ਜਲੰਧਰ (ਖੁਰਾਣਾ)— ਹਰ ਮਹੀਨੇ ਸ਼ਹਿਰ ਦੀ ਸਫਾਈ 'ਤੇ ਕਰੋੜਾਂ ਰੁਪਏ ਖਰਚਣ ਤੇ ਸਭ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸ਼ਹਿਰ 'ਚ ਕੂੜੇ ਦੀ ਸਮੱਸਿਆ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਅਜੇ ਪਿਛਲੇ ਹਫਤੇ ਸ਼ਹਿਰ ਨੇ ਲਗਾਤਾਰ 8-10 ਦਿਨ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਝੱਲਿਆ, ਜਿਸ ਦੌਰਾਨ ਪੂਰਾ ਸ਼ਹਿਰ ਨਰਕ 'ਚ ਤਬਦੀਲ ਹੋ ਗਿਆ। ਹੜਤਾਲ ਖੁੱਲ੍ਹਣ ਤੋਂ ਬਾਅਦ ਥਾਂ-ਥਾਂ ਕੂੜੇ ਦੇ ਢੇਰ ਅਜੇ ਚੁੱਕ ਨਹੀਂ ਹੋਏ ਸਨ ਕਿ ਸ਼ਹਿਰ ਿਵਚ ਪਏ ਮਾਮੂਲੀ ਮੀਂਹ ਕਾਰਨ ਸ਼ਹਿਰ ਦੇ ਮੇਨ ਡੰਪ ਵਰਿਆਣਾ ਦੇ ਹਾਲਾਤ ਵਿਗੜ ਗਏ, ਜਿਸ ਕਾਰਣ ਸ਼ਨੀਵਾਰ ਨੂੰ ਪੂਰੇ ਸ਼ਹਿਰ ਿਵਚ ਕੂੜੇ ਦੀ ਲਿਫਟਿੰਗ ਨਹੀਂ ਹੋ ਸਕੀ। ਜ਼ਿਆਦਾਤਰ ਡੰਪ ਸਥਾਨਾਂ 'ਤੇ ਕੂੜੇ ਦੇ ਢੇਰ ਲੱਗੇ ਰਹੇ ਤੇ ਕੁਝ ਗੱਡੀਆਂ ਨੂੰ ਛੱਡ ਕੇ ਬਾਕੀਆਂ ਨੇ ਕੂੜਾ ਨਹੀਂ ਚੁੱਕਿਆ। ਐਤਵਾਰ ਨੂੰ ਜੇਕਰ ਮੀਂਹ ਨਾ ਪਿਆ ਅਤੇ ਮੌਸਮ ਠੀਕ ਰਿਹਾ ਤਾਂ ਨਿਗਮ ਦੀਆਂ ਗੱਡੀਆਂ ਵਰਿਆਣਾ ਡੰਪ 'ਚ ਬਣੇ ਅਸਥਾਈ ਰਸਤਿਆਂ 'ਤੇ ਮਲਬਾ ਆਦਿ ਸੁੱਟ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕਰਨਗੀਆਂ, ਜਿਸ ਤੋਂ ਬਾਅਦ ਉਥੇ ਕੂੜਾ ਸੁੱਟਣਾ ਸੰਭਵ ਹੋ ਸਕੇਗਾ। ਅਜੇ ਇਕ ਦੋ ਦਿਨ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਪ੍ਰਭਾਵਿਤ ਰਹਿ ਸਕਦੀ ਹੈ।
ਸ਼ਹਿਰ ਦਾ ਕੂੜਾ ਸੰਭਲ ਨਹੀਂ ਰਿਹਾ, ਕੈਂਟ ਦਾ ਸਾਰਾ ਕੂੜਾ ਆ ਰਿਹਾ ਵਰਿਆਣਾ
ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਨਗਰ ਨਿਗਮ ਤੋਂ ਸ਼ਹਿਰ 'ਚੋਂ ਹਰ ਰੋਜ਼ ਨਿਕਲਣ ਵਾਲਾ 500 ਟਨ ਕੂੜਾ ਤਾਂ ਸੰਭਾਲਿਆ ਨਹੀਂ ਜਾ ਰਿਹਾ ਪਰ ਪਿਛਲੇ ਕੁਝ ਸਮੇਂ ਤੋਂ ਜਲੰਧਰ ਕੈਂਟ ਦਾ ਕਾਫੀ ਕੂੜਾ ਵਰਿਆਣਾ ਡੰਪ 'ਤੇ ਸੁੱਟਿਆ ਜਾ ਰਿਹਾ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕੁਝ ਸਮਾਂ ਪਹਿਲਾਂ ਜਲੰਧਰ ਕੈਂਟ 'ਚ ਕੂੜੇ ਦੀ ਡੰਪਿੰਗ ਦੀ ਸਮੱਸਿਆ ਆਈ ਸੀ, ਜਿਸ ਕਾਰਨ ਇਕ ਸੀਨੀਅਰ ਫੌਜੀ ਅਧਿਕਾਰੀ ਨੇ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕਰ ਕੇ ਕੁਝ ਸਮੇਂ ਲਈ ਕੈਂਟ ਦਾ ਥੋੜ੍ਹਾ ਬਹੁਤ ਕੂੜਾ ਵਰਿਆਣਾ ਡੰਪ 'ਤੇ ਸੁੱਟਣ ਲਈ ਸਹਿਮਤੀ ਲੈ ਲਈ ਸੀ। ਨਿਗਮ ਨੂੰ ਲੱਗਦਾ ਸੀ ਕਿ ਕੈਂਟ 'ਚੋਂ ਇਕ ਦੋ ਗੱਡੀਆਂ ਕੂੜਾ ਵਰਿਆਣਾ ਵਿਚ ਆਵੇਗਾ ਪਰ ਪਿਛਲੇ ਕੁਝ ਸਮੇਂ ਤੋਂ 10-10 ਗੱਡੀਆਂ ਕੈਂਟ ਤੋਂ ਵਰਿਆਣਾ ਡੰਪ 'ਤੇ ਕੂੜਾ ਸੁੱਟਣ ਆ ਰਹੀਆਂ ਸਨ। ਇਸ ਕਾਰਣ ਜਲੰਧਰ ਨਗਰ ਨਿਗਮ ਦੀਆਂ ਆਪਣੀਆਂ ਗੱਡੀਆਂ ਨੂੰ ਉਥੇ ਡੰਪ 'ਤੇ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਅੱਜ ਯੂਨੀਅਨ ਨੁਮਾਇੰਦਿਆਂ ਨੇ ਇਹ ਸਮੱਿਸਆ ਜਦੋਂ ਨਿਗਮ ਕਮਿਸ਼ਨਰ ਨੂੰ ਦੱਸੀ ਤਾਂ ਉਨ੍ਹਾਂ ਕੈਂਟ ਦਾ ਕੂੜਾ ਸ਼ਹਿਰ ਦੇ ਡੰਪ ਵਰਿਆਣਾ 'ਤੇ ਸੁੱਟਣ ਤੋਂ ਮਨ੍ਹਾ ਕਰ ਦਿੱਤਾ। ਪਤਾ ਲੱਗਾ ਹੈ ਕਿ ਕੈਂਟ ਦੀ ਸਫਾਈ ਵਿਵਸਥਾ ਨਾਲ ਜੁੜੇ ਵਿਭਾਗ ਨੇ ਕੈਂਟ ਵਿਚ ਪੈਂਦੇ ਡੰਪ ਦਾ ਸਾਰਾ ਕੂੜਾ ਵਰਿਆਣਾ ਵਿਚ ਸੁਟਵਾਉਣਾ ਸ਼ੁਰੂ ਕਰ ਦਿੱਤਾ ਸੀ।
ਯੂਨੀਅਨ ਤੇ ਨਿਗਮ ਕਮਿਸ਼ਨਰ ਦਰਮਿਆਨ ਵਰਕਸ਼ਾਪ ਵਿਚ ਹੋਈ ਬੈਠਕ, ਸਮਝੌਤੇ ਤੋਂ ਬਾਅਦ ਉਪਜੇ ਹਾਲਾਤ 'ਤੇ ਖੁੱਲ੍ਹ ਕੇ ਹੋਈ ਚਰਚਾ
ਪਿਛਲੇ ਐਤਵਾਰ ਨੂੰ ਨਗਰ ਨਿਗਮ ਯੂਨੀਅਨਾਂ ਅਤੇ ਨਿਗਮ ਪ੍ਰਸ਼ਾਸਨ ਦਰਮਿਆਨ ਲੰਬੀ ਗੱਲਬਾਤ ਚੱਲੀ ਸੀ, ਜਿਸ ਤੋਂ ਬਾਅਦ ਸਫਾਈ ਕਰਮਚਾਰੀਆਂ ਦੀ ਹੜਤਾਲ ਖੁਲ੍ਹਵਾਉਣ ਲਈ ਸਮਝੌਤਾ ਪੱਤਰ 'ਤੇ ਹਸਤਾਖਰ ਹੋਏ। ਹੜਤਾਲ ਖੁੱਲ੍ਹਣ ਤੋਂ ਬਾਅਦ ਨਿਗਮ ਦੀਆਂ ਕੁਝ ਕਾਰਵਾਈਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਯੂਨੀਅਨ ਨੁਮਾਇੰਦੇ ਫਿਰ ਰੋਸ ਵਿਚ ਆ ਗਏ ਸਨ, ਜਿਸ ਕਾਰਨ ਬੀਤੇ ਦਿਨ ਨਿਗਮ ਦੀ ਵਰਕਸ਼ਾਪ ਵਿਚ ਇਕ ਬੈਠਕ ਹੋਈ, ਜਿਸ ਦੌਰਾਨ ਯੂਨੀਅਨ ਦੀ ਨੁਮਾਇੰਦਗੀ ਚੰਦਨ ਗਰੇਵਾਲ ਅਤੇ ਨਿਗਮ ਦੀ ਨੁਮਾਇੰਦਗੀ ਕਮਿਸ਼ਨਰ ਲਾਕੜਾ ਅਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਕੀਤੀ।
ਯੂਨੀਅਨ ਨੁਮਾਇੰਦਿਆਂ ਨੂੰ ਗੁੱੱਸਾ ਸੀ ਕਿ ਨਿਗਮ ਪ੍ਰਸ਼ਾਸਨ ਨੇ ਸਿਰਫ ਸਫਾਈ ਕਰਮਚਾਰੀਆਂ ਦੀ ਤਾਇਨਾਤੀ 'ਤੇ ਫੋਕਸ ਕੀਤਾ ਹੋਇਆ ਹੈ ਅਤੇ ਸਮਝੌਤੇ ਦੀਆਂ ਬਾਕੀ ਸ਼ਰਤਾਂ 'ਤੇ ਅਮਲ ਨਹੀਂ ਕਰ ਰਿਹਾ। ਫੈਸਲਾ ਹੋਇਆ ਕਿ ਜੇਕਰ ਦੂਜੀਆਂ ਪੋਸਟਾਂ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਦਲਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਹ ਉਪਰੋਂ ਹੇਠਾਂ ਸਾਰੇ ਵਰਗ ਦੇ ਕਰਮਚਾਰੀਆਂ 'ਤੇ ਲਾਗੂ ਹੋਵੇਗਾ। ਮੀਟਿੰਗ ਦੌਰਾਨ 160 ਸੀਵਰਮੈਨਾਂ ਨੂੰ ਮੁਹੱਈਆ ਕਰਵਾਉਣ ਅਤੇ ਸ਼ਹਿਰ 'ਚੋਂ ਕੂੜਾ ਚੁੱਕਣ ਲਈ ਕਰੀਬ 2 ਦਰਜਨ ਟਰਾਲੀਆਂ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ 'ਤੇ ਚਰਚਾ ਹੋਈ ਅਤੇ ਯੂਨੀਅਨ ਨੁਮਾਇੰਦਿਆਂ ਨੇ ਨਿਗਮ ਪ੍ਰਸ਼ਾਸਨ 'ਤੇ ਦੋਸ਼ ਲਾਇਆ ਕਿ ਸਿਆਸੀ ਪੱਖੋਂ ਇਹ ਠੇਕੇ ਆਪਣਿਆਂ ਨੂੰ ਅਲਾਟ ਕੀਤੇ ਜਾ ਰਹੇ ਹਨ। ਇਸ ਦੌਰਾਨ ਠੇਕੇਦਾਰੀ ਆਧਾਰ 'ਤੇ ਰੱਖੇ ਗਏ ਜੇ. ਸੀ. ਬੀ. ਆਪ੍ਰੇਟਰਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦਾ ਮਾਮਲਾ ਵੀ ਭਖਿਆ, ਜਿਸ ਦੌਰਾਨ ਸਾਹਮਣੇ ਆਇਆ ਕਿ ਨਿਗਮ ਤੋਂ ਪੇਮੈਂਟ ਲੈਣ ਦੇ ਬਾਵਜੂਦ ਠੇਕੇਦਾਰ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਰਿਹਾ ਅਤੇ ਨਾ ਹੀ ਮਹੀਨਿਆਂ ਤੋਂ ਉਨ੍ਹਾਂ ਦਾ ਈ. ਪੀ. ਐੱਫ. ਜਮ੍ਹਾ ਕਰਵਾਇਆ ਗਿਆ ਹੈ। ਵਰਿਆਣਾ ਡੰਪ ਨੂੰ ਲੈ ਕੇ ਆਈ ਸਮੱਸਿਆ ਨੂੰ ਵੇਖਦਿਆਂ ਫੈਸਲਾ ਲਿਆ ਗਿਆ ਕਿ ਨਿਗਮ ਦੇ ਛੋਟੇ ਵਾਹਨ ਫਿਲਹਾਲ ਬਰਲਟਨ ਪਾਰਕ, ਜੋਤੀ ਨਗਰ ਡੰਪ ਅਤੇ 120 ਫੁੱਟੀ ਰੋਡ ਡੰਪ 'ਤੇ ਹੀ ਕੂੜਾ ਸੁੱਟਣਗੇ ਅਤੇ ਵੱਡੀਆਂ ਗੱਡੀਆਂ ਹੀ ਵਰਿਆਣਾ ਜਾਣਗੀਆਂ।
ਭਾਟੀਆ ਦੀ ਧਮਕੀ ਤੋਂ ਬਾਅਦ ਵਾਰਡ ਦਾ ਕੂੜਾ ਚੁੱਕ ਹੋਣਾ ਸ਼ੁਰੂ ਹੋਇਆ
ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੇ ਵਾਰਡ ਨੰਬਰ 45 ਵਿਚ ਪਿਛਲੇ 15 ਦਿਨਾਂ ਤੋਂ ਕੂੜੇ ਦੀ ਲਿਫਟਿੰਗ ਨਹੀਂ ਹੋਈ ਜਿਸ ਕਾਰਨ ਗੋਬਿੰਦ ਨਗਰ, ਬੇਰੀਆਂ ਵਾਲਾ ਪਲਾਂਟ, ਗੁਰਦੁਆਰਾ ਰੋਡ ਅਤੇ ਆਰੀਆ ਸਮਾਜ ਮੰਦਰ ਦੇ ਕੋਲ ਕੂੜੇ ਦੇ ਢੇਰ ਲੱਗ ਗਏ ਸਨ। ਅੱਜ ਕਮਲਜੀਤ ਸਿੰਘ ਭਾਟੀਆ ਨੇ ਨਿਗਮ ਅਧਿਕਾਰੀਆਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਵਾਰਡ ਦਾ ਕੂੜਾ ਨਾ ਚੁੱਕਿਆ ਗਿਆ ਤਾਂ ਸੋਮਵਾਰ ਨੂੰ ਹੋ ਰਹੀ ਹਾਊਸ ਦੀ ਮੀਟਿੰਗ ਵਿਚ ਧਰਨਾ ਦਿੱਤਾ ਜਾਵੇਗਾ। ਭਾਟੀਆ ਦੀ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਅਧਿਕਾਰੀਆਂ ਨੇ ਤੁਰੰਤ ਕੁਝ ਟਰੱਕ ਕੂੜਾ ਉਨ੍ਹਾਂ ਦੇ ਵਾਰਡ ਵਿਚੋਂ ਚੁਕਵਾ ਕੇ ਦੂਜੇ ਡੰਪ ਸਥਾਨਾਂ 'ਤੇ ਭੇਜਿਆ।
ਮਹਿਲਾ ਦਿਵਸ : 'ਕੋਮਲ ਹੈ ਕਮਜ਼ੋਰ ਨਹੀਂ ਤੂੰ, ਸ਼ਕਤੀ ਕਾ ਨਾਮ ਹੀ ਨਾਰੀ ਹੈ'
NEXT STORY