ ਸ਼ਿਕਾਇਤਾਂ ਘੱਟ ਹੋ ਸਕਣ।
ਨਿਗਮ ਨੇ ਫਲੱਡ ਕੰਟਰੋਲ ਰੂਮ ਬਣਾਇਆ
ਮਾਨਸੂਨ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਕ-ਦੋ ਦਿਨ 'ਚ ਹੀ ਬਰਸਾਤ ਆਉਣ ਦੀ ਸੰਭਾਵਨਾ ਕਾਰਨ ਨਗਰ ਨਿਗਮ ਪ੍ਰਸ਼ਾਸਨ ਨੇ ਸਥਾਨਕ ਪ੍ਰਤਾਪ ਬਾਗ ਜ਼ੋਨ ਦਫਤਰ 'ਚ ਫਲੱਡ ਕੰਟਰੋਲ ਰੂਮ ਬਣਾ ਦਿੱਤਾ ਹੈ, ਜਿੱਥੇ ਸਾਰੇ ਜ਼ੋਨਾਂ ਦੇ ਅਧਿਕਾਰੀ ਰੋਟੇਸ਼ਨ ਵਾਈਜ਼ ਡਿਊਟੀ ਦੇਣਗੇ। ਐੱਸ. ਈ. ਸਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਫਲੱਡ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ ਅਤੇ ਇਥੇ ਲੋਕ ਬਰਸਾਤੀ ਪਾਣੀ ਦੇ ਜਮ੍ਹਾ ਹੋਣ ਜਾਂ ਸੀਵਰੇਜ ਬੰਦ ਆਦਿ ਦੀਆਂ ਸਮੱਸਿਆਵਾਂ ਟੈਲੀਫੋਨ 'ਤੇ ਦੱਸ ਸਕਣਗੇ, ਜਿਨ੍ਹਾਂ ਦੇ ਹੱਲ ਲਈ ਨਿਗਮ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਬਦਮਾਸ਼ ਫਤਿਹ ਤੇ ਉਸ ਦੇ ਸਾਥੀਆਂ ਦੀ ਭਾਲ 'ਚ ਪੁਲਸ ਨੇ ਅੱਧਾ ਦਰਜਨ ਟਿਕਾਣਿਆਂ 'ਤੇ ਕੀਤੀ ਰੇਡ
NEXT STORY