ਚੰਡੀਗੜ੍ਹ (ਅੰਕੁਰ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਨਾਮਜ਼ਦ ਜੋਗਿੰਦਰ ਸਿੰਘ ਉਰਫ਼ ਜੋਗਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਅਦਾਲਤ ਨੇ ਉਸ ਦੀ ਪੱਕੀ ਜ਼ਮਾਨਤ ਦੀ ਮੰਗ ਰੱਦ ਕਰਦਿਆਂ ਮਾਮਲੇ ’ਚ ਉਸ ਦੀ ਕਥਿਤ ਭੂਮਿਕਾ, ਅਪਰਾਧਿਕ ਪਿਛੋਕੜ ਅਤੇ ਗਵਾਹਾਂ ਤੇ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਨੂੰ ਅਹਿਮ ਕਾਰਨ ਮੰਨਿਆ ਹੈ।
ਮਾਮਲਾ ਮਾਨਸਾ ਦੇ ਸਿਟੀ-1 ਥਾਣੇ ’ਚ 29 ਮਈ 2022 ਨੂੰ ਦਰਜ ਐੱਫ. ਆਈ. ਆਰ. ਨਾਲ ਸਬੰਧਤ ਹੈ। ਇਹ ਐੱਫ. ਆਈ. ਆਰ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਮਾਮਲੇ ’ਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਆਈ. ਪੀ. ਸੀ., ਆਰਮਜ਼ ਐਕਟ ਅਤੇ ਜੇਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।
ਸਰਕਾਰੀ ਧਿਰ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਜਾਂਚ ਦੌਰਾਨ ਜੋਗਿੰਦਰ ਸਿੰਘ ਦੀ ਕਥਿਤ ਭੂਮਿਕਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਉਸ ਨੇ ਗੋਲਡੀ ਬਰਾੜ ਦੇ ਕਹਿਣ ’ਤੇ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਸ਼ੂਟਰਾਂ ਪ੍ਰਿਯਵ੍ਰਤ ਉਰਫ਼ ਫ਼ੌਜੀ, ਅੰਕਿਤ ਉਰਫ਼ ਸਰਸਾ, ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਨੂੰ ਵਾਰਦਾਤ ਤੋਂ ਪਹਿਲਾਂ ਰਹਿਣ ਲਈ ਟਿਕਾਣਾ ਅਤੇ ਸੁਰੱਖਿਅਤ ਪਨਾਹ ਮੁਹੱਈਆ ਕਰਵਾਈ ਸੀ। ਇਸ ਤੋਂ ਇਲਾਵਾ ਸਹਿ-ਮੁਲਜ਼ਮ ਰਾਜਿੰਦਰ ਸਿੰਘ ਉਰਫ਼ ਜੋਕਰ ਨੂੰ 30 ਬੋਰ ਦੀ ਪਿਸਤੌਲ ਦੇਣ ਦਾ ਵੀ ਉਸ ’ਤੇ ਦੋਸ਼ ਹੈ।
ਹਾਈ ਕੋਰਟ ਨੇ ਮੁੱਢਲੀ ਸਮੱਗਰੀ ਦੇ ਆਧਾਰ ’ਤੇ ਕਿਹਾ ਕਿ ਜੋਗਾ ਨੂੰ ਕਥਿਤ ਸਾਜ਼ਿਸ਼ ਦੀ ਇਕ ਅਹਿਮ ਕੜੀ ਵਜੋਂ ਦਰਸਾਇਆ ਗਿਆ ਹੈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਮਾਮਲੇ ’ਚ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਫ਼ਰਾਰ ਰਿਹਾ ਅਤੇ ਬਾਅਦ ’ਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ।
ਸਰਕਾਰ ਮੁਤਾਬਕ ਜੋਗਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕਰੀਬ 20 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ ਦੀ ਕੋਸ਼ਿਸ਼, ਲੁੱਟ, ਚੋਰੀ, ਹਥਿਆਰ ਅਤੇ ਨਸ਼ਿਆਂ ਨਾਲ ਸਬੰਧਤ ਗੰਭੀਰ ਕੇਸ ਸ਼ਾਮਲ ਹਨ। ਇਸ ਮਾਮਲੇ ’ਚ ਉਸ ਦੀ ਗ੍ਰਿਫ਼ਤਾਰੀ 26 ਜੂਨ 2023 ਨੂੰ ਹੋਈ ਸੀ। ਹਾਈ ਕੋਰਟ ਨੇ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਕਿਹਾ ਕਿ ਜ਼ਮਾਨਤ ਦੇਣ ਨਾਲ ਮੁਲਜ਼ਮ ਦੇ ਫ਼ਰਾਰ ਹੋਣ, ਸਬੂਤਾਂ ਨਾਲ ਛੇੜਛਾੜ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਾਰੇ ਕਾਰਨਾਂ ਦੇ ਆਧਾਰ ’ਤੇ ਅਦਾਲਤ ਨੇ ਪੱਕੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ।
ਕਰਿਸ਼ਮਾ ਤੰਨਾ ਨੇ ਨਵਜੰਮੇ ਪੁੱਤ ਦਾ ਕੀਤਾ ਨਾਮਕਰਨ, ਜਾਣੋ ਕੀ ਰੱਖਿਆ ਨਾਂ
NEXT STORY