ਲੋਹੀਆਂ ਖਾਸ (ਰਾਜਪੂਤ)— ਅੰਨ ਦਾਤੇ ਵਾਸਤੇ ਮੰਗਤੇ ਬਣਨਾ ਬਹੁਤ ਔਖਾ ਹੈ, ਕਿਰਤ ਕਰਨੀ ਸਾਡੇ ਹੱਥ ਹੈ। ਇਹ ਸ਼ਬਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਦਰਿਆ ਗਿੱਦੜਪਿੰਡੀ ਵਿਖੇ ਦਰਿਆ 'ਚ ਮਿੱਟੀ ਪੁੱਟਣ ਸਮੇਂ ਕਹੇ। ਉਨ੍ਹਾਂ ਕਿਹਾ ਸੇਵਾ ਦਾ ਕਾਰਜ ਕਰਨ ਲਈ 40 ਟਰਾਲੀਆਂ, 15 ਟਰੈਕਟਰ, ਜੇ. ਸੀ. ਬੀ. ਮਸ਼ੀਨਾਂ ਨਾਲ ਦਰਿਆ ਦੇ ਪਾਣੀ ਦਾ ਰੁਖ ਬਦਲਣ ਲਈ ਡਰੇਨ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ।
ਆਉਣ ਵਾਲੀਆਂ ਬਾਰਸ਼ਾਂ ਤੋਂ ਪਹਿਲਾਂ-ਪਹਿਲਾਂ ਮਿੱਟੀ ਪੁੱਟਣ ਦਾ ਕਾਰਜ ਖਤਮ ਕੀਤਾ ਜਾ ਸਕੇ, ਸੰਗਤਾਂ ਸਵੇਰੇ 7 ਵਜੇ ਤੋਂ ਰਾਤ ਦੇ 10 ਵਜੇ ਤੱਕ ਸੇਵਾ ਕਰਦੀਆਂ ਹਨ। ਪੁਲ ਹੇਠਾਂ 21 ਦਰਾਂ 'ਚ 18 ਦਰ ਬੰਦ ਹਨ। ਸਾਡੀ ਕੋਸ਼ਿਸ਼ ਹੈ ਕਿ ਸਾਰੇ ਦਰ ਖੋਲ੍ਹੇ ਜਾਣ। ਜਿੱਥੇ ਸੰਗਤਾਂ ਵਲੋਂ ਪੂਰੇ ਉਤਸ਼ਾਹ ਨਾਲ ਬਿਨਾਂ ਕਿਸੇ ਲਾਲਚ ਦੇ ਕੰਮ ਕੀਤਾ ਜਾ ਰਿਹੈ, ਉੱਥੇ ਮੈਂ ਖੁਦ ਵੀ ਸੇਵਾ ਕਰਦਾ ਹਾਂ। ਸਰਕਾਰ ਵਲੋਂ 1 ਮਹੀਨੇ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੌਰਾਨ ਦਰਿਆ 'ਚ ਮਿੱਟੀ ਪੁੱਟ ਕੇ ਬੰਨ੍ਹਾਂ ਉੱਪਰ ਪਾਈ ਜਾਵੇਗੀ।
ਇਸ ਤੋਂ ਇਲਾਵਾ ਜੇਕਰ ਸਰਕਾਰ ਮਨਜ਼ੂਰੀ ਦੇਵੇਗੀ ਤਾਂ ਇਹ ਮਿੱਟੀ ਸਕੂਲਾਂ ਅਤੇ ਹੋਰ ਪਿੰਡਾਂ 'ਚ ਲੋੜ ਮੁਤਾਬਕ ਰਹਿੰਦੇ ਕਾਰਜਾਂ ਲਈ ਪਾਈ ਜਾ ਸਕੇਗੀ। ਇਸ ਇਲਾਕੇ 'ਚ ਸਤਲੁਜ ਦਰਿਆ ਕਾਰਨ ਸਾਲ 1988, 1993, 2008, 2019 'ਚ ਆਏ ਹੜ੍ਹ ਤਾਂ ਅਸੀਂ ਜ਼ਿੰਦਗੀ 'ਚ ਅਸੀਂ ਦੇਖੇ ਹਨ। ਪਿਛਲੇ 40 ਸਾਲਾਂ ਤੋਂ ਬੰਨ੍ਹ 'ਤੇ ਮਿੱਟੀ ਹੀ ਨਹੀਂ ਪਾਈ ਗਈ। ਸਰਕਾਰਾਂ ਤਾਂ ਬਹੁਤ ਆਈਆਂ ਪਰ ਬੰਨ੍ਹਾਂ ਨੂੰ ਪੱਕਿਆਂ ਨਹੀਂ ਕੀਤਾ ਗਿਆ। ਬੇਸ਼ੱਕ ਸੰਗਤਾਂ ਬਿਨਾਂ ਕਿਸੇ ਲਾਲਚ ਦੇ ਬੰਨ੍ਹਾਂ ਉੱਪਰ ਮਿੱਟੀ ਪਾ ਰਹੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕੇ ਬੰਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਇਨ੍ਹਾਂ ਉੱਪਰ ਪੱਥਰ ਲਗਾ ਦੇਵੇ। ਇਸ ਇਲਾਕੇ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ। ਸਾਡਾ ਮਕਸਦ ਤਾਂ ਦਰਾਂ ਨੂੰ ਸਾਫ ਕਰਨਾ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਣ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਪਾਰੀਆਂ, ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਰਬੱਤ ਦੇ ਭਲੇ ਲਈ ਕਾਰਜ 'ਚ ਹਿੱਸਾ ਪਾਉਣ।
ਪਾਕਿਸਤਾਨੀ ਗੋਲਿਆਂ ਦੇ ਪਰਛਾਵਿਆਂ ਹੇਠ ਖੌਫਜ਼ਦਾ ਪਿੰਡ ਤਰੇਵਾ
NEXT STORY