ਜਲੰਧਰ (ਅਨਮੋਲ ਤਾਗਰਾ)- ਪੰਜਾਬੀ ਫਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਸਾਡੀ ਮਾਂ ਬੋਲੀ ਪੰਜਾਬੀ ਅਤੇ ਸਮਾਜ ਵਿਚ ਅੰਗਰੇਜ਼ੀ ਦੇ ਵਧਦੇ ਪ੍ਰਭਾਵ ਦੇ ਅਹਿਮ ਮੁੱਦੇ ’ਤੇ ਚਰਚਾ ਛੇੜਦੀ ਹੈ। ਜਸ ਗਰੇਵਾਲ ਦੀ ਲਿਖੀ ਤੇ ਵਰਿੰਦਰ ਸ਼ਰਮਾ ਵੱਲੋਂ ਡਾਇਰੈਕਟਰ ਕੀਤੀ ਗਈ ਇਹ ਫਿਲਮ 25 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰਕਾਸਟ ਸਿੰਮੀ ਚਾਹਲ, ਮੈਂਡੀ ਤੱਖਰ ਅਤੇ ਸਤਵਿੰਦਰ ਸਿੰਘ ‘ਜਗ ਬਾਣੀ’ ਦਫ਼ਤਰ ਪਹੁੰਚੇ। ਪੇਸ਼ ਹਨ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਫਿਲਮ ਦੀ ਸਟਾਰਕਾਸਟ ਨਾਲ ਕੀਤੀ ਗਈ ਵਿਸ਼ੇਸ਼ ਇੰਟਰਵਿਊ ਦੇ ਮੁੱਖ ਅੰਸ਼ :
ਸਵਾਲ : ਤੁਹਾਡੀ ਫਿਲਮ ਦਾ ਮੁੱਖ ਮਕਸਦ ਕੀ ਹੈ?
ਸਤਵਿੰਦਰ ਸਿੰਘ : ਇਹ ਫਿਲਮ ਸਾਡੀ ਮਾਂ ਬੋਲੀ, ਸਾਡੀ ਜ਼ੁਬਾਨ ਅਤੇ ਸਾਡੀ ਪਛਾਣ ਦੇ ਵਿਸ਼ੇ ’ਤੇ ਬਣੀ ਹੈ। ਅੱਜਕੱਲ ਸਮਾਜ ਵਿਚ ਅੰਗਰੇਜ਼ੀ ਬੋਲਣ ਨੂੰ ਇਕ ਸਟੇਟਸ ਸਿੰਬਲ ਬਣਾ ਦਿੱਤਾ ਗਿਆ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਨੂੰ ਜੱਜ ਕੀਤਾ ਜਾਂਦਾ ਹੈ। ਅਜਿਹੇ ਵਿਸ਼ੇ ’ਤੇ ਫਿਲਮ ਬਣਾਉਣਾ ਕਮਰਸ਼ੀਅਲ ਪੱਖੋਂ ਰਿਸਕੀ ਸੀ, ਪਰ ਜੱਸ ਗਰੇਵਾਲ ਜੀ ਦੀ ਸ਼ਾਨਦਾਰ ਲੇਖਣੀ ਸਦਕਾ ਕਹਾਣੀ ਬਹੁਤ ਬਾਕਮਾਲ ਲੱਗੀ ਤੇ ਪ੍ਰੋਡਿਊਸਰਾਂ ਅਤੇ ਟੀਮ ਨੇ ਮਾਂ ਬੋਲੀ ਦੇ ਸਤਿਕਾਰ ਲਈ ਇਹ ਫਿਲਮ ਬਣਾਉਣ ਦਾ ਫੈਸਲਾ ਕੀਤਾ।
ਸਵਾਲ : ਮੈਂਡੀ ਜੀ, ਤੁਸੀਂ ਯੂ. ਕੇ. ਦੇ ਜੰਮਪਲ ਹੋਣ ਦੇ ਬਾਵਜੂਦ ਇੰਨੀ ਚੰਗੀ ਪੰਜਾਬੀ ਕਿਵੇਂ ਸਿੱਖੀ?
ਮੈਂਡੀ ਤੱਖਰ : ਜੇਕਰ ਅਸੀਂ ਤਿੰਨੇ ਭੈਣਾਂ ਜਾਂ ਮੰਮੀ ਆਪਸ ਵਿਚ ਅੰਗਰੇਜ਼ੀ ਵਿਚ ਗੱਲ ਕਰਦੀਆਂ ਸੀ ਤਾਂ ਡੈਡ ਸਾਨੂੰ ਉਸੇ ਵੇਲੇ ਟੋਕ ਦਿੰਦੇ ਸਨ। ਸਾਡੇ ਮਾਪਿਆਂ ਨੂੰ ਡਰ ਸੀ ਕਿ ਵਿਦੇਸ਼ ਵਿਚ ਰਹਿੰਦਿਆਂ ਬੱਚੇ ਪੂਰੇ ਅੰਗਰੇਜ਼ ਨਾ ਬਣ ਜਾਣ ਅਤੇ ਪੰਜਾਬੀਅਤ ਨੂੰ ਨਾ ਭੁੱਲ ਜਾਣ। ਅਸੀਂ ਹਫ਼ਤੇ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਅੰਗਰੇਜ਼ੀ ਸਕੂਲ ਜਾਂਦੇ ਸੀ ਤੇ ਸ਼ਨੀਵਾਰ-ਐਤਵਾਰ ਗੁਰਦੁਆਰੇ ਜਾ ਕੇ ਪੰਜਾਬੀ ਪੜ੍ਹਨਾ-ਲਿਖਣਾ ਅਤੇ ਪੰਜਾਬੀ ਸੱਭਿਆਚਾਰ ਬਾਰੇ ਸਿੱਖਦੇ ਸੀ।
ਸਵਾਲ : ਮੈਂਡੀ ਜੀ, ਕੀ ਅੱਜ ਦੀ ਨਵੀਂ ਪੀੜ੍ਹੀ ਵਿਦੇਸ਼ਾਂ ਵਿਚ ਪੰਜਾਬੀ ਭੁੱਲ ਰਹੀ ਹੈ?
ਮੈਂਡੀ ਤੱਖਰ : ਹਾਂਜੀ, ਅੱਜ ਜਦੋਂ ਮੈਂ ਯੂ. ਕੇ. ਵਿਚ ਆਪਣੇ 14-15 ਸਾਲ ਦੇ ਭਤੀਜੇ-ਭਤੀਜੀਆਂ ਨੂੰ ਦੇਖਦੀ ਹਾਂ ਜੋ ਪੰਜਾਬੀ ਵਿਚ ਗੱਲ ਨਹੀਂ ਕਰ ਸਕਦੇ, ਤਾਂ ਮੇਰਾ ਦਿਲ ਟੁੱਟਦਾ ਹੈ। ਉਨ੍ਹਾਂ ਦੇ ਮਾਪੇ ਕਹਿੰਦੇ ਹਨ ਕਿ ਹੁਣ ਘਰ ਵਿਚ ਦਾਦਾ-ਦਾਦੀ ਨਹੀਂ ਰਹੇ, ਇਸ ਲਈ ਪੰਜਾਬੀ ਬੋਲਣ ਦੀ ਲੋੜ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਬੱਚਿਆਂ ਨੂੰ ਆਪਣੀ ਭਾਸ਼ਾ ਨਹੀਂ ਸਿਖਾਵਾਂਗੇ, ਤਾਂ ਸਾਡਾ ਸੱਭਿਆਚਾਰ ਖ਼ਤਮ ਹੋ ਜਾਵੇਗਾ।
ਸਵਾਲ : ਸਿੰਮੀ ਜੀ, ਅੱਜਕੱਲ ਪੰਜਾਬ ਦੇ ਸਕੂਲਾਂ ਅਤੇ ਪਰਿਵਾਰਾਂ ਵਿਚ ਬੱਚਿਆਂ ’ਤੇ ਅੰਗਰੇਜ਼ੀ ਬੋਲਣ ਦਾ ਪ੍ਰੈਸ਼ਰ ਬਣਾਇਆ ਜਾਂਦਾ ਹੈ, ਇਸ ਬਾਰੇ ਤੁਸੀਂ ਕੀ ਸੋਚਦੇ ਹੋ?
ਸਿੰਮੀ ਚਾਹਲ : ਮਾਪਿਆਂ ਦਾ ਅੰਗਰੇਜ਼ੀ ਸਿਖਾਉਣ ਦਾ ਡਰ ਜਾਂ ਮਨਸ਼ਾ ਸਮਝ ਆਉਂਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸਮੇਂ ਵਿਚ ਅੰਗਰੇਜ਼ੀ ਨਾ ਆਉਣ ਕਰ ਕੇ ਕਈ ਮੌਕੇ ਗੁਆਏ ਹੁੰਦੇ ਹਨ। ਪਰ ਸਮੱਸਿਆ ਇਹ ਹੈ ਕਿ ਅਸੀਂ ਅੰਗਰੇਜ਼ੀ ਨੂੰ ਪੰਜਾਬੀ ਨਾਲੋਂ ਉੱਤੇ ਰੱਖ ਰਹੇ ਹਾਂ ਤੇ ਪੰਜਾਬੀ ਬੋਲਣ ਨਾਲ ਸ਼ਰਮਿੰਦਗੀ ਜੋੜ ਦਿੱਤੀ ਹੈ। ਅੰਗਰੇਜ਼ੀ ਜਾਂ ਕਿਸੇ ਵੀ ਹੋਰ ਭਾਸ਼ਾ ਨੂੰ ਸਿੱਖਣਾ ਬਹੁਤ ਵਧੀਆ ਗੱਲ ਹੈ, ਇਹ ਇੰਟੈਲੀਜੈਂਸ ਅਤੇ ਕਮਿਊਨੀਕੇਸ਼ਨ ਵਧਾਉਂਦੀ ਹੈ, ਪਰ ਆਪਣੀ ਮਾਂ ਬੋਲੀ ਦੀ ਕੀਮਤ ’ਤੇ ਅਜਿਹਾ ਨਹੀਂ ਹੋਣਾ ਚਾਹੀਦਾ।
ਸਵਾਲ : ਸਿੰਮੀ ਜੀ, ਅੰਬਾਲਾ ਤੋਂ ਹੋਣ ਦੇ ਬਾਵਜੂਦ ਤੁਸੀਂ ਠੇਠ ਪੰਜਾਬੀ ਕਿਵੇਂ ਬੋਲ ਲੈਂਦੇ ਹੋ?
ਸਿੰਮੀ ਚਾਹਲ : ਇਸ ਦਾ ਪੂਰਾ ਸਿਹਰਾ ਮੇਰੇ ਮਾਤਾ ਜੀ ਨੂੰ ਜਾਂਦਾ ਹੈ। ਜੇਕਰ ਉਨ੍ਹਾਂ ਨੇ ਮੇਰੀ ਪੰਜਾਬੀ ’ਤੇ ਇੰਨਾ ਕੰਮ ਨਾ ਕੀਤਾ ਹੁੰਦਾ, ਤਾਂ ਮੈਂ ਅੱਜ ਪੰਜਾਬੀ ਫਿਲਮ ਇੰਡਸਟਰੀ ਵਿਚ ਨਾ ਹੁੰਦੀ। ਮੈਨੂੰ ਜੋ ਵੀ ਮਿਲਿਆ ਹੈ, ਉਹ ਮਾਂ ਬੋਲੀ ਪੰਜਾਬੀ ਦੀ ਬਦੌਲਤ ਹੀ ਮਿਲਿਆ ਹੈ। ਜਦੋਂ ਮੇਰੇ ਮਾਤਾ ਜੀ ਕਈ ਪੁਰਾਣੇ ਠੇਠ ਪੰਜਾਬੀ ਦੇ ਸ਼ਬਦ ਬੋਲਦੇ ਸਨ ਤਾਂ ਮੈਂ ਉਨ੍ਹਾਂ ਨੂੰ ਨੋਟਸ ਵਿਚ ਲਿਖ ਲੈਂਦੀ ਸੀ ਕਿ ਕਿੱਧਰੇ ਇਨ੍ਹਾਂ ਅਣਮੋਲ ਸ਼ਬਦਾਂ ਨੂੰ ਵਿਸਰ ਨਾ ਜਾਵਾਂ। ਕਈ ਵਾਰ ਜਦੋਂ ਮੈਂ ਲੋਕਾਂ ਨੂੰ ਮਿਲਦੀ ਹਾਂ ਤਾਂ ਉਹ ਖ਼ੁਦ ਤਾਂ ਬੜੀ ਚੰਗੀ ਪੰਜਾਬੀ ਬੋਲਦੇ ਹਨ, ਪਰ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ। ਮੈਂ ਉਨ੍ਹਾਂ ਮਾਪਿਆਂ ਨੂੰ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਅਗਲੀ ਵਾਰ ਜਦੋਂ ਤੁਸੀਂ ਮਿਲੋ ਤਾਂ ਬੱਚੇ ਨੂੰ ਪੰਜਾਬੀ ਜ਼ਰੂਰ ਸਿਖਾ ਕੇ ਲਿਆਓ।
ਸਵਾਲ : ਤੁਸੀਂ ਦਰਸ਼ਕਾਂ ਨੂੰ ਇਸ ਫਿਲਮ ਰਾਹੀਂ ਕੀ ਸੰਦੇਸ਼ ਦੇਣਾ ਚਾਹੋਗੇ?
ਸਿੰਮੀ ਚਾਹਲ : ਜੇਕਰ ਤੁਸੀਂ ਪੰਜਾਬੀ ਹੋ ਅਤੇ ਤੁਹਾਡੀ ਮਾਂ ਬੋਲੀ ਪੰਜਾਬੀ ਹੈ, ਤਾਂ ਇਹ ਫਿਲਮ ਵੇਖਣਾ ਤੁਹਾਡਾ ਫ਼ਰਜ਼ ਬਣਦਾ ਹੈ। ਇਹ ਫਿਲਮ ਸਾਡੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਮਾਣ ਵਧਾਏਗੀ ਅਤੇ ਦਰਸ਼ਕਾਂ ਨੂੰ ਬਿਲਕੁਲ ਨਿਰਾਸ਼ ਨਹੀਂ ਕਰੇਗੀ। ਪੰਜਾਬੀ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਇਕ ਭਾਵਨਾ ਹੈ।
200 ਕਰੋੜ ਦੀ ਵਸੂਲੀ ਦਾ ਮਾਮਲਾ; ਜੈਕਲੀਨ ਨੂੰ ਮੁਲਜ਼ਮ ਬਣਾਉਣ ਦੀ ਮੰਗ ਅਦਾਲਤ ਨੇ ਠੁਕਰਾਈ
NEXT STORY