ਜਲੰਧਰ,(ਧਵਨ)—ਜੇਲਾਂ ਨੂੰ ਨਸ਼ੀਲੀਆਂ ਵਸਤਾਂ ਅਤੇ ਮੋਬਾਇਲ ਫੋਨਾਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਨੇ ਗੰਭੀਰ ਯਤਨ ਸ਼ੁਰੂ ਕਰ ਦਿੱਤੇ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਇਸ ਲਈ 12 ਜੇਲਾਂ ਦੀ ਪਛਾਣ ਕੀਤੀ ਗਈ ਹੈ, ਜਿਥੇ ਫੁੱਲ ਬਾਡੀ ਸਕੈਨਰ ਲਾਏ ਜਾਣਗੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਰੰਧਾਵਾ ਨੂੰ ਜੇਲਾਂ 'ਚ ਸੁਧਾਰ ਬਾਰੇ ਹੋਰ ਕਦਮ ਚੁੱਕਣ ਲਈ ਕਿਹਾ । ਸੂਤਰਾਂ ਮੁਤਾਬਕ ਸਰਕਾਰ ਦੇ ਧਿਆਨ 'ਚ ਇਹ ਗੱਲ ਆਈ ਸੀ ਕਿ ਅਜੇ ਵੀ ਕੁਝ ਜੇਲਾਂ 'ਚ ਨਸ਼ੀਲੀਆਂ ਵਸਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ 'ਤੇ ਰੋਕ ਲਾਉਣ ਲਈ ਜ਼ਰੂਰੀ ਹੈ ਕਿ ਸੁਰੱਖਿਆ ਬਾਰੇ ਹੋਰ ਸਖ਼ਤ ਕਦਮ ਚੁੱਕੇ ਜਾਣ। ਇਸ ਲਈ ਏ. ਡੀ. ਜੀ. ਪੀ. ਰੋਹਿਤ ਚੌਧਰੀ ਨੇ ਨਾਜ਼ੁਕ 12 ਕੇਂਦਰੀ ਜੇਲਾਂ ਦੇ ਦਰਵਾਜ਼ਿਆਂ 'ਤੇ ਫੁੱਲ ਬਾਡੀ ਸਕੈਨਰ ਲਾਉਣ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਸਰਕਾਰ ਨੇ ਪ੍ਰਵਾਨ ਕਰ ਲਿਆ।
ਵਿਭਾਗ ਨੇ ਸਭ ਸੂਬਿਆਂ ਦੀਆਂ ਜੇਲਾਂ 'ਚ ਡਾਗ ਸਕੁਐਡ ਪਹਿਲਾਂ ਹੀ ਭੇਜੇ ਹੋਏ ਹਨ, ਜੋ ਗੈਰ-ਕਾਨੂੰਨੀ ਵਸਤਾਂ ਨੂੰ ਫੜਨ 'ਚ ਜੇਲ ਸਟਾਫ ਦੀ ਮਦਦ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਕੋਲੋਂ ਜੇਲਾਂ ਦੇ ਆਧੁਨਿਕੀਕਰਨ ਲਈ ਵਿਸ਼ੇਸ਼ ਫੰਡਾਂ ਦੀ ਮੰਗ ਕੀਤੀ ਹੈ। ਰੋਹਿਤ ਚੌਧਰੀ ਨੇ ਜੇਲਾਂ 'ਚ ਸੁਰੱਖਿਆ ਵਧਾਉਣ ਸਬੰਧੀ ਇਕ ਵਿਆਪਕ ਰਿਪੋਰਟ ਤਿਆਰ ਕੀਤੀ ਹੈ। ਇਹ ਰਿਪੋਰਟ 2 ਸਾਲ ਪਹਿਲਾਂ ਨਾਭਾ ਜੇਲ ਬ੍ਰੇਕ ਘਟਨਾ ਪਿੱਛੋਂ ਤਿਆਰ ਕੀਤੀ ਗਈ ਸੀ। ਇਸ ਸਮੇਂ ਜੇਲਾਂ 'ਚ 4-ਜੀ ਜੈਮਰ ਲਾਉਣ ਬਾਰੇ ਵੀ ਵਿਚਾਰ-ਵਟਾਂਦਰਾ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਨਵੇਂ ਉਪਕਰਨਾਂ ਦਾ ਟਰਾਇਲ ਅਗਲੇ ਹਫਤੇ ਕੀਤਾ ਜਾਏਗਾ। ਜੇ ਟਰਾਇਲ ਸਫਲ ਰਹੇ ਤਾਂ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ 'ਚ ਜੈਮਰ ਲਾਇਆ ਜਾਏਗਾ।
ਖੱਬੇ ਪੱਖੀ ਪਾਰਟੀਆਂ ਨੇ ਮੋਦੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ
NEXT STORY