ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫ਼ਿਲਮ 'ਰਾਧੇ : ਯਾਰ ਮੋਸਟ ਵਾਂਟੇਡ ਭਰਾ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦ ਕਾਰਨ ਇਸ ਦੀ ਸ਼ੂਟਿੰਗ ਨੂੰ ਵਿਚਕਾਰ 'ਚ ਹੀ ਰੋਕਣਾ ਪਿਆ। ਉਥੇ ਹੀ ਹੁਣ 'ਰਾਧੇ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਉਹ ਆਪਣੀ ਇਕ ਹੋਰ ਫ਼ਿਲਮ 'ਅੰਤਿਮ : ਦਿ ਫਾਈਨਲ ਟਰੁੱਥ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਇਸ ਫ਼ਿਲਮ ਨਾਲ ਸਲਮਾਨ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਧਮਾਕੇਦਾਰ ਸਰਪ੍ਰਾਈਜ਼ ਦਿੱਤਾ ਹੈ, ਜਿਸ ਦਾ ਖ਼ੁਲਾਸਾ ਅਦਾਕਾਰ ਆਯੁਸ਼ ਸ਼ਰਮਾ ਨੇ ਕੀਤਾ ਹੈ।
ਆਯੁਸ਼ ਨੇ ਫ਼ਿਲਮ ਦੇ ਸੈੱਟ ਤੋਂ ਸਲਮਾਨ ਖ਼ਾਨ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ 'ਅੰਤਿਮ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਵੀਡੀਓ 'ਚ ਸਲਮਾਨ ਖ਼ਾਨ ਦਾ ਲੁੱਕ ਦੇਖ ਪ੍ਰਸ਼ੰਸਕ ਕਾਫ਼ੀ ਐਕਸਾਈਟਿਡ ਹਨ। ਸਲਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਿ 'ਅੰਤਿਮ : ਦਿ ਫਾਈਨਲ ਟਰੁੱਥ' ਦੀ ਸ਼ੂਟਿੰਗ ਦੌਰਾਨ ਦਾ ਇਕ ਵੀਡੀਓ ਸਲਮਾਨ ਖ਼ਾਨ ਦੇ ਜੀਜਾ ਆਯੁਸ਼ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਸਰਦਾਰ ਬਣੇ ਨਜ਼ਰ ਆ ਰਹੇ ਹਨ। ਉਥੇ ਹੀ ਉਨ੍ਹਾਂ ਦਾ ਅੰਦਾਜ਼ ਕਾਫ਼ੀ ਦਬੰਗ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਯੁਸ਼ ਨੇ ਕੈਪਸ਼ਨ 'ਚ ਲਿਖਿਆ, 'ਅੰਤਿਮ ਸ਼ੁਰੂ ਹੋ ਗਈ ਹੈ।' ਵੀਡੀਓ 'ਚ ਸਲਮਾਨ ਕਾਲੀ ਪੱਗੜੀ ਅਤੇ ਖ਼ਾਲਸਾ ਲਾਕੇਟ ਪਾ ਕੇ ਸਬਜ਼ੀ ਮੰਡੀ 'ਚੋਂ ਲੰਘਦੇ ਦਿਖਾਈ ਦੇ ਰਹੇ ਹਨ।
'ਅੰਤਿਮ' 'ਚ ਸਲਮਾਨ ਖ਼ਾਨ ਦੇ ਰੋਲ ਦੀ ਗੱਲ ਕਰੀਏ ਤਾਂ ਉਹ ਇਸ 'ਚ ਇਕ ਸਰਦਾਰ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਦਿਸਣਗੇ। ਇਸ ਫ਼ਿਲਮ ਦੀ ਸ਼ੂਟਿੰਗ 16 ਨਵੰਬਰ ਨੂੰ ਹੀ ਪੁਣੇ 'ਚ ਸ਼ੁਰੂ ਹੋ ਗਈ ਸੀ। ਹਾਲਾਂਕਿ ਉਦੋਂ ਸਿਰਫ਼ ਆਯੁਸ਼ ਹੀ ਸ਼ੂਟਿੰਗ ਕਰ ਰਹੇ ਸੀ। ਉਥੇ ਹੀ ਹੁਣ ਸਲਮਾਨ ਖ਼ਾਨ ਵੀ ਹਾਲ ਹੀ 'ਚ ਫ਼ਿਲਮ ਦੀ ਯੂਨਿਟ ਨਾਲ ਜੁੜ ਗਏ ਹਨ। ਸਲਮਾਨ ਖ਼ਾਨ ਸਟਾਰਰ ਫ਼ਿਲਮ 'ਅੰਤਿਮ' ਇਕ ਗੈਂਗਸਟਰ ਡਰਾਮਾ ਫ਼ਿਲਮ ਹੈ। ਉਥੇ ਹੀ ਇਹ ਫ਼ਿਲਮ ਮਰਾਠੀ ਫ਼ਿਲਮ 'ਮੁਲਸ਼ੀ ਪੈਟਰਨ' ਦਾ ਹਿੰਦੀ ਰੀਮੇਕ ਹੈ ਅਤੇ ਇਸ ਦਾ ਡਾਇਰੈਕਸ਼ਨ ਮਹੇਸ਼ ਮਾਂਜਰੇਕਰ ਕਰ ਰਹੇ ਹਨ।
ਮੁੜ ਸੁਰਖ਼ੀਆਂ 'ਚ ਛਾਈ ਸ਼ਹਿਨਾਜ਼ ਕੌਰ ਗਿੱਲ, ਵਾਇਰਲ ਹੋਈ ਇਹ ਵੀਡੀਓ
NEXT STORY