ਮੁੰਬਈ (ਇੰਟ.)- ਬਾਲੀਵੁੱਡ ਵਿਚ ਅੰਡਰਵਰਲਡ ਦੀ ਦਖ਼ਲਅੰਦਾਜ਼ੀ ਦਾ ਇਤਿਹਾਸ ਗੋਲੀਆਂ, ਧਮਕੀਆਂ ਅਤੇ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਨਾਲ ਭਰਿਆ ਰਿਹਾ ਹੈ। ਕਦੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਕਤਲ ਨੇ ਫਿਲਮ ਅਤੇ ਸੰਗੀਤ ਜਗਤ ਨੂੰ ਦਹਿਲਾ ਦਿੱਤਾ ਸੀ, ਤਾਂ ਕਦੇ ਰਾਕੇਸ਼ ਰੋਸ਼ਨ ’ਤੇ ਗੋਲੀਆਂ ਚਲਾ ਕੇ ਫਿਲਮੀ ਦੁਨੀਆ ਵਿਚ ਖ਼ੌਫ਼ ਪੈਦਾ ਕਰਨ ਦੀ ਕੋਸ਼ਿਸ਼ ਹੋਈ। ਸਲਮਾਨ ਖ਼ਾਨ ਅਤੇ ਰੋਹਿਤ ਸ਼ੈੱਟੀ ਵਰਗੇ ਸਿਤਾਰਿਆਂ ਦੇ ਘਰਾਂ ਦੇ ਬਾਹਰ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਅਦਾਕਾਰ ਟਾਈਗਰ ਸ਼ਰਾਫ ਨਾਲ ਜੁੜੀ ਤਾਜ਼ਾ ਵਾਰਦਾਤ ਨੇ ਇਕ ਵਾਰ ਫਿਰ ਉਸ ਦੌਰ ਦੀ ਯਾਦ ਦਿਵਾ ਦਿੱਤੀ ਹੈ, ਜਦੋਂ ਅੰਡਰਵਰਲਡ ਫਿਲਮ ਨਿਰਮਾਣ, ਕਲਾਕਾਰਾਂ ਦੀ ਚੋਣ ਅਤੇ ਡਿਸਟ੍ਰੀਬਿਊਸ਼ਨ ਅਧਿਕਾਰਾਂ ’ਤੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਸੀ। 1990 ਦੇ ਦਹਾਕੇ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਬਦਲਦੇ ਸਮੇਂ ਨਾਲ ਭਾਵੇਂ ਨਵੇਂ ਰੂਪ ਵਿਚ ਸਾਹਮਣੇ ਆਇਆ ਹੋਵੇ ਪਰ ਫਿਲਮੀ ਸ਼ਖ਼ਸੀਅਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਅੱਜ ਵੀ ਕਾਇਮ ਹਨ।

1990 ਦੇ ਦਹਾਕੇ ’ਚ ਵਧਿਆ ਦਬਾਅ
ਮੁੰਬਈ ਦੇ ਅੰਡਰਵਰਲਡ ਅਤੇ ਹਿੰਦੀ ਫਿਲਮ ਇੰਡਸਟਰੀ ਵਿਚਾਲੇ ਸੰਪਰਕ 1960 ਦੇ ਦਹਾਕੇ ਤੋਂ ਰਿਹਾ ਹੈ। ਹਾਜੀ ਮਸਤਾਨ ਵਰਗੇ ਅਪਰਾਧ ਜਗਤ ਦੇ ਨਾਂ ਫਿਲਮੀ ਸ਼ਖ਼ਸੀਅਤਾਂ ਨਾਲ ਮੇਲ-ਜੋਲ ਅਤੇ ਫਿਲਮਾਂ ਲਈ ਫੰਡਿੰਗ ਨਾਲ ਜੁੜੇ ਰਹੇ ਪਰ 1980 ਦੇ ਦਹਾਕੇ ਦੇ ਆਖ਼ਰੀ ਸਾਲਾਂ ਅਤੇ 1990 ਦੇ ਦਹਾਕੇ ਵਿਚ ਗਿਰੋਹਾਂ ਦੀ ਦਖ਼ਲਅੰਦਾਜ਼ੀ ਕਥਿਤ ਤੌਰ ’ਤੇ ਧਮਕੀਆਂ ਅਤੇ ਦਬਾਅ ਵਿਚ ਬਦਲਣ ਲੱਗੀ। ਫਿਲਮ ਨਿਰਮਾਣ ਵਿਚ ਪੈਸਾ ਲਗਾਉਣ ਦੇ ਬਦਲੇ ਵਿਦੇਸ਼ਾਂ ਵਿਚ ਵੰਡ ਅਧਿਕਾਰ ਅਤੇ ਕਲਾਕਾਰਾਂ ਦੀ ਚੋਣ ਵਿਚ ਦਖ਼ਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ। ਜੂਨ 1994 ਵਿਚ ਨਿਰਮਾਤਾ ਜਾਵੇਦ ਰਿਆਜ਼ ਸਿੱਦੀਕੀ ਦਾ ਕਤਲ ਹੋਇਆ, ਜਦਕਿ ਜੁਲਾਈ ਵਿਚ ਨਿਰਮਾਤਾ ਫਿਰੋਜ਼ ਸਰਫ਼ਰਾਜ਼ ਖ਼ਾਨ ’ਤੇ ਹਮਲਾ ਹੋਇਆ। 7 ਮਾਰਚ 1997 ਨੂੰ ਨਿਰਮਾਤਾ-ਨਿਰਦੇਸ਼ਕ ਮੁਕੇਸ਼ ਦੁੱਗਲ ਦਾ ਅੰਧੇਰੀ ਸਥਿਤ ਦਫ਼ਤਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਂਚ ’ਚ ਵਿਰੋਧੀ ਗਿਰੋਹਾਂ ਵਿਚਾਲੇ ਝੜਪ ਨਾਲ ਇਸ ਵਾਰਦਾਤ ਦੇ ਜੁੜੇ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ।

ਗੁਲਸ਼ਨ ਕੁਮਾਰ ਦੇ ਕਤਲ ਨੇ ਹਿਲਾਈ ਇੰਡਸਟਰੀ
31 ਜੁਲਾਈ, 1997 ਨੂੰ ‘ਤ੍ਰਿਦੇਵ’ ਅਤੇ ‘ਗੁਪਤ’ ਦੇ ਨਿਰਦੇਸ਼ਕ ਰਾਜੀਵ ਰਾਏ ’ਤੇ ਤਾਰਦੇਵ ਵਿਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਹਮਲਾ ਹੋਇਆ। ਉਨ੍ਹਾਂ ਦੇ ਬਾਡੀਗਾਰਡਜ਼ ਦੀ ਜਵਾਬੀ ਗੋਲੀਬਾਰੀ ਦੇ ਵਿਚਕਾਰ ਰਾਏ ਸੁਰੱਖਿਅਤ ਬਚ ਨਿਕਲੇ। ਲੱਗਭਗ ਦੋ ਹਫ਼ਤਿਆਂ ਬਾਅਦ, 12 ਅਗਸਤ ਨੂੰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦਾ ਅੰਧੇਰੀ ਵਿਚ ਮੰਦਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਫਿਲਮ ਅਤੇ ਸੰਗੀਤ ਇੰਡਸਟਰੀ ਵਿਚ ਅੰਡਰਵਰਲਡ ਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਵਧਾ ਦਿੱਤੀ।

ਰਾਕੇਸ਼ ਰੋਸ਼ਨ ’ਤੇ ਚੱਲੀਆਂ ਗੋਲੀਆਂ
ਦਸੰਬਰ 1999 ਵਿਚ ਨਿਰਮਾਤਾ ਮਨਮੋਹਨ ਸ਼ੈੱਟੀ ’ਤੇ ਹਮਲੇ ਦੀ ਕੋਸ਼ਿਸ਼ ਹੋਈ ਪਰ ਉਹ ਬਚ ਗਏ। 21 ਜਨਵਰੀ 2000 ਨੂੰ ‘ਕਹੋ ਨਾ... ਪਿਆਰ ਹੈ’ ਦੀ ਸਫ਼ਲਤਾ ਤੋਂ ਬਾਅਦ ਰਾਕੇਸ਼ ਰੋਸ਼ਨ ’ਤੇ ਸਾਂਤਾਕਰੂਜ਼ ਪੱਛਮ ਵਿਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਇਕ ਗੋਲੀ ਉਨ੍ਹਾਂ ਦੇ ਹੱਥ ਵਿਚ ਲੱਗੀ, ਜਦਕਿ ਦੂਜੀ ਛਾਤੀ ਨੂੰ ਛੂਹ ਕੇ ਨਿਕਲ ਗਈ। ਰੋਸ਼ਨ ਨੇ ਬਾਅਦ ਵਿਚ ਦਾਅਵਾ ਕੀਤਾ ਕਿ ਅੰਡਰਵਰਲਡ ਚਾਹੁੰਦਾ ਸੀ ਕਿ ਉਨ੍ਹਾਂ ਦਾ ਬੇਟਾ ਰਿਤਿਕ ਰੋਸ਼ਨ ਉਸ ਦੇ ਸਹਿਯੋਗੀਆਂ ਦੇ ਪੈਸੇ ਨਾਲ ਬਣਨ ਵਾਲੀ ਫਿਲਮ ਵਿਚ ਕੰਮ ਕਰੇ। ਉਨ੍ਹਾਂ ਨੇ ਸ਼ੂਟਿੰਗ ਦੀਆਂ ਤਰੀਕਾਂ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ।

ਨਵੇਂ ਦੌਰ ਵਿਚ ਵੀ ਜਾਰੀ ਹਮਲੇ
14 ਫ਼ਰਵਰੀ 2001 ਨੂੰ ਅਦਾਕਾਰ ਦਿਨੇਸ਼ ਆਨੰਦ ਦਾ ਬੋਰੀਵਲੀ ਦੇ ਨੈਸ਼ਨਲ ਪਾਰਕ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜੁਲਾਈ 2002 ਵਿਚ ‘ਸਾਜਨ’ ਦੇ ਨਿਰਦੇਸ਼ਕ ਲਾਰੈਂਸ ਡਿਸੂਜ਼ਾ ਦੇ ਦਫ਼ਤਰ ਦੇ ਬਾਹਰ ਗੋਲੀਬਾਰੀ ਹੋਈ। ਉਹ ਸੁਰੱਖਿਅਤ ਬਚ ਗਏ। ਪੁਲਸ ਨੂੰ ਸ਼ੱਕ ਸੀ ਕਿ ਹਮਲਾ ਜਬਰੀ ਵਸੂਲੀ ਲਈ ਫਿਲਮ ਇੰਡਸਟਰੀ ਨੂੰ ਡਰਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ।

14 ਅਪ੍ਰੈਲ 2024 ਨੂੰ ਸਲਮਾਨ ਖ਼ਾਨ ਦੇ ਬਾਂਦ੍ਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਈ। ਪੁਲਸ ਨੇ ਹਮਲੇ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ। ਸਤੰਬਰ 2025 ਵਿਚ ਦਿਸ਼ਾ ਪਾਟਨੀ ਦੇ ਪਰਿਵਾਰ ਦੇ ਘਰ ਦੇ ਬਾਹਰ ਬਰੇਲੀ ਵਿਚ ਗੋਲੀਆਂ ਚਲਾਈਆਂ ਗਈਆਂ। 1 ਫ਼ਰਵਰੀ, 2026 ਨੂੰ ਫਿਲਮਕਾਰ ਰੋਹਿਤ ਸ਼ੈੱਟੀ ਦੇ ਜੁਹੂ ਸਥਿਤ ਨਿਵਾਸ ਦੇ ਬਾਹਰ ਵੀ ਗੋਲੀਬਾਰੀ ਹੋਈ। ਪੁਲਸ ਨੇ ਅਪ੍ਰੈਲ ਵਿਚ 17 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਅਤੇ ਹਮਲੇ ਵਿਚ ਬਿਸ਼ਨੋਈ ਗੈਂਗ ਨਾਲ ਜੁੜੇ ਸਮੂਹ ਦੀ ਭੂਮਿਕਾ ਦਾ ਦੋਸ਼ ਲਾਇਆ।
ਝੋਟਾ ਹੱਤਿਆਕਾਂਡ : ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ
NEXT STORY