ਹੁਸ਼ਿਆਰਪੁਰ (ਅਮਰਿੰਦਰ) - ਬੁੱਧਵਾਰ ਨੂੰ ਫਤਿਹਗੜ੍ਹ ਰੋਡ 'ਤੇ ਕੈਬਨਿਟ ਮੰਤਰੀ ਦੇ ਨਿਵਾਸ ਸਥਾਨ ਨੇੜੇ ਪਤੀ ਨਾਲ ਐਕਟਿਵਾ 'ਤੇ ਘਰ ਜਾ ਰਹੀ ਕਿਰਨ ਸੈਣੀ ਦੇ ਕੰਨ ਦੀ ਵਾਲੀ ਝਪਟ ਕੇ ਮੋਟਰਸਾਈਕਲ ਸਵਾਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਪੀੜਤਾਂ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਡੀ. ਸੀ. ਰੋਡ ਵੱਲ ਫ਼ਰਾਰ ਹੋਣ 'ਚ ਸਫਲ ਹੋ ਗਏ। ਸੂਚਨਾ ਮਿਲਦੇ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ
ਕਿਰਨ ਸੈਣੀ ਪਤਨੀ ਬ੍ਰਿਜ ਮੋਹਨ ਸੈਣੀ ਨੇ ਦੱਸਿਆ ਕਿ ਉਹ ਬਾਜ਼ਾਰੋਂ ਘਰ ਵੱਲ ਜਾ ਰਹੇ ਸਨ। ਜਿਵੇਂ ਉਹ ਨਾਖਾਂ ਵਾਲੇ ਬਾਗ ਕੋਲ ਪੁੱਜੇ ਤਾਂ ਪਿੱਛਿਓਂ ਆਏ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ 'ਚੋਂ ਇਕ ਨੇ ਉਸ ਦੀ ਸ਼ਾਲ ਨੂੰ ਖਿੱਚਿਆ ਅਤੇ ਇਸ ਤੋਂ ਬਾਅਦ ਉਸ ਦੇ ਕੰਨ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਇਕ ਹੋਰ ਗੱਡੀ ਅੱਗੇ ਆ ਜਾਣ ਕਾਰਨ ਉਹ ਭੱਜਣ 'ਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਲ-ਨਾਲ ਪੁਲਸ ਦੀ ਗਸ਼ਤ ਵੀ ਜ਼ਰੂਰੀ
ਮੌਕੇ 'ਤੇ ਮੌਜੂਦ ਵਾਰਡ ਕੌਂਸਲਰ ਮੀਨੂ ਸੇਠੀ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਚੰਗੀ ਗੱਲ ਹੈ ਕਿ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ, ਪਰ ਇਸ ਦੇ ਨਾਲ-ਨਾਲ ਪੁਲਸ ਦੀ ਗਸ਼ਤ ਵੀ ਵਧਾਈ ਜਾਣੀ ਚਾਹੀਦੀ ਤਾਂ ਕਿ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਲੁਟੇਰਿਆਂ ਤੇ ਚੋਰਾਂ ਦੇ ਸੰਤਾਪ ਤੋਂ ਉਨ੍ਹਾਂ ਨੂੰ ਰਾਹਤ ਮਿਲ ਸਕੇ। ਘਟਨਾ ਤੋਂ ਬਾਅਦ ਲੋਕਾਂ ਵਿਚ ਰੋਸ ਦੀ ਲਹਿਰ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਪ੍ਰਸ਼ਾਸਨ ਜਨਤਾ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਫਲ ਸਾਬਤ ਹੋ ਰਿਹਾ ਹੈ।
ਵੇਰਕਾ ਦੇ ਪਦਾਰਥਾਂ ਨੂੰ ਕੌਮਾਂਤਰੀ ਪੱਧਰ 'ਤੇ ਕੀਤਾ ਜਾਵੇਗਾ ਪ੍ਰਮੋਟ : ਕੈਪਟਨ ਹਰਮਿੰਦਰ ਸਿੰਘ
NEXT STORY