ਜਲੰਧਰ, (ਜ. ਬ.)— ਥਾਣਾ ਮਕਸੂਦਾਂ ਦੀ ਪੁਲਸ ਨੇ ਸਿੰਥੈਟਿਕ ਡਰੱਗ ਲਿਜਾ ਰਹੇ 3 ਕਾਰ ਸਵਾਰ ਨੌਜਵਾਨਾਂ ਨੂੰ ਅਰੈਸਟ ਕੀਤਾ ਹੈ। ਮੁਲਜ਼ਮਾਂ ਤੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ। ਸ਼ੁੱਕਰਵਾਰ ਦੇਰ ਰਾਤ ਇਨ੍ਹਾਂ ਨੌਜਵਾਨਾਂ ਤੋਂ ਥਾਣਾ ਮਕਸੂਦਾਂ ਵਿਚ ਪੁੱਛਗਿੱਛ ਕੀਤੀ ਜਾ ਰਹੀ ਸੀ। ਤਿੰਨੋਂ ਨੌਜਵਾਨ ਨਸ਼ਾ ਕਰਨ ਤੋਂ ਇਲਾਵਾ ਵੇਚਣ ਦਾ ਵੀ ਕੰਮ ਕਰਦੇ ਹਨ। ਮੁਲਜ਼ਮ ਨੂੰ ਫੜਦੇ ਥਾਣਾ ਮੁਖੀ ਵੀ ਜ਼ਖ਼ਮੀ ਹੋ ਗਏ।
ਮਕਸੂਦਾਂ ਥਾਣਾ ਦੀ ਪੁਲਸ ਨੇ ਗੁਪਤ ਸੂਚਨਾ 'ਤੇ ਨਾਕਾਬੰਦੀ ਦੌਰਾਨ ਇਨ੍ਹਾਂ ਤਿੰਨਾਂ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੌਜਵਾਨਾਂ ਤੋਂ ਦੋ ਕਾਰਾਂ ਬਰਾਮਦ ਹੋਈਆਂ ਹਨ। ਇਕ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ ਜਿਸ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਪੁਲਸ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਘੇਰ ਕੇ ਕਾਬੂ ਕਰ ਲਿਆ। ਇਸ ਦੌਰਾਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਸੂਤਰਾਂ ਦੀ ਮੰਨੀਏ ਤਾਂ ਇਹ ਨੌਜਵਾਨ ਦਿੱਲੀ ਤੋਂ ਡਰੱਗਜ਼ ਲੈ ਕੇ ਜਲੰਧਰ 'ਚ ਵੇਚਣ ਆਏ ਸਨ। ਮੁਲਜ਼ਮਾਂ ਤੋਂ ਬਰਾਮਦ ਪਿਸਤੌਲ ਵੀ ਦੇਸੀ ਦੱਸੀ ਜਾ ਰਹੀ ਹੈ ਜੋ ਯੂ. ਪੀ. ਸਾਈਡ ਤੋਂ ਲੈ ਕੇ ਆਏ ਹਨ। ਇਨ੍ਹਾਂ ਨੌਜਵਾਨਾਂ ਦੇ ਨਾਲ ਹੋਰ ਵੀ ਲੋਕ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਬਾਰੇ ਅਜੇ ਪੁਲਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਉਥੇ ਥਾਣਾ ਮਕਸੂਦਾਂ ਦੇ ਮੁਖੀ ਦਾ ਕਹਿਣਾ ਹੈ ਕਿ ਤਿੰਨਾਂ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਕਾਰ ਦਾ ਸ਼ੀਸ਼ਾ ਟੁੱਟਾ ਹੋਣ ਦੇ ਕਾਰਨ ਸਵਾਲ 'ਤੇ ਐੱਸ. ਐੱਚ. ਓ. ਨੇ ਕਿਹਾ ਕਿ ਐਕਸੀਡੈਂਟ ਕੇਸ ਵਿਚ ਕਾਰ ਨੂੰ ਥਾਣੇ ਰੱਖਿਆ ਗਿਆ ਹੈ। ਇਹ ਵੀ ਚਰਚਾ ਹੈ ਕਿ ਮੁਲਜ਼ਮਾਂ ਨੂੰ ਫੜਦੇ ਹੋਏ ਐੱਸ. ਐੱਚ. ਓ. ਜ਼ਖ਼ਮੀ ਹੋਏ ਹਨ। ਉਨ੍ਹਾਂ ਦੇ ਹੱਥ ਵਿਚ ਸੱਟ ਲੱਗੀ ਹੈ। ਪੁਲਸ ਜਲਦੀ ਹੀ ਪ੍ਰੈੱਸ ਕਾਨਫਰੰਸ ਕਰ ਕੇ ਉਸਦਾ ਖੁਲਾਸਾ ਕਰ ਸਕਦੀ ਹੈ।
ਬਜ਼ੁਰਗ ਜੋੜੇ ਨੂੰ ਨਕਲੀ ਪਿਸਤੌਲ ਵਿਖਾ ਕੇ ਲੁੱਟਣ ਵਾਲਾ ਕਾਬੂ
NEXT STORY