ਮੁੰਬਈ- ਆਪਣੀਆਂ ਫਿਲਮਾਂ ’ਚ ਸੰਵੇਦਨਸ਼ੀਲ ਵਿਸ਼ਿਆਂ, ਬਾਰੀਕੀਆਂ ਤੇ ਮਜ਼ਬੂਤ ਕਿਰਦਾਰਾਂ ਲਈ ਪਛਾਣੀ ਜਾਣ ਵਾਲੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਹੁਣ ਫਿਲਮ ‘ਦਾਇਰਾ’ ਲੈ ਕੇ ਦਰਸ਼ਕਾਂ ਵਿਚਕਾਰ ਆ ਰਹੀ ਹੈ। ਫਿਲਮ ’ਚ ਪ੍ਰਿਥਵੀਰਾਜ ਸੁਕੁਮਾਰਨ ਇਕ ਪੁਲਸ ਅਧਿਕਾਰੀ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫਿਲਮ ਦੇ ਟ੍ਰੇਲਰ ਨੇ ਕਹਾਣੀ ਨੂੰ ਲੈ ਕੇ ਦਰਸ਼ਕਾਂ ’ਚ ਉਤਸੁਕਤਾ ਵਧਾ ਦਿੱਤੀ ਹੈ। ‘ਦਾਇਰਾ’ 18 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨੂੰ ਲੈ ਕੇ ਡਾਇਰੈਕਟਰ ਮੇਘਨਾ ਗੁਲਜ਼ਾਰ ਤੇ ਐਕਟਰ ਪ੍ਰਿਥਵੀਰਾਜ ਸੁਕੁਮਾਰਨ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...
ਕਿਰਦਾਰ ਸਹੀ ਹੋਵੇ ਤਾਂ ਘੱਟ ਪਾਪੂਲਰ ਕਲਾਕਾਰ ਨੂੰ ਵੀ ਚੁਣਾਂਗੀ : ਮੇਘਨਾ
Q ਤੁਹਾਡੀਆਂ ਫਿਲਮਾਂ ’ਚ ਕਹਾਣੀ ਦੇ ਨਾਲ ਫ੍ਰੇਮ, ਮਿਊਜ਼ਿਕ ਤੇ ਡਿਟੇਲਿੰਗ ’ਤੇ ਵੀ ਕਾਫੀ ਧਿਆਨ ਦਿੱਤਾ ਜਾਂਦਾ ਹੈ। ਤੁਸੀਂ ਫਿਲਮਾਂ ਦੇ ਵਿਸ਼ੇ ਕਿਸ ਤਰ੍ਹਾਂ ਚੁਣਦੇ ਹੋ?
-ਮੇਰੇ ਟਾਪਿਕਸ ਮੈਨੂੰ ਚੁਣਦੇ ਹਨ। ਇਹ ਕੋਈ ਬਹੁਤ ਕਾਂਸ਼ੀਅਸ ਪ੍ਰੋਸੈੱਸ ਨਹੀਂ ਹੈ। ਕਿਸੇ ਤਰ੍ਹਾਂ ਇਹ ਕਹਾਣੀਆਂ ਖੁਦ ਮੇਰੇ ਕੋਲ ਆਉਂਦੀਆਂ ਹਨ। ਜਦੋਂ ਕੋਈ ਕਹਾਣੀ ਜਾਂ ਵਿਸ਼ਾ ਮੇਰੇ ਕੋਲ ਆਉਂਦਾ ਹੈ ਅਤੇ ਮੈਨੂੰ ਉਸ ’ਤੇ ਸੋਚਣ ਦੀ ਲੋੜ ਪੈਂਦੀ ਹੈ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਉਹ ਫਿਲਮ ਨਹੀਂ ਬਣਾਵਾਂਗੀ। ਪਰ ਜੇਕਰ ਪਹਿਲੀ ਵਾਰ ’ਚ ਹੀ ਮੇਰੇ ਅੰਦਰੋਂ ਆਉਂਦਾ ਹੈ ਕਿ ਹਾਂ, ਮੈਂ ਇਹ ਕਹਾਣੀ ਕਹਿਣੀ ਹੈ, ਤਾਂ ਫਿਰ ਮੈਂ ਉਸ ਨੂੰ ਬਣਾਉਂਦੀ ਹਾਂ।
Q ਤੁਹਾਡੀਆਂ ਫਿਲਮਾਂ ਅਕਸਰ ਗੰਭੀਰ ਤੇ ਡਾਰਕ ਵਿਸ਼ਿਆਂ ’ਤੇ ਹੁੰਦੀਆਂ ਹਨ। ਕੀ ਭਵਿੱਖ ’ਚ ਤੁਸੀਂ ਕੋਈ ਹਲਕੀ-ਫੁਲਕੀ ਫਿਲਮ ਕਰਨਾ ਚਾਹੋਗੇ?
-ਮੈਂ ਕਦੇ ‘ਨੈਵਰ’ ਨਹੀਂ ਕਹਿੰਦੀ। 12 ਸਾਲਾਂ ਤੋਂ ਮੈਂ ਮੁਸ਼ਕਿਲ, ਡਾਰਕ ਤੇ ਰੀਅਲ ਵਿਸ਼ਿਆਂ ’ਤੇ ਕੰਮ ਕਰ ਰਹੀ ਹਾਂ। ਮੈਂ ਬਹੁਤ ਸਮੇਂ ਤੋਂ ਕਹਿੰਦੀ ਆ ਰਹੀ ਹਾਂ ਕਿ ਹੁਣ ਕੁਝ ਆਸਾਨ ਕਰਨਾ ਚਾਹੁੰਦੀ ਹਾਂ। ‘ਰਾਜ਼ੀ’ ਤੋਂ ਬਾਅਦ ਵੀ ਮੈਂ ਇਹੋ ਕਿਹਾ ਸੀ ਪਰ ਫਿਰ ‘ਛਪਾਕ’ ਬਣਾ ਦਿੱਤੀ। ‘ਛਪਾਕ’ ਤੋਂ ਬਾਅਦ ਵੀ ਇਹੋ ਕਿਹਾ ਤੇ ਉਸ ਤੋਂ ਬਾਅਦ ‘ਸੈਮ ਬਹਾਦਰ’ ਕਰ ਲਈ। ਇਸ ਲਈ ਮੇਰੀ ਟੀਮ ਵੀ ਹੁਣ ਮੇਰੀ ਇਸ ਗੱਲ ’ਤੇ ਹੱਸਦੀ ਹੈ। ਪਰ ਅਸਲ ’ਚ ਮੈਂ ਕੁਝ ਆਸਾਨ ਕਰਨਾ ਚਾਹੁੰਦੀ ਹਾਂ। ਖਾਸਕਰ ਇਕ ਮੈਚਿਓਰ ਲਵ ਸਟੋਰੀ ਕਰਨਾ ਮੈਨੂੰ ਬਹੁਤ ਪਸੰਦ ਆਵੇਗਾ।
Q ‘ਦਾਇਰਾ’ ’ਚ ਕਾਸਟਿੰਗ ਕਾਫੀ ਵੱਖ ਤੇ ਵੰਨ-ਸੁਵੰਨੀ ਨਜ਼ਰ ਆ ਰਹੀ ਹੈ। ਤੁਸੀਂ ਕਲਾਕਾਰਾਂ ਦੀ ਚੋਣ ਕਿਸ ਤਰ੍ਹਾਂ ਕੀਤੀ?
-‘ਦਾਇਰਾ’ ਕਈ ਮੁੱਦਿਆਂ ਤੇ ਘਟਨਾਵਾਂ ਨੂੰ ਜੋੜ ਕੇ ਬਣਾਈ ਗਈ ਕਹਾਣੀ ਹੈ। ਮੈਂ ਇਸ ਨੂੰ ਕਿਸੇ ਇਕ ਰਾਜ ਜਾਂ ਖੇਤਰ ਤੱਕ ਸੀਮਤ ਨਹੀਂ ਕਰਨਾ ਚਾਹੁੰਦੀ ਸੀ। ਇਹ ਕਹਾਣੀ ਭਾਰਤ ਦੀ ਹੈ ਤੇ ਦੁਨੀਆ ’ਚ ਕਿਤੇ ਵੀ ਵਾਪਰ ਸਕਦੀ ਹੈ। ਇਸ ਲਈ ਫਿਲਮ ਦੀ ਕਾਸਟਿੰਗ ’ਚ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਝਲਕ ਦਿਖਾਉਣਾ ਜ਼ਰੂਰੀ ਸੀ। ਸਾਡੇ ਕੋਲ ਉੱਤਰ, ਦੱਖਣ, ਪੂਰਬ, ਬੰਗਾਲ, ਅਾਸਾਮ ਤੇ ਗੁਜਰਾਤ ਸਣੇ ਵੱਖ-ਵੱਖ ਖੇਤਰਾਂ ਦੇ ਕਲਾਕਾਰ ਹਨ। ਇਨ੍ਹਾਂ ਸਾਰੇ ਕਲਾਕਾਰਾਂ ਨੇ ਮਿਲ ਕੇ ਫਿਲਮ ਦੀ ਕਾਲਪਨਿਕ ਦੁਨੀਆ ਤੇ ਉਸ ਦੇ ਮਾਹੌਲ ਨੂੰ ਬਹੁਤ ਅਸਲ ਬਣਾਇਆ ਹੈ।
Q ਪ੍ਰਿਥਵੀਰਾਜ ਦੇ ਕਿਰਦਾਰ ‘ਰਮਨ’ ’ਚ ਉਨ੍ਹਾਂ ਨੇ ਅਜਿਹਾ ਕੀ ਜੋੜਿਆ, ਜੋ ਤੁਹਾਨੂੰ ਖਾਸ ਲੱਗਾ?
-ਉਨ੍ਹਾਂ ਨੇ ਰਮਨ ਦੇ ਕਿਰਦਾਰ ’ਚ ਬਹੁਤ ਜ਼ਿਆਦਾ ਇਸ਼ਾਰਿਆਂ ’ਚ ਗੱਲ ਕਹਿਣ ਵਾਲੀ ਪਰਤ ਜੋੜੀ ਹੈ। ਰਮਨ ਕਾਫੀ ਗ੍ਰੇ ਸਪੇਸ ’ਚ ਕੰਮ ਕਰਦਾ ਹੈ। ਅਜਿਹੇ ਕਿਰਦਾਰ ’ਚ ਤੁਸੀਂ ਹਮੇਸ਼ਾ ਉਹ ਨਹੀਂ ਕਹਿ ਸਕਦੇ ਜੋ ਤੁਹਾਡੇ ਮਨ ’ਚ ਹੈ ਅਤੇ ਨਾ ਹੀ ਹਮੇਸ਼ਾ ਉਹੋ ਮਤਲਬ ਹੁੰਦਾ ਹੈ ਜੋ ਤੁਸੀਂ ਕਹਿੰਦੇ ਹੋ। ਪ੍ਰਿਥਵੀਰਾਜ ਨੇ ਇਸੇ ਗੱਲ ਨੂੰ ਆਪਣੇ ਕਿਰਦਾਰ ’ਚ ਬਹੁਤ ਖੂਬਸੂਰਤੀ ਨਾਲ ਉਤਾਰਿਆ ਹੈ।
Q ਕੀ ਤੁਸੀਂ ਅਦਾਕਾਰਾਵਾਂ ਨੂੰ ਕਿਰਦਾਰ ਦੇ ਹਿਸਾਬ ਨਾਲ ਕਾਸਟ ਕਰਦੇ ਹੋ?
-ਮੈਂ ਕਿਸੇ ਕਲਾਕਾਰ ਨੂੰ ਉਸ ਦੀ ਲੋਕਪ੍ਰਿਯਤਾ ਜਾਂ ਸਟਾਰਡਮ ਦੇ ਆਧਾਰ ’ਤੇ ਕਾਸਟ ਨਹੀਂ ਕਰਦੀ। ਮੇਰੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਉਹ ਕਲਾਕਾਰ ਉਸ ਕਿਰਦਾਰ ਲਈ ਕਿੰਨਾ ਸਹੀ ਹੈ। ਜੇਕਰ ਕੋਈ ਕਲਾਕਾਰ ਪਾਪੂਲਰ ਨਹੀਂ ਹੈ, ਪਰ ਕਿਰਦਾਰ ਲਈ ਸਹੀ ਹੈ, ਤਾਂ ਮੈਂ ਉਸ ਨੂੰ ਜ਼ਰੂਰ ਕਾਸਟ ਕਰਾਂਗੀ। ਉਦਾਹਰਨ ਲਈ ‘ਰਾਜ਼ੀ’ ਵਿਚ ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਆਲੀਆ ਭੱਟ ਹੀ ਇਸ ਕਿਰਦਾਰ ਲਈ ਸਹੀ ਹੈ, ਕਿਉਂਕਿ ਉਸ ’ਚ ਭਾਵਨਾਤਮਕ ਕਮਜ਼ੋਰੀ, ਕੋਮਲਤਾ ਦੇ ਨਾਲ ਇਹ ਭਰੋਸਾ ਵੀ ਹੋਣਾ ਸੀ ਕਿ ਉਹ ਲੋੜ ਪੈਣ ’ਤੇ ਕਿਸੇ ਦੀ ਜਾਨ ਲੈ ਸਕਦੀ ਹੈ। ਦੀਪਿਕਾ ਦੇ ਮਾਮਲੇ ’ਚ ਉਨ੍ਹਾਂ ਦੀ ਲਕਸ਼ਮੀ ਅੱਗਰਵਾਲ ਨਾਲ ਸਰੀਰਕ ਸਮਾਨਤਾ ਮੈਨੂੰ ਕਾਫੀ ਮਹੱਤਵਪੂਰਨ ਲੱਗੀ। ਇਸ ਲਈ ਉਹ ਕਿੰਨੀ ਵੱਡੀ ਸਟਾਰ ਹੈ ਜਾਂ ਉਸ ਨੇ ਪਹਿਲਾਂ ਕਿਸ ਤਰ੍ਹਾਂ ਦੇ ਰੋਲ ਕੀਤੇ ਹਨ, ਇਸ ਨਾਲ ਮੇਰੇ ਲਈ ਕੋਈ ਫਰਕ ਨਹੀਂ ਪਿਆ। ਇਸੇ ਤਰ੍ਹਾਂ ‘ਅਜੂਨੀ’ ਲਈ ਮੈਨੂੰ ਇਕ ਅਜਿਹੀ ਮਹਿਲਾ ਪੁਲਸ ਅਧਿਕਾਰੀ ਚਾਹੀਦੀ ਸੀ, ਜੋ ਇਸ ਕਿਰਦਾਰ ਨੂੰ ਇਕ ਵੱਖ ਤਰੀਕੇ ਨਾਲ ਦੇਖ ਸਕੇ। ਮੈਨੂੰ ਲੱਗਾ ਕਿ ਕਰੀਨਾ ਇਸ ਕਿਰਦਾਰ ਨੂੰ ਵੱਖਰੀ ਤਰ੍ਹਾਂ ਇੰਟਰਪ੍ਰੇਟ ਕਰੇਗੀ ਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ।
ਮੇਘਨਾ ਨੇ ਕਿਸੇ ਇਕ ਪੱਖ ਨੂੰ ਨਹੀਂ ਥੋਪਿਆ : ਪ੍ਰਿਥਵੀਰਾਜ ਸੁਕੁਮਾਰਨ
Q ‘ਦਾਇਰਾ’ ’ਚ ਤੁਹਾਡਾ ਕਿਰਦਾਰ ਕਾਫੀ ਗ੍ਰੇ ਹੈ। ਸਕ੍ਰਿਪਟ ਮਿਲਣ ’ਤੇ ਤੁਹਾਡਾ ਸਵਾਲ ਕੀ ਸੀ?
-ਮੈਂ ਅਤੇ ਮੇਘਨਾ ਹੋਟਲ ’ਚ ਮਿਲੇ ਸੀ। ਉਨ੍ਹਾਂ ਨੇ ਮੈਨੂੰ 45 ਮਿੰਟ ਤੋਂ ਇਕ ਘੰਟੇ ਤੱਕ ਫਿਲਮ ਦੀ ਨੈਰੇਸ਼ਨ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਸਕ੍ਰਿਪਟ ਦਿੱਤੀ। ਮੈਂ ਕਿਹਾ ਕਿ ਮੈਂ ਇਸ ਨੂੰ ਪੜ੍ਹ ਕੇ ਜਲਦੀ ਵਾਪਸ ਆਉਂਦਾ ਹਾਂ। ਉਸ ਸਮੇਂ ਮੇਰੀ ਪਤਨੀ ਸੁਪ੍ਰੀਆ ਦਾ ਜਨਮ ਦਿਨ ਸੀ ਤੇ ਮੇਘਨਾ ਨੇ ਮੈਨੂੰ ਕਿਹਾ ਕਿ ਜਨਮ ਦਿਨ ਖਰਾਬ ਨਾ ਕਰੋ, ਸਕ੍ਰਿਪਟ ਕੱਲ ਪੜ੍ਹ ਲੈਣਾ ਪਰ ਫਿਲਮ ਦਾ ਵਿਸ਼ਾ ਮੇਰੇ ਦਿਮਾਗ ’ਚ ਰਹਿ ਗਿਆ ਸੀ, ਇਸ ਲਈ ਮੈਂ ਉਸੇ ਸਮੇਂ ਇਸ ਨੂੰ ਪੜ੍ਹਣਾ ਚਾਹੁੰਦਾ ਸੀ।
Q ਸਕ੍ਰਿਪਟ ਪੜ੍ਹਦੇ ਸਮੇਂ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪ੍ਰਭਾਵਿਤ ਕਰ ਰਹੀ ਸੀ?
-ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਨੈਰੇਸ਼ਨ ’ਚ ਜੋ ਗੱਲ ਮੇਘਨਾ ਨੇ ਕਹੀ ਹੈ, ਉਹ ਸਕ੍ਰਿਪਟ ’ਚ ਵੀ ਉਸੇ ਤਰ੍ਹਾਂ ਮੌਜੂਦ ਹੈ ਜਾਂ ਨਹੀਂ। ਮੈਨੂੰ ਲੱਗਾ ਕਿ ਫਿਲਮ ’ਚ ਦੋ ਵੱਖ-ਵੱਖ ਨਜ਼ਰੀਏ ਹਨ ਤੇ ਇਕ ਫਿਲਮਮੇਕਰ ਦੇ ਤੌਰ ’ਤੇ ਮੇਘਨਾ ਕਿਸੇ ਇਕ ਪੱਖ ਨੂੰ ਥੋਪਦੀ ਨਹੀਂ ਹੈ। ਦੋਵਾਂ ਪੱਖਾਂ ਨੂੰ ਬਹੁਤ ਮਜ਼ਬੂਤੀ ਤੇ ਸੰਵੇਦਨਸ਼ੀਲਤਾ ਨਾਲ ਰੱਖਿਆ ਗਿਆ ਹੈ। ਇਹੋ ਗੱਲ ਮੈਨੂੰ ਸਕ੍ਰਿਪਟ ’ਚ ਬਹੁਤ ਚੰਗੀ ਲੱਗੀ। ਫਿਲਮ ਦੇਖਣ ਤੋਂ ਬਾਅਦ ਦਰਸ਼ਕ ਵੀ ਖੁਦ ਤੋਂ ਸਵਾਲ ਕਰਨਗੇ ਕਿ ਆਖਰ ਸਹੀ ਕੌਣ ਹੈ ਤੇ ਗਲਤ ਕੌਣ।
Q ਫਿਲਮ ਦੇ ਤੁਰੰਤ ਰਿਵਿਊ ਕੀ ਤੁਹਾਨੂੰ ਪ੍ਰਭਾਵਿਤ ਕਰਦੇ ਹਨ?
-ਇਕ ਕਲਾਕਾਰ ਦੇ ਤੌਰ ’ਤੇ ਮੈਨੂੰ ਇਸ ਗੱਲ ਤੋਂ ਪ੍ਰੇਸ਼ਾਨੀ ਨਹੀਂ ਹੈ ਕਿ ਕਿਸੇ ਨੂੰ ਫਿਲਮ ਪਸੰਦ ਆਈ ਜਾਂ ਨਹੀਂ। ਹਰ ਵਿਅਕਤੀ ਨੂੰ ਆਪਣੀ ਰਾਏ ਰੱਖਣ ਦਾ ਪੂਰਾ ਹੱਕ ਹੈ। ਮੈਨੂੰ ਸਿਰਫ ਉਸ ਜਲਦਬਾਜ਼ੀ ਤੋਂ ਸਮੱਸਿਆ ਹੈ, ਜਿਸ ਵਿਚ ਲੋਕ ਫਿਲਮ ਖਤਮ ਹੁੰਦੇ ਹੀ ਸਭ ਤੋਂ ਪਹਿਲਾਂ ਰਿਵਿਊ ਦੇਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਫਿਲਮ ਖਤਮ ਹੋਣ ਦੇ ਕੁਝ ਸੈਕੰਡ ਬਾਅਦ ਹੀ ਰਿਵਿਊ ਸਾਹਮਣੇ ਆ ਜਾਂਦਾ ਹੈ। ਮੇਰੀ ਸਿਰਫ ਇੰਨੀ ਗੁਜ਼ਾਰਿਸ਼ ਹੈ ਕਿ ਫਿਲਮ ਦੇਖਣ ਤੋਂ ਬਾਅਦ ਥੋੜ੍ਹਾ ਸਮਾਂ ਦਿਓ ਤੇ ਸੋਚੋ ਕਿ ਤੁਸੀਂ ਕੀ ਦੇਖਿਆ ਹੈ।
Q ਕੀ ਦਰਸ਼ਕ ਦੂਜਿਆਂ ਦੇ ਰਿਵਿਊ ਤੋਂ ਫਿਲਮ ਦੇਖਣ ਦਾ ਫੈਸਲਾ ਕਰਦੇ ਹਨ?
-ਕਿਸੇ ਦੂਜੇ ਵਿਅਕਤੀ ਨੂੰ ਆਪਣੀ ਸੋਚ ਤੈਅ ਨਾ ਕਰਨ ਦਿਓ। ਹਰ ਰਿਵਿਊ ਸਿਰਫ ਉਸ ਵਿਅਕਤੀ ਦੀ ਰਾਏ ਹੈ। ਜੇਕਰ ਕਿਸੇ ਸਮੀਖਿਅਕ ਨੂੰ ਫਿਲਮ ਚੰਗੀ ਲੱਗੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਵੀ ਚੰਗੀ ਲੱਗੇਗੀ। ਫਿਲਮ ਦੇਖੋ, ਖੁਦ ਮਹਿਸੂਸ ਕਰੋ ਤੇ ਫਿਰ ਆਪਣੀ ਰਾਏ ਬਣਾਓ।
ਅਦਾਕਾਰ ਅਨੰਤ ਨਾਗ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
NEXT STORY