ਜਲੰਧਰ, (ਸੁਨੀਲ, ਰਮਨ)– ਹਾਈ ਅਲਰਟ ਦੇ ਬਾਵਜੂਦ ਪਠਾਨਕੋਟ ਬਾਈਪਾਸ ਨੇੜੇ ਨੂਰਪੁਰ ਕਾਲੋਨੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬੀਤੀ ਸ਼ਾਮ ਕਰੀਬ 7 ਵਜੇ ਕਮਾਂਡੋ ਦੀ ਵਰਦੀ ’ਚ ਹਥਿਆਰਾਂ ਸਮੇਤ 2 ਸ਼ੱਕੀਆਂ ਨੂੰ ਵੇਖਿਆ ਗਿਆ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ’ਚ ਰਾਤ ਦੇ ਸਮੇਂ ਰਹਿ ਰਹੇ ਇਕ ਪਰਿਵਾਰ ਦੀ ਮਹਿਲਾ ਮੈਂਬਰ ਸੁਦੇਸ਼ ਕੁਮਾਰ ਪਤਨੀ ਭੀਮ ਸੇਨ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਉਸਨੇ ਵੇਖਿਆ ਕਿ ਦੋ ਨੌਜਵਾਨ ਜੋ ਕਿ ਕਮਾਂਡੋ ਦੀ ਵਰਦੀ ’ਚ ਹਥਿਆਰਾਂ ਸਮੇਤ ਖੇਤਾਂ ਦੇ ਵਿਚੋਂ ਹੁੰਦੇ ਹੋਏ ਕਾਫੀ ਸਮੇਂ ਤੋ ਟੁੱਟੀ ਹੋਈ ਕੰਧ ਦੇ ਰਾਹ ਤੋਂ ਸਕੂਲ ’ਚ ਦਾਖਲ ਹੋਏ। ਉਨ੍ਹਾਂ ਨੇ ਪਿੱਠ ’ਤੇ ਪਿੱਠੂ ਬੈਗ ਵੀ ਬੰਨ੍ਹੇ ਹੋਏ ਸਨ। ਜਦੋਂ ਉਸਨੇ ਉਨ੍ਹਾਂ ਨੌਜਵਾਨਾਂ ਨੂੰ ਰੋਕਦੇ ਹੋਏ ਪੁੱਛਿਆ ਕਿ ਤੁਸੀਂ ਲੋਕ ਇਥੇ ਕੀ ਕਰ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਥੇ ਟ੍ਰੇਨਿੰਗ ਚੱਲ ਰਹੀ ਹੈ ਅਤੇ ਉਹ ਇਥੇ ਦੌੜ ਲਗਾਉਣ ਆਏ ਹਨ।
ਉਨ੍ਹਾਂ ਦੀ ਇਸ ਗੱਲ ਤੋਂ ਉਸਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਸਮੇਂ ਸਕੂਲ ਵਿਚ ਦੌੜ ਲਗਾਉਣ ਦਾ ਕੋਈ ਮਤਲਬ ਨਹੀਂ ਹੈ। ਜੇਕਰ ਦੌੜ ਲਗਾਉਣੀ ਹੈ ਤਾਂ ਸਵੇਰ ਦੇ ਸਮੇਂ ਆਵੋ, ਜਦੋਂ ਸਕੂਲ ਖੁੱਲ੍ਹਾ ਹੋਵੇ। ਇੰਨਾ ਸੁਣਦੇ ਹੀ ਨੌਜਵਾਨ ਉਸੇ ਟੁੱਟੀ ਕੰਧ ਦੇ ਰਾਹ ਤੋਂ ਭੱਜ ਗਏ। ਇਸ ਤੋਂ ਬਾਅਦ ਉਸਨੇ ਆਪਣੀ ਪਤੀ ਭੀਮ ਸੇਨ ਨੂੰ ਸਾਰੀ ਗੱਲ ਦੱਸੀ ਅਤੇ ਆਲੇ-ਦੁਆਲੇ ਲੋਕਾਂ ਨੂੰ ਬੁਲਾਇਆ, ਜਿਨ੍ਹਾਂ ਬਾਅਦ ’ਚ 100 ਨੰਬਰ ’ਤੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਹੀਨਾ ਗੁਪਤਾ ਆਪਣੀ ਪੁਲਸ ਪਾਰਟੀ ਸਮੇਤ ਸਕੂਲ ’ਚ ਪਹੁੰਚੀ ਅਤੇ ਸਰਚ ਮੁਹਿੰਮ ਚਲਾਈ ਪਰ ਉਥੇ ਕੋਈ ਵੀ ਸ਼ੱਕੀ ਵਿਅਕਤੀ ਨਹੀਂ ਮਿਲਿਆ ਪਰ ਇਸਦੇ ਬਾਵਜੂਦ ਸੁਰੱਖਿਆ ਵਿਵਸਥਾ ਨੂੰ ਲੈ ਕੇ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਪੀ. ਸੀ. ਆਰ. ਟੀਮ ਨੂੰ ਇਲਾਕੇ ਵਿਚ ਤਾਇਨਾਤ ਕਰ ਦਿੱਤਾ ਹੈ।
ਮਕਸੂਦਾਂ ਥਾਣੇ ’ਚ ਬਲਾਸਟ ਦੇ ਬਾਵਜੂਦ ਥਾਣਾ ਭਾਰਗੋ ਕੈਂਪ ਦੀ ਸੁਰੱਖਿਆ ਰਾਮ ਭਰੋਸੇ
NEXT STORY