ਜਲੰਧਰ (ਜ. ਬ., ਬੈਂਸ)— ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਪਿੰਡ ਕਾਨਪੁਰ ਨਜ਼ਦੀਕ ਹੇਮਕੁੰਟ ਸਕੂਲ ਨੇੜੇ ਦੇਰ ਰਾਤ ਇਕ ਬੇਕਾਬੂ ਕਾਰ ਪੁਲੀ ਨਾਲ ਜਾ ਟਕਰਾਈ, ਜਿਸ ਕਾਰਨ ਇਕ ਬਜ਼ੁਰਗ ਦੀ ਮੌਕੇ 'ਤੇ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਮੇਜਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਕਾਰ 'ਤੇ ਸਵਾਰ ਹੋ ਕੇ ਦਾਦਾ-ਪੋਤਾ ਜਲੰਧਰ ਤੋਂ ਭੋਗਪੁਰ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਕਾਨਪੁਰ ਦੇ ਹੇਮਕੁੰਟ ਸਕੂਲ ਨੇੜੇ ਪਹੁੰਚੇ ਤਾਂ ਕਾਰ ਸੰਤੁਲਨ ਗੁਆ ਕੇ ਪੁਲੀ 'ਚ ਜਾ ਵੱਜੀ, ਜਿਸ ਨਾਲ ਕਾਰ ਚਾਲਕ ਗੁਰਪਿੰਦਰ ਸਰੋਆ ਪੁੱਤਰ ਨਿਰਮਲ ਲਾਲ ਵਾਸੀ ਰਾਜਪੁਰ ਭੋਗਪੁਰ ਜ਼ਖਮੀ ਹੋ ਗਿਆ ਅਤੇ ਨਾਲ ਬੈਠੇ ਉਸ ਦੇ ਦਾਦਾ ਕਰਤਾਰ ਚੰਦ ਪੁੱਤਰ ਜਗਤ ਰਾਮ ਵਾਸੀ ਰਾਜਪੁਰ ਭੋਗਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪੂਰੀ ਤਰ੍ਹਾਂ ਪਰਖਚੇ ਉੱਡ ਗਏ। ਜ਼ਖਮੀ ਗੁਰਪਿੰਦਰ ਸਰੋਆ ਨੂੰ ਨਜ਼ਦੀਕੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਕਰਤਾਰ ਚੰਦ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਬਿਜਲੀ ਚੋਰੀ ਰੋਕਣ ਲਈ ਪਾਵਰ ਨਿਗਮ ਆਪਣੇ ਕਰਮਚਾਰੀਆਂ ਦੇ ਆਲੇ-ਦੁਆਲੇ ਰਚੇਗਾ ਚੱਕਰਵਿਊ
NEXT STORY