ਜਲੰਧਰ (ਕਮਲੇਸ਼)— ਪੰਜਾਬ 'ਚ ਚਿੱਟੇ ਦੀ ਐਂਟਰੀ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ। ਪੁਲਸ ਨੈਕਸਸ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਵੀ ਹੈ ਅਤੇ ਉਸ ਲਈ ਕਦਮ ਵੀ ਚੁੱਕ ਰਹੀ ਹੈ ਪਰ ਜਾਣਕਾਰਾਂ ਦੀ ਮੰਨੀਏ ਤਾਂ ਨਾਈਜੀਰੀਅਨਾਂ ਵੱਲੋਂ ਪੰਜਾਬ 'ਚ ਪਹੁੰਚਾਈ ਜਾ ਰਹੀ ਹੈਰੋਇਨ ਦੇ ਪਿੱਛੇ ਇਕ ਵੱਡੀ ਸਾਜ਼ਿਸ਼ ਲੁਕੀ ਹੈ। ਪੁਲਸ ਨਾਈਜੀਰੀਅਨ ਸਮੱਗਲਰਾਂ ਨੂੰ ਕਾਬੂ ਤਾਂ ਕਰ ਰਹੀ ਹੈ ਪਰ ਸੂਤਰਾਂ ਅਨੁਸਾਰ ਉਸ ਤੋਂ ਠੀਕ ਬਾਅਦ ਇਕ ਵੱਡੀ ਡਿਲਿਵਰੀ ਆ ਰਹੀ ਹੈ, ਜਿਸ ਬਾਰੇ 'ਜਗ ਬਾਣੀ' ਪ੍ਰਮੁੱਖਤਾ ਨਾਲ ਪ੍ਰਕਸ਼ਿਤ ਕਰ ਚੁੱਕੀ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਡਿਲਿਵਰੀ ਲਿਆ ਰਹੇ ਨਾਈਜੀਰੀਅਨ ਸਮੱਗਲਰਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਗ੍ਰਿਫਤਾਰ ਹੋਣਾ ਹੈ ਅਤੇ ਉਨ੍ਹਾਂ ਨੂੰ ਹੈਰੋਇਨ ਡਿਲਿਵਰੀ ਕਰਨ ਲਈ ਨਹੀਂ ਸਗੋਂ ਗ੍ਰਿਫਤਾਰ ਹੋਣ ਲਈ ਪੈਸੇ ਦਿੱਤੇ ਜਾਂਦੇ ਹਨ। ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਅਦਾਲਤ ਤੋਂ ਨਾਈਜੀਰੀਅਨ ਸਮੱਗਲਰਾਂ ਦਾ ਰਿਮਾਂਡ ਤਾਂ ਮਿਲ ਜਾਂਦਾ ਹੈ ਪਰ ਰਿਮਾਂਡ ਦਾ ਸਮਾਂ ਖਤਮ ਕਰਨ ਲਈ ਵੀ ਸਮੱਗਲਰ ਪੁਲਸ ਉਲਝਾਉਣ ਦੀ ਕੋਸ਼ਿਸ਼ ਕਰਦੇ ਹਨ।
ਸੂਤਰ ਦੱਸਦੇ ਹਨ ਕਿ ਸਮੱਗਲਿੰਗ ਦਾ ਨੈੱਟਵਰਕ ਚਲਾ ਰਹੇ ਲੋਕਾਂ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਕਿ ਰਿਮਾਂਡ ਦੇ ਸਮੇਂ ਪੁਲਸ ਨੂੰ ਉਲਝਾਉਣ ਲਈ ਕਿਨ੍ਹਾਂ-ਕਿਨ੍ਹਾਂ ਲੋਕੇਸ਼ਨਾਂ ਦੀ ਜਾਣਕਾਰੀ ਦੇਣੀ ਹੁੰਦੀ ਹੈ। ਪੁੱਛਗਿੱਛ ਦੌਰਾਨ ਨਾਈਜੀਰੀਅਨ ਵੱਲੋਂ ਦੱਸੀ ਗਈ ਜਾਣਕਾਰੀ ਦੇ ਆਧਾਰ 'ਤੇ ਪੁਲਸ ਉਨ੍ਹਾਂ ਨੂੰ ਉਕਤ ਥਾਵਾਂ 'ਤੇ ਲੈ ਕੇ ਜਾਂਦੀ ਹੈ ਪਰ ਕਈ ਮਾਮਲਿਆਂ 'ਚ ਪੁਲਸ ਦੇ ਹੱਥ ਕੁਝ ਨਹੀਂ ਲੱਗਦਾ ਅਤੇ ਰਿਮਾਂਡ ਦਾ ਸਮਾਂ ਖਤਮ ਹੋਣ 'ਤੇ ਨਾਈਜੀਰੀਅਨ ਸਮੱਗਲਰ ਨੂੰ ਜੇਲ ਭੇਜ ਦਿੱਤਾ ਜਾਂਦਾ ਹੈ।
ਜਾਣਕਾਰ ਦੱਸਦੇ ਹਨ ਕਿ ਹੁਣ ਤੱਕ ਜ਼ਿਆਦਾਤਰ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਪੁਲਸ ਨੇ ਹਾਈਟੈੱਕ ਨਾਕਿਆਂ ਦੌਰਾਨ ਨਾਈਜੀਰੀਅਨ ਸਮੱਗਲਰਾਂ ਨੂੰ ਕਾਬੂ ਕੀਤਾ ਹੈ ਅਤੇ ਇਹ ਕਦੇ ਨਹੀਂ ਦੇਖਿਆ ਕਿ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. 'ਚ ਕਿਸੇ ਸਮੱਗਲਰ ਨੇ ਆਪਣੀ ਗੱਡੀ ਮੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਤੋਂ ਇਲਾਵਾ ਬੱਸ ਤੋਂ ਉਤਰਦਿਆਂ ਹੀ ਪੁਲਸ ਨੇ ਕਈ ਵਾਰ ਸਮੱਗਲਰਾਂ ਨੂੰ ਹੈਰੋਇਨ ਦੀ ਵੱਡੀ ਅਮਾਊਂਟ ਦੇ ਨਾਲ ਕਾਬੂ ਕੀਤਾ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੁਲਸ ਨੂੰ ਸੂਚਨਾ ਹੁੰਦੀ ਹੈ ਕਿ ਨਾਈਜੀਰੀਅਨ ਬੱਸ 'ਚ ਸਵਾਰ ਹੋ ਕੇ ਆ ਰਿਹਾ ਹੈ। ਪੁਲਸ ਦਾ ਦਾਅਵਾ ਹੈ ਕਿ ਹੁਣ ਤੱਕ ਨਾਈਜੀਰੀਅਨ ਤੋਂ ਰਿਕਵਰ ਕੀਤੀ ਗਈ ਹੈਰੋਇਨ ਦਾ ਕੋਈ ਸੈਂਪਲ ਫੇਲ ਨਹੀਂ ਹੋਇਆ।
ਵੱਡੇ ਸਮੱਗਲਰਾਂ ਤੱਕ ਪਹੁੰਚ ਚੁੱਕੇ ਹਨ ਰੂਰਲ ਪੁਲਸ ਦੇ ਹੱਥ : ਐੱਸ. ਐੱਸ. ਪੀ. ਮਾਹਲ
ਐੱਸ. ਐੱਸ. ਪੀ. ਰੂਰਲ ਪੁਲਸ ਨਵਜੋਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਪੁਲਸ ਦੇ ਹੱਥ ਵੱਡੇ ਸਮੱਗਲਰਾਂ ਤੱਕ ਪਹੁੰਚ ਗਏ ਹਨ, ਬਹੁਤ ਜਲਦੀ ਹੀ ਪੰਜਾਬ 'ਚ ਹੈਰੋਇਨ ਦੀ ਸਪਲਾਈ ਕਰ ਰਹੇ ਨੈਕਸਸ ਦਾ ਲੱਕ ਤੋੜ ਦਿੱਤਾ ਜਾਵੇਗਾ। ਹੈਰੋਇਨ ਦੇ ਤਾਰ ਦਿੱਲੀ ਨਾਲ ਜੁੜੇ ਹੋਣ ਕਾਰਨ ਜਲੰਧਰ ਰੂਰਲ ਪੁਲਸ ਕਈ ਵਾਰ ਦਿੱਲੀ ਪੁਲਸ ਨੂੰ ਚਿੱਠੀ ਲਿਖ ਚੁੱਕੀ ਹੈ। ਨੈਕਸਸ ਦਿੱਲੀ ਤੋਂ ਹੀ ਆਪ੍ਰੇਟ ਹੋ ਰਿਹਾ ਹੈ, ਜਿੱਥੇ ਨਾਈਜੀਰੀਅਨ ਸਮੱਗਲਰ ਕਿਰਾਏ 'ਤੇ ਆ ਕੇ ਰਹਿੰਦੇ ਹਨ। ਰੂਰਲ ਪੁਲਸ ਪਿਛਲੇ 10 ਮਹੀਨਿਆਂ ਵਿਚ 20 ਕਿਲੋ ਦੇ ਕਰੀਬ ਹੈਰੋਇਨ ਰਿਕਵਰ ਕਰ ਚੁੱਕੀ ਹੈ, ਜਿਸ ਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਵਿਚ 60 ਕਰੋੜ ਦੇ ਕਰੀਬ ਹੈ।
ਗਟਰਾਂ ਦੇ ਢੱਕਣ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ, 2 ਫਰਾਰ
NEXT STORY