ਜਲੰਧਰ, (ਬੁਲੰਦ)- ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵਲੋਂ ਅੱਜ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਦੇ ਦਿਸ਼ਾ-ਨਿਰਦੇਸਾਂ ’ਤੇ ਕਾਰਵਾਈ ਕਰਦਿਆਂ ਟੈਕਸ ਚੋਰੀ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਜਲੰਧਰ ਦੇ ਇਕ ਹੀ ਪਰਿਵਾਰ ਦੀਆਂ ਸ਼੍ਰੀ ਬਾਲਾਜੀ ਏਜੰਸੀ ਦੀਆਂ 3 ਫਰਮਾਂ ’ਤੇ ਛਾਪੇਮਾਰੀ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੀ. ਕੇ. ਵਿਰਦੀ ਨੇ ਦੱਸਿਆ ਕਿ ਅੱਜ ਵਿਭਾਗ ਨੇ ਤਿੰਨ ਵੱਖ-ਵੱਖ ਟੀਮਾਂ ਬਣਾ ਕੇ ਪਹਿਲਾਂ ਗਿੱਕੀ ਟ੍ਰੇਡਿੰਗ ਕੰਪਨੀ ’ਤੇ ਰੇਡ ਕੀਤੀ। ਇਹ ਕੰਪਨੀ ਰਜਿਸਟਰਡ ਤਾਂ ਰੋਜ਼ ਪਾਰਕ ਦੇ ਪਤੇ ’ਤੇ ਸੀ ਪਰ ਇਸ ਦਾ ਸਾਰਾ ਕੰਮ ਸੋਢਲ ਰੋਡ ਵਿਚ ਇਕ ਥਾਂ ’ਤੇ ਕੀਤਾ ਜਾ ਰਿਹਾ ਸੀ। ਇਸ ਲਈ ਸੋਢਲ ਰੋਡ ਵਿਚ ਕੰਪਨੀ ਦੇ ਦਫਤਰ ਵਿਚ ਰੇਡ ਕੀਤੀ ਗਈ। ਦੂਜੀ ਟੀਮ ਨੇ ਇਸੇ ਕੰਪਨੀ ਦੀ ਮੋਤਾ ਸਿੰਘ ਨਗਰ ਸਥਿਤ ਵਰਦਾਨ ਇੰਟਰਨੈਸ਼ਨਲ ਕੰਪਨੀ ’ਚ ਰੇਡ ਕੀਤੀ, ਜੋ ਕਿ ਦੇਰ ਸ਼ਾਮ ਤੱਕ ਚੱਲਦੀ ਰਹੀ। ਤੀਜੀ ਟੀਮ ਨੇ ਸ਼੍ਰੀ ਬਾਲਾਜੀ ਏਜੰਸੀ ਦੇ ਰੋਜ਼ ਪਾਰਕ ਦਫਤਰ ’ਚ ਰੇਡ ਕੀਤੀ। ਕਈ ਘੰਟੇ ਤੱਕ ਜਾਰੀ ਰਹੀ ਇਸ ਰੇਡ ਵਿਚ ਵਿਭਾਗ ਨੇ ਕਈ ਫਾਈਲਾਂ, ਕਾਗਜ਼ਾਤ ਤੇ ਕੰਪਿਊਟਰ ਜ਼ਬਤ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਕੰਪਨੀਆਂ ਖਿਲਾਫ ਵਿਭਾਗ ਕੋਲ ਕਈ ਅਜਿਹੀਆਂ ਜਾਣਕਾਰੀਆਂ ਪਹੁੰਚੀਆਂ ਸਨ, ਜਿਨ੍ਹਾਂ ਵਿਚ ਜੀ. ਐੱਸ. ਟੀ. ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਗਿੱਕੀ ਟ੍ਰੇਡਿੰਗ ਕੰਪਨੀ ਵਿਕਾਸ ਬੇਦੀ, ਵਰਦਾਨ ਇੰਟਰਨੈਸ਼ਨਲ ਅਮਿਤ ਬੇਦੀ ਅਤੇ ਸ਼੍ਰੀ ਬਾਲਾਜੀ ਮੋਨਾ ਬੇਦੀ ਦੇ ਨਾਂ ’ਤੇ ਚੱਲ ਰਹੀਆਂ ਸਨ। ਸ਼੍ਰੀ ਵਿਰਦੀ ਨੇ ਦੱਸਿਆ ਕਿ ਸਾਰੇ ਕਾਗਜ਼ਾਤ ਅਤੇ ਕੰਪਿਊਟਰਾਂ ਦੀ ਜਾਂਚ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।
208 ਯੂਨਿਟਾਂ ਦਾ ਬਿੱਲ ਭੇਜਿਆ 86.78 ਲੱਖ
NEXT STORY