ਨੂਰਪੁਰਬੇਦੀ,(ਭੰਡਾਰੀ)- ਨਜ਼ਦੀਕੀ ਪਿੰਡ ਥਾਣਾ ਦੇ ਛੁੱਟੀ ਕੱਟਣ ਆਏ ਇਕ ਨੌਜਵਾਨ ਫੌਜੀ ਜਸਵਿੰਦਰ ਸਿੰਘ ਦੀ ਸਡ਼ਕ ਦੁਰਘਟਨਾ ’ਚ ਹੋਈ ਮੌਤ ਦਾ ਪਤਾ ਲੱਗਣ ’ਤੇ ਪਿੰਡ ’ਚ ਮਾਤਮ ਛਾ ਗਿਆ। ਮ੍ਰਿਤਕ ਫੌਜੀ ਦਾ ਅੰਤਿਮ ਸੰਸਕਾਰ ਅੱਜ ਪਿੰਡ ਥਾਣਾ ’ਚ ਬਣੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਸਿੱਖ ਰੈਜੀਮੈਂਟ ਦੇ ਉਕਤ ਨੌਜਵਾਨ ਫੌਜੀ ਦੀ ਗੱਡੀ ਬੀਤੇ ਦਿਨ ਗਡ਼੍ਹਸ਼ੰਕਰ ਨੇੜੇ ਇਕ ਸੀ. ਟੀ. ਯੂ. ਦੀ ਬੱਸ ਨਾਲ ਟਕਰਾਉਣ ਉਪਰੰਤ ਮੌਤ ਹੋ ਗਈ ਸੀ, ਜਦਕਿ ਇਸ ਹਾਦਸੇ ’ਚ ਇਕ ਹੋਰ ਫੌਜੀ ਜਵਾਨ ਅਤੇ ਇਨ੍ਹਾਂ ਦੇ ਇਕ ਹੋਰ ਸਾਥੀ ਸਮੇਤ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਇਕ ਹੋਰ ਫੌਜੀ ਮੱਖਣ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਥਾਣਾ ਦੀ ਛੁੱਟੀ ਖਤਮ ਹੋਣ ਕਾਰਣ ਫੌਜੀ ਜਸਵਿੰਦਰ ਸਿੰਘ ਪੁੱਤਰ ਰਘੂਦਾਸ ਸਿੰਘ ਵਾਸੀ ਥਾਣਾ ਅਤੇ ਹਰਵਿੰਦਰ ਸਿੰਘ ਪੁੱਤਰ ਤੀਰਥ ਰਾਮ ਵਾਸੀ ਅਸਾਲਤਪੁਰ ਆਪਣੀ ਗੱਡੀ ’ਚ ਉਸਨੂੰ ਹੁਸ਼ਿਆਰਪੁਰ ਵਿਖੇ ਛੱਡਣ ਜਾ ਰਹੇ ਸਨ ਅਤੇ ਰਸਤੇ ’ਚ ਇਨ੍ਹਾਂ ਦੀ ਗੱਡੀ ਦੀ ਸੀ. ਟੀ. ਯੂ. ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਣ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਫੌਜੀ ਮੱਖਣ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ’ਚ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਮ੍ਰਿਤਕ ਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਤੋਂ ਇਲਾਵਾ ਆਪਣੀ ਪਤਨੀ ਅਤੇ ਇਕ ਛੋਟਾ ਲਡ਼ਕਾ ਛੱਡ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਦੀ ਕੀਤੀ ਤਾਰੀਫ
NEXT STORY