ਜਲੰਧਰ, (ਕਮਲੇਸ਼)- ਲੋਹੀਆਂ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਹੈਰੋਇਨ ਤੇ ਅਫੀਮ ਸਣੇ ਕਾਬੂ ਕੀਤਾ ਹੈ। ਐੈੱਸ. ਐੈੱਸ. ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੋਹੀਆਂ ਪੁਲਸ ਦੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਪੁਲਸ ਪਾਰਟੀ ਨਾਲ ਨਿਰੰਕਾਰੀ ਭਵਨ ਸੁਲਤਾਨਪੁਰ ਲੋਧੀ ਰੋਡ ’ਤੇ ਨਾਕਾਬੰਦੀ ਕੀਤੀ ਸੀ, ਇਸ ਦੌਰਾਨ ਇਕ ਔਰਤ ਆਪਣੇ ਹੱਥ ਵਿਚ ਪਲਾਸਟਿਕ ਦਾ ਕਾਲਾ ਬੈਗ ਲੈ ਕੇ ਉਥੋਂ ਲੰਘੀ, ਪੁਲਸ ਨੂੰ ਔਰਤ ’ਤੇ ਸ਼ੱਕ ਹੋਇਆ। ਔਰਤ ਕੋਲ ਮੌਜੂਦ ਪਲਾਸਟਿਕ ਬੈਗ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 255 ਗਰਾਮ ਹੈਰੋਇਨ ਬਰਾਮਦ ਹੋਈ। ਔਰਤ ਦੀ ਪਛਾਣ ਬਲਵਿੰਦਰ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਸ਼ੰਕਰ ਪੱਟੀ ਥਾਣਾ ਸਦਰ ਨਕੋਦਰ ਦੇ ਤੌਰ ’ਤੇ ਹੋਈ ਹੈ। ਮੁਲਜ਼ਮ ਔਰਤ ਦੇ ਖਿਲਾਫ ਐੈੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਔਰਤ ਦੀ ਪਹਿਲਾਂ ਵੀ ਕ੍ਰਿਮੀਨਲ ਬੈਕਗਰਾਊਂਡ ਰਹੀ ਹੈ ਤੇ ਉਸਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਚਾਰ ਮਾਮਲੇ ਵੀ ਦਰਜ ਹਨ। ਔਰਤ ਦਾ ਪਤੀ ਡਰਾਈਵਰ ਹੈ ਤੇ ਉਨ੍ਹਾਂ ਦਾ ਪਰਿਵਾਰ ਪੈਸੇ ਪੱਖੋਂ ਬਹੁਤ ਗਰੀਬ ਸੀ ਤੇ ਔਰਤ ਲਗਜ਼ਰੀ ਲਾਈਫ ਜਿਊਣਾ ਚਾਹੁੰਦੀ ਸੀ ਤੇ ਇਸ ਲਈ ਔਰਤ ਨੇ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਲਜ਼ਮ ਔਰਤ ਘੁੰਗਰਾਣੀ ਪਿੰਡ ਦੀ ਇਕ ਔਰਤ ਕੋਲੋਂ ਹੈਰੋਇਨ ਖਰੀਦ ਕੇ ਲਿਆਉਂਦੀ ਤੇ ਗਾਹਕਾਂ ਨੂੰ ਵੇਚ ਕੇ ਆਪਣਾ ਮਾਰਜਨ ਰੱਖ ਕਮਾਈ ਕਰਦੀ ਸੀ। ਔਰਤ ਸਮੱਗਲਿੰਗ ਨਾਲ ਕਮਾਏ ਪੈਸਿਆਂ ਨਾਲ ਮਲੇਸ਼ੀਆ ਤੇ ਇੰਗਲੈਂਡ ਵੀ ਘੁੰਮ ਕੇ ਆ ਚੁੱਕੀ ਹੈ। ਔਰਤ ਐਸ਼ਪ੍ਰਸਤੀ ਦੀ ਵੀ ਖੂਬ ਸ਼ੌਕੀਨ ਹੈ ਤੇ ਸਮੱਗਲਿੰਗ ਨਾਲ ਕਮਾਏ ਪੈਸਿਆਂ ਨੂੰ ਸ਼ਾਪਿੰਗ ਤੇ ਘੁੰਮਣ ਫਿਰਨ ਵਿਚ ਉਡਾਉਂਦੀ ਹੈ। ਪੁਲਸ ਨੂੰ ਔਰਤ ਦਾ 2 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ।
ਉਥੇ ਦੂਜੇ ਪਾਸੇ ਐੱਸ. ਐੈੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੋਹੀਆਂ ਥਾਣੇ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਪਿੰਡ ਫੁੱਲ ਕੁੱਦੋਵਾਲ ਵਿਚ ਪੁਲਸ ਪਾਰਟੀ ਨਾਲ ਨਾਕਾਬੰਦੀ ਕੀਤੀ ਸੀ ਇਸ ਦੌਰਾਨ ਜਦੋਂ ਇਕ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਦੇ ਕੈਬਿਨ ਵਿਚੋਂ ਪੁਲਸ ਨੂੰ 5 ਕਿਲੋ ਅਫੀਮ ਬਰਾਮਦ ਹੋਈ। ਟਰੱਕ ਡਰਾਈਵਰ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮੰਡਾਲਾ ਲੋਹੀਆਂ ਦੇ ਤੌਰ ’ਤੇ ਹੋਈ ਹੈ। ਪੁਲਸ ਨੇ ਮੁਲਜ਼ਮ ਖਿਲਾਫ ਐੈੱਨ. ਡੀ. ਪੀ. ਐੈੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਪਿਛਲੇ 20 ਸਾਲਾਂ ਤੋਂ ਟਰੱਕ ਡਰਾਈਵਰ ਦਾ ਕੰਮ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਉਸਦੇ ਇਕ ਜਾਣਕਾਰ ਵਿਅਕਤੀ ਨੇ ਉਸਨੂੰ ਦੱਸਿਆ ਕਿ ਉਹ ਅਫੀਮ ਵੇਚ ਕੇ ਮੋਟੇ ਪੈਸੇ ਕਮਾ ਸਕਦਾ ਹੈ। ਲਾਲਚ ਵਿਚ ਆ ਕੇ ਉਹ ਅਫੀਮ ਸਮੱਗਲਿੰਗ ਕਰਨ ਲੱਗਾ। ਜਿਸ ਟਰੱਕ ਵਿਚੋਂ ਅਫੀਮ ਬਰਾਮਦ ਹੋਈ ਉਹ ਬਲਵਿੰਦਰ ਸਿੰਘ ਪੁੱਤਰ ਗੂੜਾ ਸਿੰਘ ਵਾਸੀ ਕਿੱਲੀ ਸੁਲਤਾਨਪੁਰ ਲੋਧੀ ਦਾ ਹੈ। ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਸ ਅਫੀਮ ਦੀ ਕਨਸਾਈਨਮੈਂਟ ਨੂੰ ਮੁਲਜ਼ਮ ਸੁਖਦੇਵ ਡਲਿਵਰੀ ਲਈ ਲਿਆਇਆ ਸੀ ਉਸਨੂੰ ਉਸਨੇ ਹਰਵਿੰਦਰ ਸਿੰਘ ਉਰਫ ਭਿੰਦਾ ਨਾਂ ਦੇ ਵਿਅਕਤੀ ਨੂੰ ਦੇਣੀ ਸੀ। ਉਕਤ ਅਫੀਮ ਮੁਲਜ਼ਮ ਬਿਹਾਰ-ਝਾਰਖੰਡ ਦੇ ਬਾਰਡਰ ਤੋਂ ਲੈ ਕੇ ਆਇਆ ਸੀ। ਪੁਲਸ ਨੂੰ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ।
ਹੈਰੋਇਨ ਸਮੇਤ 1 ਕਾਬੂ, ਮੁਲਜ਼ਮ ਖਿਲਾਫ ਪਹਿਲਾਂ ਵੀ ਦਰਜ ਹਨ ਕਈ ਕੇਸ
NEXT STORY