ਕਾਠਗੜ੍ਹ (ਰਾਜੇਸ਼)- ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਪਿੰਡ ਟੌਂਸਾ ਵਿਖੇ ਮਾਰਗ 'ਤੇ ਦੂਜੇ ਪਾਸੇ ਆਉਣ-ਜਾਣ ਲਈ ਲਾਂਘਾ ਨਾ ਰੱਖੇ ਜਾਣ ਦੇ ਵਿਰੋਧ 'ਚ ਪਿੰਡ ਟੌਂਸਾ, ਬਨਾਂ ਅਤੇ ਭੋਲੇਵਾਲ ਦੇ ਲੋਕਾਂ ਦੀ ਇਕ ਮੀਟਿੰਗ ਬਲਵੀਰ ਸਿੰਘ ਸਰਪੰਚ ਟੌਂਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਲੱਗਭਗ 3 ਪਿੰਡਾਂ ਦੀ 10 ਹਜ਼ਾਰ ਦੀ ਆਬਾਦੀ ਦਾ ਲਾਂਘਾ ਹਾਈਵੇ ਮਾਰਗ ਦੇ ਦੂਜੇ ਪਾਸੇ ਹੈ ਜਦਕਿ ਬਹੁਤੇ ਲੋਕਾਂ ਦੀਆਂ ਜ਼ਮੀਨਾਂ ਨਹਿਰ ਤੋਂ ਹੇਠਾਂ ਦਰਿਆ ਵਾਲੇ ਪਾਸੇ ਹਨ ਜਿੱਥੇ ਲੋਕਾਂ ਦਾ ਰੋਜ਼ਾਨਾ ਹੀ ਆਉਣਾ-ਜਾਣਾ ਰਹਿੰਦਾ ਹੈ ਪਰ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਲਾਂਘਾ ਨਾ ਦਿੱਤੇ ਜਾਣ ਕਾਰਣ ਹਜ਼ਾਰਾਂ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋਣਗੇ ਅਤੇ ਆਮ ਲੋਕਾਂ ਨੂੰ ਦਿੱਕਤ ਹੋਵੇਗੀ। ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਕ ਹਫਤੇ ਦੇ ਵਿਚ ਲਾਂਘਾ ਨਾ ਰੱਖਿਆ ਤਾਂ ਅਗਲੇ ਸੋਮਵਾਰ ਤੋਂ ਬਾਅਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਹਾਈਵੇ ਅਥਾਰਟੀ ਦੀਆਂ ਮਨਮਰਜ਼ੀਆਂ ਕਾਰਣ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਢਾਬਿਆਂ ਅਤੇ ਪੈਟਰੋਲ ਪੰਪਾਂ ਨੂੰ ਤਾਂ ਲਾਂਘੇ ਦਿੱਤੇ ਜਾ ਰਹੇ ਹਨ ਪਰ ਪਿੰਡਾਂ ਦੇ ਲੋਕਾਂ ਲਈ ਲਾਂਘੇ ਨਾ ਛੱਡ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਪ੍ਰੇਸ਼ਾਨੀਆਂ 'ਚ ਪਾਇਆ ਜਾ ਰਿਹਾ ਹੈ। ਇਸ ਮੌਕੇ ਹਨੀ ਚੌਧਰੀ ਅਕਾਲੀ ਆਗੂ, ਬਾਬੂ ਦਿਲਬਾਗ ਰਾਏ ਕਾਂਗਰਸੀ ਆਗੂ, ਕ੍ਰਿਸ਼ਨ ਕੁਮਾਰ ਸਾਬਕਾ ਸਰਪੰਚ, ਮੋਹਨ ਸਿੰਘ, ਦੇਵਰਾਜ, ਰੋਮੀ ਕਟਾਰੀਆ, ਸਵਰਨ ਸਿੰਘ, ਪ੍ਰਤਾਪ ਸਿੰਘ ਰਾਣਾ ਤੋਂ ਇਲਾਵਾ ਪਿੰਡਾਂ ਦੇ ਮੋਹਤਬਰ ਵੀ ਹਾਜ਼ਰ ਸਨ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੈਂਟਰ ਡਰਾਈਵਰ ਨੇ ਕੀਤੀ ਖੁਦਕੁਸ਼ੀ
NEXT STORY