ਨੂਰਪੁਰਬੇਦੀ (ਸ਼ਮਸ਼ੇਰ/ਭੰਡਾਰੀ)— ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਨਵੇਂ ਚੁਣੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਸਥਾਨਕ ਸੰਮਤੀ ਰੈਸਟ ਹਾਊਸ ਨੂਰਪੁਰਬੇਦੀ ਵਿਖੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਹਰ ਇਕ ਵੋਟਰ ਦਾ ਹਮੇਸ਼ਾ ਰਿਣੀ ਰਹਿਣਗੇ, ਜਿਨ੍ਹਾਂ ਨੇ ਮੈਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਹੈ ਅਤੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅਗਲੇ ਪੰਜ ਸਾਲ ਲਈ ਗੁਰੂਆਂ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਬੀਤੇ ਪੰਜ ਸਾਲਾਂ ਦੇ ਅਰਸੇ 'ਚ ਸਿਆਸੀ ਵਿਤਕਰੇਬਾਜ਼ੀ ਕਾਰਨ ਹਲਕੇ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਲੋਕ ਨੂੰ ਟੁੱਟੀਆਂ ਸੜਕਾਂ, ਨਾਜਾਇਜ਼ ਮਾਈਨਿੰਗ ਅਤੇ ਬੇਰੋਜ਼ਗਾਰੀ ਨੂੰ ਹੰਢਾਉਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਕੱਚੇ ਮਾਲ ਦੀ ਪੈਦਾਵਾਰ ਦੇ ਮੱਦੇਨਜ਼ਰ ਜਿੱਥੇ ਇੰਡਸਟਰੀ ਲਗਾਉਣ ਦੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ, ਉੱਥੇ ਹੀ ਬੁਨਿਆਦੀ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਕੇਂਦਰ ਸਥਾਪਤ ਕਰਕੇ ਨੌਜਵਾਨ ਵਰਗ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕੀਤੇ ਜਾਣਗੇ। ਇਸ ਤੋਂ ਪਹਿਲਾਂ ਜ਼ਿਲਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖੇਤਰ ਭਰ ਦੀਆਂ ਲਿੰਕ ਸੜਕਾਂ ਦੀ ਹੋਈ ਦੁਰਦਸ਼ਾ, ਬੇਸਹਾਰਾ ਪਸ਼ੂਆਂ ਵੱਲੋਂ ਕੀਤੇ ਜਾ ਰਹੇ ਫਸਲਾਂ ਦੇ ਉਜਾੜੇ ਅਤੇ ਬਰਸਾਤ ਦੇ ਦਿਨਾਂ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਦਿਹਾਤੀ ਖੇਤਰ ਦੇ ਲੋਕਾਂ ਨੂੰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਮੈਂਬਰ ਡਾ. ਦੇਸ ਰਾਜ, ਡਾ. ਪ੍ਰੇਮਦਾਸ ਬਜਰੂੜ, ਮੈਡਮ ਅੰਜੂ ਰਾਣੀ, ਸੰਮਤੀ ਮੈਂਬਰ ਗੁਰਨਾਮ ਚੌਧਰੀ, ਰਾਧੇ ਕ੍ਰਿਸ਼ਨ ਕਾਂਗੜ, ਰਾਣਾ ਜੈਨ ਸਿੰਘ ਮੁਕਾਰੀ, ਡਾ. ਕਮਲਜੀਤ ਚਨੌਲੀ, ਚੌਧਰੀ ਨਰੇਸ਼ ਰੌੜੂਆਣਾ, ਸੰਮਤੀ ਮੈਂਬਰ ਨਰਿੰਦਰ ਬੱਗਾ, ਜਸਪਾਲ ਸਿੰਘ ਪਾਲੀ, ਸੁਖਵਿੰਦਰ ਸਿੰਘ ਪੰਮੂ, ਸੰਜੀਵ ਵਿੱਕੀ ਪਲਾਟਾ ਸਣੇ ਅਨੇਕਾਂ ਆਗੂ ਅਤੇ ਖੇਤਰ ਵਾਸੀ ਹਾਜ਼ਰ ਸਨ।
Punjab Wrap Up : ਪੜ੍ਹੋ 13 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY