ਸੁਲਤਾਨਪੁਰ ਲੋਧੀ,(ਧੀਰ, ਜੋਸ਼ੀ, ਸੋਢੀ) : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸੁਲਤਾਨਪੁਰ ਲੋਧੀ ਵਿਚ ਫੈਲ ਰਹੀ ਗੰਦਗੀ ਦਾ ਗੰਭੀਰ ਨੋਟਿਸ ਲੈਂਦਿਆਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਇਕ ਮਹੀਨੇ ਵਿਚ ਇਸ ਬਾਰੇ ਆਪਣੀ ਰਿਪੋਰਟ ਦੇਣ। ਇਹ ਮਾਮਲਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ 17 ਨਵੰਬਰ 2018 ਨੂੰ ਈਮੇਲ ਕਰ ਕੇ ਐੱਨ. ਜੀ. ਟੀ. ਦੇ ਧਿਆਨ ਵਿਚ ਲਿਆਂਦਾ ਸੀ। ਇਸ ਸ਼ਿਕਾਇਤ ਨਾਲ ਅਖਬਾਰਾਂ ਵਿਚ ਛਪੀਆਂ ਖਬਰਾਂ ਦੀ ਕਟਿੰਗ ਵੀ ਭੇਜੀ ਗਈ ਸੀ। ਇਸ 'ਚ ਕਿਹਾ ਸੀ ਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਕੋਲ ਕੂੜਾ ਸੁੱਟਣ ਲਈ ਕੋਈ ਵੀ
ਢੁੱਕਵੀਂ ਥਾਂ ਨਹੀਂ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਨ. ਜੀ. ਟੀ. ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਹੇਠ ਬਣੇ ਚਾਰ ਮੈਂਬਰੀ ਬੈਂਚ 'ਚ ਜਸਟਿਸ ਐੱਸ. ਪੀ. ਵੰਗਦੀ, ਜਸਟਿਸ ਕੇ. ਰਾਮਾਕ੍ਰਿਸ਼ਨਨ ਅਤੇ ਮਾਹਿਰ ਮੈਂਬਰ ਡਾ. ਨਾਗਿਨ ਨੰਦਾ ਸ਼ਾਮਲ ਹਨ। ਐੱਨ. ਜੀ. ਟੀ. ਨੇ 16 ਜਨਵਰੀ 2019 ਨੂੰ ਕਪੂਰਥਲਾ ਦੇ ਮੈਜਿਸਟ੍ਰੇਟ ਨੂੰ ਹਦਾਇਤਾਂ ਕੀਤੀਆਂ ਹਨ ਕਿ ਇਕ ਮਹੀਨੇ ਵਿਚ ਇਸ ਬਾਰੇ ਢੁੱਕਵੀਂ ਕਾਰਵਾਈ ਕਰ ਕੇ ਦੱਸਣ। ਇਸ ਮਾਮਲੇ ਦੀ ਅਗਲੀ ਪੇਸ਼ੀ 30 ਅਪ੍ਰੈਲ ਨੂੰ ਰੱਖੀ ਗਈ ਹੈ।
ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ 2019 ਨੂੰ ਆ ਰਿਹਾ ਹੈ। ਬਾਬੇ ਨਾਨਕ ਦੀ ਨਗਰੀ ਨਾਲ ਜਾਣੀ ਜਾਂਦੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਚ ਕੂੜਾ ਸੁੱਟਣ ਦਾ ਕੋਈ ਵੀ ਢੁੱਕਵਾਂ ਪ੍ਰਬੰਧ ਨਹੀਂ ਹੈ। ਕੌਂਸਲ ਵੱਲੋਂ ਖਾਲੀ ਪਲਾਟਾਂ ਵਿਚ ਗੰਦਗੀ ਸੁੱਟੀ ਜਾ ਰਹੀ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਬੋਪਾਰਾਏ ਨੇ ਦੱਸਿਆ ਕਿ 1969 ਵਿਚ ਸੁਲਤਾਨਪੁਰ ਲੋਧੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਉਦੋਂ ਹੀ ਇਹ ਨਗਰ ਕੌਂਸਲ ਹੋਂਦ ਵਿਚ ਆਈ ਸੀ ਪਰ ਹੁਣ 50 ਸਾਲ ਬੀਤ ਗਏ ਹਨ ਪਰ ਠੋਸ ਕੂੜੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਆਉਣਾ ਹੈ, ਇਸ ਤੋਂ ਪਹਿਲਾਂ ਕੂੜੇ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ। ਸੁਲਤਾਨਪੁਰ ਦਿਹਾਤੀ ਦਾ ਕੂੜਾ ਵੀ ਰੇਲਵੇ ਸਟੇਸ਼ਨ ਦੀ ਜ਼ਮੀਨ 'ਤੇ ਹੀ ਸੁੱਟਿਆ ਜਾ ਰਿਹਾ ਹੈ। ਇਸ ਨੂੰ ਸਮੇਂ-ਸਿਰ ਸੰਤ ਬਲਬੀਰ ਸਿੰਘ ਸੀਚੇਵਾਲ ਚੁੱਕਵਾਉਂਦੇ ਆ ਰਹੇ ਹਨ ਪਰ ਇਸ ਦੀ ਕੋਈ ਢੁੱਕਵੀਂ ਥਾਂ ਨਹੀਂ ਹੈ।
5 ਦਿਨ ਸਾਰੇ ਸਰਕਾਰੀ ਦਫਤਰਾਂ 'ਚ ਕੰਮਕਾਜ ਰਹੇਗਾ ਠੱਪ
NEXT STORY