ਮੁੰਬਈ (ਏਜੰਸੀ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਿਆਮੀ ਖੇਰ ਨੇ ਫਿਲਮ ਇੰਡਸਟਰੀ ਵਿੱਚ ਆਪਣੇ ਸਫ਼ਲ 10 ਸਾਲ ਪੂਰੇ ਕਰ ਲਏ ਹਨ। ਸਾਲ 2016 ਵਿੱਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਮਿਰਜ਼ਿਆ’ ਤੋਂ ਹਰਸ਼ਵਰਧਨ ਕਪੂਰ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਿਆਮੀ ਨੇ ਇਸ ਖਾਸ ਮੌਕੇ 'ਤੇ ਆਪਣੇ ਹੁਣ ਤੱਕ ਦੇ ਸਫ਼ਰ, ਸੰਘਰਸ਼ ਅਤੇ ਸਿੱਖਿਆਵਾਂ ਨੂੰ ਯਾਦ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਆਪਣੇ ਅਨੁਭਵ ਸਾਂਝੇ ਕਰਦਿਆਂ ਸਿਆਮੀ ਨੇ ਦੱਸਿਆ ਕਿ ਨਾਸਿਕ ਦੀ ਇੱਕ ਸ਼ਾਂਤ ਅਤੇ ਸ਼ਰਮੀਲੀ ਕੁੜੀ ਤੋਂ ਲੈ ਕੇ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਤੱਕ ਦਾ ਇਹ ਸਫ਼ਰ ਉਨ੍ਹਾਂ ਲਈ ਬਹੁਤ ਖਾਸ ਰਿਹਾ ਹੈ। ਸਿਆਮੀ ਨੇ ਖੁਲਾਸਾ ਕੀਤਾ ਕਿ ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਕਈ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਵਿੱਚ ਅਦਾਕਾਰਾ ਬਣਨ ਦੀ ਕਾਬਲੀਅਤ ਨਹੀਂ ਹੈ ਅਤੇ ‘ਪਿੰਡ ਦੀ ਕੁੜੀ’ ਤੱਕ ਆਖਿਆ ਗਿਆ। ਕੁਝ ਲੋਕਾਂ ਨੇ ਉਨ੍ਹਾਂ ਨੂੰ ਅੱਗੇ ਵਧਣ ਲਈ ਕਿਸੇ ਅਦਾਕਾਰ ਜਾਂ ਨਿਰਦੇਸ਼ਕ ਨੂੰ ਡੇਟ ਕਰਨ ਜਾਂ ਕੋਸਮੈਟਿਕ ਸਰਜਰੀ ਕਰਵਾਉਣ ਦੀ ਬਿਨਾਂ ਮੰਗੀ ਸਲਾਹ ਵੀ ਦਿੱਤੀ। ਹਾਲਾਂਕਿ, ਆਪਣੇ ਮਾਤਾ-ਪਿਤਾ ਤੋਂ ਮਿਲੇ ਵਿਸ਼ਵਾਸ ਅਤੇ ਸੰਸਕਾਰਾਂ ਦੇ ਦਮ 'ਤੇ ਉਨ੍ਹਾਂ ਨੇ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਹੱਸ ਕੇ ਟਾਲਣਾ ਸਿੱਖਿਆ।
ਉਨ੍ਹਾਂ ਦੇ ਕਰੀਅਰ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਆਦੂਰ ਮੁਖਰਜੀ ਦੇ ਫੋਨ ਤੋਂ ਬਾਅਦ ਉਨ੍ਹਾਂ ਨੂੰ ਨਿਰਦੇਸ਼ਕ ਦਿਲੀਪ ਸ਼ੰਕਰ ਅਤੇ ਅਦਾਕਾਰ ਆਦਿਲ ਹੁਸੈਨ ਨਾਲ 3 ਮਹੀਨਿਆਂ ਦੀ ਵਰਕਸ਼ਾਪ ਕਰਨ ਦਾ ਮੌਕਾ ਮਿਲਿਆ। ਇਸ ਵਰਕਸ਼ਾਪ ਨੇ ਉਨ੍ਹਾਂ ਨੂੰ ਖੁਦ ਨੂੰ ਸਵੀਕਾਰ ਕਰਨਾ, ਕੰਮ ਵਿੱਚ ਇਮਾਨਦਾਰੀ ਅਤੇ ਆਪਣੀ ਪਛਾਣ 'ਤੇ ਭਰੋਸਾ ਕਰਨਾ ਸਿਖਾਇਆ। ਇਸ ਤੋਂ 6 ਮਹੀਨੇ ਬਾਅਦ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਉਨ੍ਹਾਂ ਨੂੰ 'ਮਿਰਜ਼ਿਆ' ਵਿੱਚ ਮੁੱਖ ਭੂਮਿਕਾ ਦਿੱਤੀ। ਸਿਆਮੀ ਨੇ ਰਾਕੇਸ਼ ਮਹਿਰਾ ਅਤੇ ਉਨ੍ਹਾਂ ਦੀ ਪਤਨੀ ਭਾਰਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ ਪਰਿਵਾਰ ਵਾਂਗ ਅਪਣਾਇਆ। ਇਸ ਫਿਲਮ ਦੌਰਾਨ ਉਨ੍ਹਾਂ ਨੂੰ ਮਹਾਨ ਗੀਤਕਾਰ ਗੁਲਜ਼ਾਰ ਸਾਹਿਬ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਗਿਆਨ ਦਾ 'ਸਮੁੰਦਰ' ਕਰਾਰ ਦਿੱਤਾ।
ਆਪਣੇ 10 ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਸਿਆਮੀ ਨੇ ਕਿਹਾ, "ਪਹਿਲੀ ਵਾਰ ਸੈੱਟ 'ਤੇ ਕਦਮ ਰੱਖੇ ਨੂੰ 10 ਸਾਲ ਹੋ ਗਏ ਹਨ। ਅੱਜ ਵੀ ਮੇਰੇ ਵਿੱਚ ਉਹੀ ਜਨੂੰਨ, ਘਬਰਾਹਟ ਅਤੇ ਉਤਸ਼ਾਹ ਹੈ ਜੋ ਪਹਿਲੇ ਦਿਨ ਸੀ। ਅਜੇ ਮੇਰਾ ਸਫ਼ਰ ਲੰਬਾ ਹੈ ਅਤੇ ਬਹੁਤ ਕੁਝ ਸਿੱਖਣਾ ਬਾਕੀ ਹੈ।"
"ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ
NEXT STORY