ਸੁਭਾਨਪੁਰ, (ਸਤਨਾਮ)- ਜਗਤਜੀਤ ਇੰਡਸਟਰੀਜ਼ ਡੈਮੋਕਰੇਟਿਕ ਵਰਕਰਜ਼ ਯੂਨੀਅਨ ਇਫ਼ਟੂ ਵੱਲੋਂ ਵਰਕਰਾਂ ਦੀਆਂ ਮੰਗਾਂ ਦੇ ਹੱਲ ਲਈ ਵਿੱਢੇ ਸੰਘਰਸ਼ ਤਹਿਤ ਅੱਜ 44ਵੇਂ ਦਿਨ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਫੈਕਟਰੀ ਮਾਲਕਾਂ ਤੇ ਪ੍ਰਸ਼ਾਸਨ ਦੇ ਵਰਕਰ ਵਿਰੋਧੀ ਰਵੱਈਏ ਵਿਰੁੱਧ ਸਮੂਹ ਵਰਕਰਾਂ ਤੇ ਔਰਤਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਰੋਸ ਮੁਜ਼ਾਹਰਾ ਕਰ ਰਹੀਆਂ ਔਰਤਾਂ ਨਾਲ ਪੁਲਸ ਵੱਲੋਂ ਧੱਕਾ-ਮੁੱਕੀ ਕੀਤੀ ਗਈ ਅਤੇ ਬਾਲਾਂ ਨਾਲ ਵੀ ਖਿਚ ਧੂ ਕੀਤੀ ਗਈ। ਜਿਸ ਦੇ ਬਾਅਦ ਗੁੱਸੇ ’ਚ ਆਏ ਵਰਕਰਾਂ ਅਤੇ ਆਗੂਆਂ ਨੇ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਸ ਦੌਰਾਨ ਵਰਕਰਾਂ ਅਤੇ ਆਗੂਆਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੰਗੇ ਚਿੱਟੇ ਰੂਪ ’ਚ ਫੈਕਟਰੀ ਮਾਲਕਾਂ ਨਾਲ ਖਡ਼੍ਹਾ ਹੈ। ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਵਾਉਣ, ਵਰਕਰਾਂ ਨਾਲ ਧੱਕਾ ਕਰਨ ਤੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜੀ ਦੀ ਤਸਵੀਰ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੁਲਸ ਪ੍ਰਸ਼ਾਸਨ ਰੋਸ ਮੁਜ਼ਾਹਰਾ ਕਰਦੇ ਵਰਕਰਾਂ ’ਤੇ ਔਰਤਾਂ ਨਾਲ ਧੱਕਾ ਮੁੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਵਰਕਰਾਂ ਨਾਲ ਹੋਰ ਧੱਕਾ ਕੀਤਾ ਤਾਂ ਇਸ ਤੋਂ ਨਿਕਲਣ ਵਾਲੇ ਸਿੱਟੇ ਲਈ ਪ੍ਰਸ਼ਾਸਨ ਖੁੱਦ ਜ਼ਿੰਮੇਵਾਰ ਹੋਵੇਗਾ। ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਇਫਟੂ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵਡ਼ੈਚ, ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਸਤੀਸ਼ ਕੁਮਾਰ, ਸ਼੍ਰੋਮਣੀ ਰੰਘਰੇਟਾ ਦਲ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਦਸਮੇਸ਼ ਫੌਜ ਤਰਨਾ ਦਲ ਨਿਹੰਗ ਸਿੰਘ ਜਥੇਬੰਦੀਆਂ ਦੇ ਭਾਈ ਪਰਮਜੀਤ ਸਿੰਘ ਖਡੂਰ ਸਾਹਿਬ ਵਾਲੇ, ਅਮਰੀਕ ਸਿੰਘ, ਦਸਮੇਸ਼ ਫੌਜ ਰੰਘਰੇਟਾ ਦਲ ਦੇ ਚੇਅਰਮੈਨ ਭਾਈ ਗੁਰਦਿਆਲ ਸਿੰਘ, ਦਲਿਤ ਨੇਤਾ ਅਮਨਦੀਪ ਸਿੰਘ ਭੱਟੀ ਆਦਿ ਨੇ ਸੰਬੋਧਨ ਕੀਤਾ।
ਐੱਸ. ਡੀ. ਐੱਮ. ਦੇ ਭਰੋਸੇ ’ਤੇ ਧਰਨਾ ਕੀਤਾ ਸਮਾਪਤ
ਇਸ ਦੌਰਾਨ ਐੱਸ. ਡੀ. ਐੱਮ. ਵਰਿੰਦਰਪਾਲ ਸਿੰਘ ਬਾਜਵਾ ਨੇ ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਬੰਦ ਹੋਣ ਕਰ ਕੇ ਆਗੂਆਂ ਨੂੰ ਲਿਖਤੀ ਤੌਰ ’ਤੇ ਦਿੱਤਾ ਕਿ 20 ਫਰਵਰੀ ਨੂੰ ਫੈਕਟਰੀ ਦੇ ਉੱਚ ਅਧਿਕਾਰੀਆਂ ਨਾਲ ਆਗੂਆਂ ਦੀ ਮੀਟਿੰਗ ਕਰਵਾ ਕੇ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇਗਾ। ਲਿਖਤੀ ਲੈਟਰ ਲੈਣ ਤੋਂ ਬਾਦ ਲਗਾਤਾਰ 7 ਘੰਟੇ ਲੱਗਾ ਧਰਨਾ ਆਗੂਆਂ ਵੱਲੋਂ ਸਮਾਪਤ ਕਰ ਦਿੱਤਾ ਗਿਆ।
ਮਾਮਲੇ ਦੀ ਕਰਵਾਈ ਜਾਵੇਗੀ ਜਾਂਚ : ਐੱਸ. ਐੱਸ. ਪੀ.
ਮੰਗਾਂ ਸਬੰਧੀ ਮੁਜ਼ਾਹਰਾ ਕਰ ਰਹੀਆਂ ਔਰਤਾਂ ਨਾਲ ਪੁਲਸ ਵੱਲੋਂ ਕੀਤੀ ਗਈ ਧੱਕਾ-ਮੁੱਕੀ ਅਤੇ ਔਰਤਾਂ ਦੇ ਬਾਲਾਂ ਨਾਲ ਕੀਤੀ ਖਿੱਚ-ਧੂ ਬਾਰੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਖੁਦ ਜਾਂਚ ਕਰਵਾਉਣਗੇ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਰਾਈਸ ਮਿੱਲ 'ਚ ਲੱਗੀ ਭਿਆਨਕ ਅੱਗ
NEXT STORY