ਨਵਾਂਸ਼ਹਿਰ (ਤ੍ਰਿਪਾਠੀ)- ਕਮਿਸ਼ਨਰ (ਫੂਡ ਸੇਫਟੀ) ਪੰਜਾਬ ਕੰਵਲਪ੍ਰੀਤ ਬਰਾੜ ਦੇ ਦਿਸ਼ਾ-ਨਿਰਦੇਸ਼ਾਂ 'ਤੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਫੂਡ ਸੇਫਟੀ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵੱਖ ਵੱਖ ਥਾਵਾਂ ਤੇ ਖਾਣ ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਕੀਤੀ ਗਈ।
ਇਸ ਮੁਹਿੰਮ ਦੀ ਅਗਵਾਈ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਨੇ ਕੀਤੀ। ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਨੇ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਕਰਿਆਨਾ ਦੁਕਾਨਾਂ, ਡੇਅਰੀਆਂ, ਬੇਕਰੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਕਾਰੋਬਾਰਕ ਅਦਾਰਿਆਂ ਦੀ ਚੈਕਿੰਗ ਕੀਤੀ ਗਈ। ਨਵਾਂਸ਼ਹਿਰ ਅਤੇ ਬੰਗਾ ਵਿਖੇ ਕਰਿਆਨੇ ਦੀਆਂ ਦੁਕਾਨਾਂ ਤੋਂ ਖੁੱਲ੍ਹੇ ਵਿਕ ਰਹੇ ਧਨੀਆ, ਜੀਰਾ, ਕਾਲੀ ਮਿਰਚ, ਲਾਲ ਮਿਰਚ ਅਤੇ ਹਲਦੀ ਸਮੇਤ ਵੱਖ-ਵੱਖ ਮਸਾਲਿਆਂ ਦੇ ਸੈਂਪਲ ਭਰੇ ਗਏ।
ਇਹ ਵੀ ਪੜ੍ਹੋ:ਪੰਜਾਬ: ਤਿੰਨ ਮੰਜ਼ਿਲਾਂ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ! ਦੂਰ ਤੱਕ ਉੱਠੀਆਂ ਲਪਟਾਂ

ਇਸੇ ਤਰ੍ਹਾਂ ਬਲਾਚੌਰ ਅਤੇ ਆਸ-ਪਾਸ ਦੇ ਪਿੰਡਾਂ 'ਚ ਦੁੱਧ ਅਤੇ ਪਨੀਰ ਦੀਆਂ ਡੇਅਰੀਆਂ ਦੀ ਜਾਂਚ ਕਰਕੇ ਦੁੱਧ ਅਤੇ ਪਨੀਰ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਬੇਸਣ ਅਤੇ ਹਲਦੀ ਪਾਊਡਰ ਦੇ ਸੈਂਪਲ ਵੀ ਭਰੇ ਗਏ। ਪਤੀਸਾ ਬਣਾਉਣ ਵਾਲੀ ਫੈਕਟਰੀ ਤੋਂ ਪਤੀਸੇ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ।
ਨਵਾਂਸ਼ਹਿਰ ਇਲਾਕੇ 'ਚ ਦੁੱਧ ਦੀਆਂ ਡੇਅਰੀਆਂ ਦੀ ਚੈਕਿੰਗ ਦੌਰਾਨ ਦੁੱਧ ਦੇ ਸੈਂਪਲ ਅਤੇ ਇਕ ਬੇਕਰੀ ਤੋਂ ਕੇਕ ਦਾ ਸੈਂਪਲ ਵੀ ਲਿਆ ਗਿਆ। ਸਾਰੇ ਸੈਂਪਲ ਵਿਗਿਆਨਕ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜ ਦਿੱਤੇ ਗਏ ਹਨ।
ਚੈਕਿੰਗ ਦੌਰਾਨ ਮਿਆਦ ਪੁੱਗ ਚੁੱਕੀਆਂ ਵੱਖ-ਵੱਖ ਕਰਿਆਨਾ ਵਸਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
ਸਹਾਇਕ ਕਮਿਸ਼ਨਰ ਨੇ ਮਿਠਾਈ ਵਿਕਰੇਤਾਵਾਂ, ਡੇਅਰੀ ਮਾਲਕਾਂ ਅਤੇ ਦੁੱਧ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਖਰੀਦ ਕੇਵਲ ਭਰੋਸੇਮੰਦ ਅਤੇ ਲਾਇਸੰਸਧਾਰਕ ਸਪਲਾਇਰਾਂ ਤੋਂ ਹੀ ਕਰਨ। ਉਨ੍ਹਾਂ ਕਿਹਾ ਕਿ ਬਾਹਰੋਂ ਸਪਲਾਈ ਹੋਣ ਵਾਲੀਆਂ ਗੱਡੀਆਂ ਤੋਂ ਬਿਨਾਂ ਪੂਰੀ ਤਸਦੀਕ ਦੇ ਪਨੀਰ, ਮਿਠਾਈ ਜਾਂ ਹੋਰ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੁਕਾਨਦਾਰਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸਾਫ਼-ਸੁਥਰੀਆਂ, ਮਿਆਰੀ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਹੀ ਮੁਹੱਈਆ ਕਰਵਾਉਣ। ਵਿਭਾਗ ਵੱਲੋਂ ਲਏ ਗਏ ਸਾਰੇ ਸੈਂਪਲਾਂ ਦੀ ਲੈਬਾਰਟਰੀ ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ, ਰਿਪੋਰਟ ਦੇ ਆਧਾਰ 'ਤੇ ਫੂਡ ਸੇਫਟੀ ਐਕਟ, 2006 ਤਹਿਤ ਬਣਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: 2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਸਿਟੀ ਸਟੇਸ਼ਨ ਦੇ ਬਾਹਰ ਮਿਲੀ ਅਣਪਛਾਤੇ ਦੀ ਲਾਸ਼
NEXT STORY