ਕਪੂਰਥਲਾ (ਭੂਸ਼ਣ)— ਬਿਹਾਰ 'ਚ ਆਪਣੇ ਸਕੇ ਭਰਾ ਦਾ ਕਤਲ ਕਰਕੇ ਫਰਾਰ ਹੋਏ ਹੱਤਿਆ ਦੇ ਮੁਲਜ਼ਮ ਨੂੰ ਚੌਕੀ ਸਾਇੰਸ ਸਿਟੀ ਦੀ ਪੁਲਸ ਨੇ ਪਿੰਡ ਖੋਜੇਵਾਲ 'ਚ ਗ੍ਰਿਫਤਾਰ ਕਰ ਲਿਆ ਹੈ। ਕਪੂਰਥਲਾ ਪੁਲਸ ਦੀ ਸੂਚਨਾ 'ਤੇ ਬਿਹਾਰ ਦੀ ਪੂਰਨੀਆ ਪੁਲਸ ਗ੍ਰਿਫਤਾਰ ਮੁਲਜ਼ਮ ਨੂੰ ਟ੍ਰਾਂਜਿਟ ਰਿਮਾਂਡ 'ਤੇ ਗ੍ਰਿਫਤਾਰ ਕਰਨ ਲਈ ਬੁੱਧਵਾਰ ਸਵੇਰੇ ਤਕ ਕਪੂਰਥਲਾ ਪਹੁੰਚ ਰਹੀ ਹੈ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਹੁਕਮਾਂ 'ਤੇ ਜ਼ਿਲੇ ਭਰ 'ਚ ਚੱਲ ਰਹੀ ਨਾਕਾਬੰਦੀ ਮੁਹਿੰਮ ਤਹਿਤ ਚੌਕੀ ਸਾਇੰਸ ਸਿਟੀ ਦੇ ਇੰਚਾਰਜ ਲਖਬੀਰ ਸਿੰਘ ਗੋਸਲ ਨੇ ਪੁਲਸ ਟੀਮ ਦੇ ਨਾਲ ਜਲੰਧਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਮੁਖਬਰ ਖਾਸ ਨੇ ਲਖਬੀਰ ਸਿੰਘ ਗੋਸਲ ਨੂੰ ਦੱਸਿਆ ਕਿ ਬਿਹਾਰ ਦੇ ਪੂਰਨੀਆ ਜ਼ਿਲੇ ਦੇ ਜਲਾਲਾ ਥਾਣਾ ਖੇਤਰ 'ਚ 16 ਦਸੰਬਰ 2019 ਨੂੰ ਆਪਣੇ ਸਕੇ ਭਰਾ ਸ਼ਨਿਚਰ ਕੁਮਾਰ ਦੀ ਹੱਤਿਆ ਕਰਕੇ ਫਰਾਰ ਹੋਇਆ ਮੁਲਜ਼ਮ ਮਨਿਚਰ ਰਿਸ਼ੀਦੇਵ ਪੁੱਤਰ ਮੋਤੀ ਰਿਸ਼ੀਦੇਵ ਇਸ ਸਮੇਂ ਪਿੰਡ ਖੋਜੇਵਾਲ 'ਚ ਸਥਿਤ ਆਲੂ ਦੇ ਖੇਤਾਂ 'ਚ ਕੰਮ ਕਰ ਰਿਹਾ ਹੈ ਅਤੇ ਉਕਤ ਮੁਲਜ਼ਮ ਨੂੰ ਬਿਹਾਰ ਦੀ ਪੂਰਨੀਆ ਪੁਲਸ ਲੱਭ ਰਹੀ ਹੈ। ਜਿਸ 'ਤੇ ਚੌਕੀ ਇੰਚਾਰਜ ਲਖਬੀਰ ਸਿੰਘ ਗੋਸਲ ਨੇ ਪੁਲਸ ਟੀਮ ਦੇ ਨਾਲ ਛਾਪਾਮਾਰੀ ਕਰਕੇ ਮੁਲਜ਼ਮ ਮਨਿਚਰ ਰਿਸ਼ੀਦੇਵ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਭਰਾ ਸ਼ਨਿਚਰ ਦਾ ਕਤਲ ਕਰਨ ਤੋਂ ਬਾਅਦ ਰੇਲਗੱਡੀ ਦੇ ਜ਼ਰੀਏ ਪੰਜਾਬ ਆ ਗਿਆ ਸੀ। ਜਿਸ ਦੇ ਬਾਅਦ ਉਹ ਕਪੂਰਥਲਾ ਖੇਤਰ 'ਚ ਆ ਕੇ ਮਜ਼ਦੂਰੀ ਕਰਨ ਲੱਗਾ ਸੀ। ਗ੍ਰਿਫਤਾਰ ਮੁਲਜ਼ਮ ਦੇ ਸਬੰਧ 'ਚ ਬਿਹਾਰ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮੁਲਜ਼ਮ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਫ੍ਰੀ ਡਿਲਿਵਰੀ ਦੇ ਨਾਂ 'ਤੇ ਬਣਿਆ ਮਜ਼ਾਕ, ਸਿਵਲ ਹਸਪਤਾਲ 'ਚ ਤੜਫਦੀ ਰਹੀ ਗਰਭਵਤੀ ਔਰਤ
NEXT STORY